NIA Raid in Punjab: ਪੰਜਾਬ ਵਿਚ ਕਈ ਥਾਵਾਂ 'ਤੇ NIA ਦੀ ਰੇਡ, ਅੰਮ੍ਰਿਤਪਾਲ ਸਿੰਘ ਦੇ ਕਰੀਬੀ ਦੇ ਘਰ ਵੀ ਪਹੁੰਚੀਆਂ ਟੀਮਾਂ
ਕੌਮੀ ਜਾਂਚ ਏਜੰਸੀ ਨੇ ਮੋਗਾ ਦੇ ਚੜਿੱਕ ਨੇੜੇ ਝੰਡੇਵਾਲਾ ਵਿਚ ਗੁਰਲਾਭ ਸਿੰਘ ਦੇ ਘਰ ਛਾਪਾ ਮਾਰਿਆ।
NIA Raid in Punjab: ਕੌਮੀ ਜਾਂਚ ਏਜੰਸੀ ਵਲੋਂ ਪੰਜਾਬ ਵਿਚ ਕਈ ਥਾਵਾਂ ਉਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਬੁਧਵਾਰ ਸਵੇਰੇ ਕੌਮੀ ਜਾਂਚ ਏਜੰਸੀ ਨੇ ਮੋਗਾ ਦੇ ਚੜਿੱਕ ਨੇੜੇ ਝੰਡੇਵਾਲਾ ਵਿਚ ਗੁਰਲਾਭ ਸਿੰਘ ਦੇ ਘਰ ਛਾਪਾ ਮਾਰਿਆ।
ਇਸ ਮੌਕੇ ਐਨਆਈਏ ਦੇ ਨਾਲ ਮੋਗਾ ਪੁਲਿਸ ਵੀ ਮੌਜੂਦ ਰਹੀ। ਟੀਮ ਨੇ ਗੁਰਲਾਭ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਤੋਂ ਕਰੀਬ ਢਾਈ ਘੰਟੇ ਪੁੱਛਗਿੱਛ ਕੀਤੀ। ਹਰਪ੍ਰੀਤ ਕੌਰ ਮੁਤਾਬਕ ਉਸ ਦਾ ਪਤੀ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ। ਐਨਆਈਏ ਨੇ ਉਨ੍ਹਾਂ ਨੂੰ 24 ਨਵੰਬਰ ਨੂੰ ਚੰਡੀਗੜ੍ਹ ਬੁਲਾਇਆ ਹੈ।
ਹਰਪ੍ਰੀਤ ਕੌਰ ਨੇ ਦਸਿਆ ਕਿ ਉਪ ਅਪਣੇ ਪਤੀ ਦੇ ਪੇਜ ਉਤੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਹਨ। ਟੀਮ ਨੇ ਉਨ੍ਹਾਂ ਨੂੰ ਵਿਦੇਸ਼ਾਂ ਵਿਚ ਸੰਪਰਕ ਸਬੰਧੀ ਸਵਾਲ ਵੀ ਕੀਤੇ। ਇਸ ਤੋਂ ਇਲਾਵਾ ਬਘੇਲ ਸਿੰਘ ਨਾਲ ਸਬੰਧਾਂ ਬਾਰੇ ਵੀ ਪੁਛਗਿਛ ਕੀਤੀ ਗਈ। ਹਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸੇ ਤੋਂ ਕੋਈ ਫੰਡਿੰਗ ਨਹੀਂ ਆਈ ਹੈ।
NIA Raid
ਬਟਾਲਾ ਵਿਚ ਵੀ ਪਹੁੰਚੀ ਟੀਮ
ਇਸ ਤੋਂ ਇਲਾਵਾ ਬਟਾਲਾ ਪੁਲਿਸ ਅਧੀਨ ਪੈਂਦੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਬੋਲੇਵਾਲ ਵਿਚ ਕਿਰਪਾਲ ਸਿੰਘ ਦੇ ਘਰ ਵੀ ਐਨਆਈਏ ਦੀ ਟੀਮ ਪਹੁੰਚੀ। ਦਸਿਆ ਜਾ ਰਿਹਾ ਹੈ ਕਿ ਕਿਰਪਾਲ ਸਿੰਘ, ਅੰਮ੍ਰਿਤਪਾਲ ਸਿੰਘ ਦਾ ਸਾਥੀ ਹੈ। ਜਾਂਚ ਏਜੰਸੀ ਦੀ ਟੀਮ ਵਲੋਂ ਅਜੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।
NIA Raid at Batala
ਖੰਨਾ ਵਿਚ ਵੀ ਰੇਡ
ਲੁਧਿਆਣਾ ਦੇ ਖੰਨਾ 'ਚ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਕਰੀਬੀ ਰਹੇ ਲੋਕ ਇਨਸਾਫ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਸੀਆਰ ਕੰਗ ਦੇ ਘਰ ਅਤੇ ਨਸ਼ਾ ਛੁਡਾਊ ਕੇਂਦਰ 'ਤੇ ਛਾਪਾ ਮਾਰਿਆ ਗਿਆ। ਮਿਲੀ ਜਾਣਕਾਰੀ ਅਨੁਸਾਰ ਐਨਆਈਏ ਦੀ ਟੀਮ ਸਵੇਰੇ ਕਰੀਬ 6 ਵਜੇ ਪਿੰਡ ਬਾਹੋਮਾਜਰਾ ਵਿਚ ਸੀਆਰ ਕੰਗ ਦੇ ਘਰ ਪਹੁੰਚੀ। ਉਥੇ ਕਰੀਬ 3 ਘੰਟੇ ਤਕ ਲੰਬੀ ਜਾਂਚ ਚੱਲਦੀ ਰਹੀ। ਕੰਗ ਦੇ ਵਿਦੇਸ਼ੀ ਸਬੰਧਾਂ ਦੀ ਜਾਂਚ ਕੀਤੀ ਗਈ। ਉਥੇ ਪੁੱਛਗਿੱਛ ਤੋਂ ਬਾਅਦ ਐਨਆਈਏ ਦੀ ਟੀਮ ਸੀਆਰ ਦੇ ਨਾਲ ਜੀਟੀ ਰੋਡ ਭੱਟੀਆਂ ਸਥਿਤ ਉਸ ਦੇ ਨਸ਼ਾ ਛੁਡਾਊ ਕੇਂਦਰ ਪਹੁੰਚੀ। ਇਥੇ ਵੀ ਕਰੀਬ ਅੱਧਾ ਘੰਟਾ ਜਾਂਚ ਚੱਲੀ। ਇਸ ਤੋਂ ਬਾਅਦ NIA ਦੀ ਟੀਮ ਰਵਾਨਾ ਹੋ ਗਈ।
ਦਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਇਸ ਦੌਰਾਨ ਪੰਜਾਬ ਅਤੇ ਹਰਿਆਣਾ 'ਚ 15 ਥਾਵਾਂ 'ਤੇ ਛਾਪੇਮਾਰੀ ਕੀਤੀ। ਹਰਿਆਣਾ ਦੇ ਕੁਰੂਕਸ਼ੇਤਰ 'ਚ ਮਠਿਆਈ ਦੀ ਦੁਕਾਨ ਦੇ ਮਾਲਕ ਦੇ ਘਰ ਦੀ ਜਾਂਚ ਕੀਤੀ ਗਈ। ਫਿਲਹਾਲ ਜਾਂਚ ਏਜੰਸੀ ਵਲੋਂ ਛਾਪੇਮਾਰੀ ਸਬੰਧੀ ਕੋਈ ਰਸਮੀ ਜਾਣਕਾਰੀ ਨਹੀਂ ਦਿਤੀ ਗਈ ਹੈ।
(For more news apart from NIA Raid in Moga and batala, stay tuned to Rozana Spokesman)