ਮੁਫਤ ਬਿਜਲੀ ਦਾ ਲਾਲਚ! ਇੱਕੋ ਘਰ 'ਚ ਲੱਗਣ ਲੱਗੇ 3-3 ਮੀਟਰ 

ਏਜੰਸੀ

ਖ਼ਬਰਾਂ, ਪੰਜਾਬ

ਨਵੇਂ ਬਿਜਲੀ ਮੀਟਰ ਲਗਾਉਣ ਲਈ ਮਿਲੀਆਂ 2.95 ਲੱਖ ਅਰਜ਼ੀਆਂ 

electricity

 

ਚੰਡੀਗੜ੍ਹ - ਪੰਜਾਬ ਵਿਚ 600 ਯੂਨਿਟ ਮੁਫ਼ਤ ਬਿਜਲੀ ਕਾਰਨ ਪਰਿਵਾਰ ਵੰਡੇ ਜਾ ਰਹੇ ਹਨ। ਜ਼ੀਰੋ ਬਿੱਲ ਦੇ ਲਾਲਚ ਕਰ ਕੇ ਇੱਕ ਘਰ ਵਿਚ ਤਿੰਨ-ਤਿੰਨ ਮੀਟਰ ਲੱਗਣੇ ਸ਼ੁਰੂ ਹੋ ਗਏ ਹਨ। ਸਿਰਫ਼ ਸੱਤ ਮਹੀਨਿਆਂ ਵਿਚ ਪੰਜਾਬ ਵਿਚ ਨਵੇਂ ਬਿਜਲੀ ਮੀਟਰ ਲਗਾਉਣ ਲਈ ਰਿਕਾਰਡ 2.95 ਲੱਖ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਸਥਿਤੀ ਇਹ ਹੈ ਕਿ ਪਾਵਰਕੌਮ ਦੇ ਦਫ਼ਤਰਾਂ ਵਿਚ ਬਿਜਲੀ ਮੀਟਰਾਂ ਲਈ ਬਿਨੈਕਾਰਾਂ ਦੀ ਭੀੜ ਇਕੱਠੀ ਹੋ ਰਹੀ ਹੈ। ਨਵੇਂ ਮੀਟਰ ਲਈ ਇਕ ਪੁੱਤ ਨੇ ਪਿਓ ਨਾਲ ਅਤੇ ਨੂੰਹ ਦੀ ਸੱਸ ਨਾਲ ਬਹਿਸ ਹੋਣ ਲੱਗੀ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਨਵਾਂ ਮੀਟਰ ਲਗਾਇਆ ਜਾ ਸਕੇ ਅਤੇ ਬਿਜਲੀ ਮੁਫਤ ਹੋ ਜਾਵੇ। 

1 ਜਨਵਰੀ ਤੋਂ ਸਤੰਬਰ 2022 ਤੱਕ ਪੰਜਾਬ ਵਿਚ ਨਵੇਂ ਕੁਨੈਕਸ਼ਨਾਂ ਦੀ ਗਿਣਤੀ 2.95 ਲੱਖ ਹੋ ਗਈ ਹੈ, ਜਦੋਂ ਕਿ ਪਿਛਲੇ ਸਾਲ ਇਨ੍ਹਾਂ ਮਹੀਨਿਆਂ ਵਿਚ ਇਹ ਗਿਣਤੀ 2.20 ਲੱਖ ਸੀ। ਇਨ੍ਹਾਂ ਮਹੀਨਿਆਂ ਵਿਚ ਨਵੇਂ ਕੁਨੈਕਸ਼ਨਾਂ ਦੀ ਗਿਣਤੀ ਵਿਚ 75000 ਦਾ ਵਾਧਾ ਹੋਇਆ ਹੈ। ਇਹ ਵਾਧਾ ਕਰੀਬ 34 ਫ਼ੀਸਦੀ ਹੈ। ਮੁਫ਼ਤ ਬਿਜਲੀ ਸਕੀਮ 1 ਜੁਲਾਈ ਤੋਂ ਲਾਗੂ ਹੋ ਗਈ ਹੈ। 

ਜੁਲਾਈ ਵਿਚ ਹੀ 38064 ਲੋਕਾਂ ਨੇ ਨਵੇਂ ਕੁਨੈਕਸ਼ਨਾਂ ਲਈ ਅਪਲਾਈ ਕੀਤਾ ਸੀ, ਜਦੋਂ ਕਿ ਪਿਛਲੇ ਸਾਲ ਜੁਲਾਈ ਵਿਚ ਇਹ ਗਿਣਤੀ 27778 ਸੀ। ਸਤੰਬਰ 2022 ਵਿੱਚ 34 ਹਜ਼ਾਰ ਲੋਕਾਂ ਨੇ ਨਵੇਂ ਮੀਟਰ ਲਗਵਾਉਣ ਲਈ ਸੰਪਰਕ ਕੀਤਾ, ਜਦੋਂ ਕਿ ਸਤੰਬਰ 2021 ਵਿਚ ਇਹ ਅੰਕੜਾ 24000 ਸੀ। ਸਤੰਬਰ ਵਿਚ 10,000 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਪੱਛਮੀ ਜ਼ੋਨ ਦੇ ਚਾਰ ਸਰਕਲਾਂ ਵਿਚ ਨਵੇਂ ਕੁਨੈਕਸ਼ਨਾਂ ਦੀ ਗਿਣਤੀ ਵਿਚ 65 ਫ਼ੀਸਦੀ ਦਾ ਵਾਧਾ ਹੋਇਆ ਹੈ, ਜਦੋਂ ਕਿ ਸਰਹੱਦੀ ਜ਼ੋਨ ਦੇ ਸਰਕਲਾਂ ਵਿਚ 39 ਫੀਸਦੀ ਦਾ ਵਾਧਾ ਹੋਇਆ ਹੈ। ਸਭ ਤੋਂ ਘੱਟ 17 ਫੀਸਦੀ ਨਵੀਆਂ ਅਰਜ਼ੀਆਂ ਉੱਤਰੀ ਖੇਤਰ ਵਿਚ ਆਈਆਂ ਹਨ।