ਖਿਡਾਰੀਆਂ ਨੂੰ ਹਾਲੇ ਤਕ ਨਹੀਂ ਮਿਲੇ 'ਵਿਸ਼ਵ ਕਬੱਡੀ ਕੱਪ-2016' ਦੇ ਇਨਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਲ 2016 ਦਾ ਸਰਕਲ ਸਟਾਈਲ ਵਿਸ਼ਵ ਕਬੱਡੀ ਕੱਪ ਨੂੰ ਹੋਇਆਂ ਭਾਵੇਂ ਦੋ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ, ਪਰ ਪੰਜਾਬ ਸਰਕਾਰ ਨੇ ਉਸ ਦੌਰਾਨ...

ਕਬੱਡੀ ਖਿਡਾਰੀ

ਚੰਡੀਗੜ੍ਹ (ਭਾਸ਼ਾ) : ਸਾਲ 2016 ਦਾ ਸਰਕਲ ਸਟਾਈਲ ਵਿਸ਼ਵ ਕਬੱਡੀ ਕੱਪ ਨੂੰ ਹੋਇਆਂ ਭਾਵੇਂ ਦੋ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ, ਪਰ ਪੰਜਾਬ ਸਰਕਾਰ ਨੇ ਉਸ ਦੌਰਾਨ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੀਆਂ ਟੀਮਾਂ, ਖਿਡਾਰੀਆਂ ਤੇ ਕੋਚਾਂ ਨੂੰ ਹਾਲੇ ਤਕ ਇਨਾਮੀ ਰਾਸ਼ੀ ਜਾਰੀ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਵਿਸ਼ਵ ਕਬੱਡੀ ਕੱਪ ਦੀ ਸ਼ੁਰੂਆਤ ਸਾਬਕਾ ਉੱਪ-ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਲ 2010 ਵਿਚ ਕੀਤੀ ਸੀ। ਜਦਕਿ ਵਿਰੋਧੀ ਧਿਰ ਦਾ ਦੋਸ਼ ਸੀ ਕਿ ਇਹ ਕਬੱਡੀ ਕੱਪ ਸਿਰਫ਼ ਸਿਆਸੀ ਲਾਹਾ ਲੈਣ ਲਈ ਸ਼ੁਰੂ ਕੀਤਾ ਗਿਆ ਸੀ।

ਇਸ ਲਈ  ਸਾਲ 2017 ਦੌਰਾਨ ਸੱਤਾ ਵਿਚ ਆਉਣ ਤੋਂ ਬਾਅਦ ਕਾਂਗਰਸ ਸਰਕਾਰ ਨੇ ਇਹ ਵਿਸ਼ਵ ਕੱਪ ਬੰਦ ਕਰਵਾ ਦਿਤਾ ਅਤੇ ਹਾਲੇ ਤਕ ਸਾਲ 2016 ਦੇ ਜੇਤੂਆਂ ਨੂੰ ਇਨਾਮੀ ਰਾਸ਼ੀ ਓਵੇਂ ਜਿਵੇਂ ਲਟਕ ਰਹੀ ਹੈ। ਪੰਜਾਬ ਕਬੱਡੀ ਐਸੋਸੀਏਸ਼ਨ ਦੇ ਚੀਫ਼ ਕੋਚ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹ ਇਨਾਮੀ ਰਾਸ਼ੀ ਜਾਰੀ ਕਰਨ ਸਬੰਧੀ ਕਈ ਵਾਰ ਅਧਿਕਾਰੀਆਂ ਨੂੰ ਬੇਨਤੀ ਕਰ ਚੁੱਕੇ ਹਨ, ਪਰ ਕੁੱਝ ਨਹੀਂ ਹੋ ਸਕਿਆ। ਮਰਦਾਂ ਦੇ ਸੈਕਸ਼ਨ 'ਚ ਜੇਤੂ ਟੀਮ ਨੂੰ 2 ਕਰੋੜ ਰੁਪਏ ਦਾ ਇਨਾਮ ਦਿਤਾ ਜਾਂਦਾ ਰਿਹਾ ਹੈ ਤੇ ਦੂਜੇ ਨੰਬਰ 'ਤੇ ਰਹਿਣ ਵਾਲੀ ਟੀਮ ਲਈ ਇਕ ਕਰੋੜ ਰੁਪਏ ਤੇ ਤੀਜੇ ਨੰਬਰ ਦੀ ਟੀਮ ਨੂੰ 50 ਲੱਖ ਰੁਪਏ ਮਿਲਦੇ ਰਹੇ ਹਨ।

ਇਸੇ ਤਰ੍ਹਾਂ ਔਰਤਾਂ ਦੇ ਸੈਕਸ਼ਨ ਵਿਚ ਜੇਤੂ ਟੀਮ ਨੂੰ 1 ਕਰੋੜ ਰੁਪਏ, ਦੂਜੇ ਨੰਬਰ ਵਾਲੀ ਟੀਮ ਨੂੰ 51 ਲੱਖ ਰੁਪਏ ਤੇ ਤੀਜੇ ਨੰਬਰ ਦੀ ਟੀਮ ਨੂੰ 30 ਲੱਖ ਰੁਪਏ ਦੇ ਇਨਾਮ ਦਿਤੇ ਜਾਂਦੇ ਸਨ ਪਰ ਹੁਣ ਸਰਕਾਰ ਨਵਾਂ ਕੱਪ ਤਾਂ ਕੀ ਕਰਵਾਉਣਾ ਸੀ ਸਗੋਂ ਉਨ੍ਹਾਂ ਨੂੰ ਪਿਛਲੇ ਇਨਾਮ ਵੀ ਨਹੀਂ ਦਿਤੇ ਜਾ ਰਹੇ। ਖਿਡਾਰੀਆਂ ਵਲੋਂ ਇਨਾਮੀ ਰਾਸ਼ੀ ਲੈਣ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਤਕ ਪਹੁੰਚ ਕਰਨ ਮਗਰੋਂ ਅਦਾਲਤ ਨੇ ਸੂਬਾ ਸਰਕਾਰ ਨੂੰ 10 ਦਸੰਬਰ ਨੂੰ ਹੁਕਮ ਜਾਰੀ ਕਰਦਿਆਂ ਛੇ ਹਫ਼ਤਿਆਂ ਦੇ ਅੰਦਰ-ਅੰਦਰ ਇਨਾਮੀ ਰਾਸ਼ੀ ਜਾਰੀ ਕਰਨ ਦਾ ਆਦੇਸ਼ ਦਿਤਾ ਸੀ,

ਜਿਸ ਤੋਂ ਬਾਅਦ ਖਿਡਾਰੀਆਂ ਨੂੰ ਇਨਾਮੀ ਰਾਸ਼ੀ ਮਿਲਣ ਦੀ ਹੁਣ ਕੁੱਝ ਆਸ ਬੱਝੀ ਹੈ, ਪਰ ਅਜੇ ਵੀ ਛੇ ਹਫ਼ਤਿਆਂ ਮਗਰੋਂ ਹੀ ਪਤਾ ਚੱਲੇਗਾ ਕਿ ਸਰਕਾਰ ਇਹ ਰਾਸ਼ੀ ਜਾਰੀ ਕਰਦੀ ਹੈ ਜਾਂ ਕੋਈ ਹੋਰ ਪੇਚ ਫਸਾਉਂਦੀ ਹੈ।