ਵੋਟਰਾਂ ਦਾ ਸਪੋਕਸਮੈਨ: ਦਿਲ ਖੋਲ ਕੇ ਬੋਲੇ ਦਾਖਾ ਦੇ ਵਾਸੀ, ਕੈਪਟਨ ਸੰਧੂ ਤੇ ਇਆਲੀ ਬਾਰੇ ਕੀਤੇ ਖੁਲਾਸੇ
ਇਲਾਕੇ ਦੇ ਲੋਕਾਂ ਨੇ ਕਿਹਾ ਕਿ ਕਾਂਗਰਸ ਆਗੂ ਕੈਪਟਨ ਸੰਦੀਪ ਸਿੰਘ ਸੰਧੂ ਲੋਕਾਂ ਵਿਚ ਵਿਚਰਦੇ ਹਨ। ਉਹਨਾਂ ਨੇ ਕਦੇ ਕਿਸੇ ’ਤੇ ਨਾਜਾਇਜ਼ ਪਰਚਾ ਨਹੀਂ ਕਰਵਾਇਆ
ਮੁੱਲਾਂਪੁਰ ਦਾਖਾ (ਚਰਨਜੀਤ ਸਿੰਘ ਸੁਰਖ਼ਾਬ): ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਸਾਰੀਆਂ ਪਾਰਟੀਆਂ ਸੱਤਾ ਵਿਚ ਆਉਣ ਲਈ ਲੋਕਾਂ ਨਾਲ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕਰ ਰਹੀਆਂ ਹਨ। ਸਿਆਸਤਨਦਾਨਾਂ ਵੱਲੋਂ ਲੋਕਾਂ ਦਾ ਦਿਲ ਜਿੱਤਣ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਇਸ ਵਾਰ ਸਿਆਸਤ ਬਹੁਤ ਭਖੀ ਹੋਈ ਹੈ ਅਤੇ ਇਸ ਵਾਰ ਲੋਕ ਕਿਸ ਨੂੰ ਅਪਣਾ ਮੁੱਖ ਮੰਤਰੀ ਚੁਣਨਗੇ ਅਤੇ ਕਿਹੜੀ ਪਾਰਟੀ ਤੋਂ ਲੋਕ ਨਾਰਾਜ਼ ਹਨ ਇਹ ਜਾਣਨ ਲਈ ਵੋਟਰਾਂ ਦੇ ਸਪੋਕਸਮੈਨ ਪ੍ਰੋਗਰਾਮ ਜ਼ਰੀਏ ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਹਲਕਾ ਮੁੱਲਾਂਪੁਰ ਦਾਖਾਂ ਤੋਂ ਗਰਾਊਂਡ ਰਿਪੋਰਟ ਕੀਤੀ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਲਕੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਐਚਐਸ ਫੂਲਕਾ ਨੂੰ ਵਿਧਾਇਕ ਚੁਣਿਆ, ਇਸ ਤੋਂ ਬਾਅਦ 2019 ਵਿਚ ਹੋਈਆਂ ਜ਼ਿਮਨੀ ਚੋਣਾਂ ਵਿਚ ਅਕਾਲੀ ਦਲ ਤੋਂ ਮਨਪ੍ਰੀਤ ਇਆਲੀ ਨੂੰ ਹਲਕਾ ਵਿਧਾਇਕ ਚੁਣਿਆ ਗਿਆ।
ਹਲਕਾ ਦਾਖਾ ਦੇ ਲੋਕਾਂ ਦਾ ਕਹਿਣਾ ਹੈ ਕਿ 2019 ਵਿਚ ਮਨਪ੍ਰੀਤ ਇਆਲੀ ਨੂੰ ਵਿਧਾਇਕ ਬਣਾਉਣ ਦਾ ਫੈਸਲਾ ਗਲਤ ਸਾਬਿਤ ਹੋਇਆ ਹੈ ਕਿਉਂਕਿ ਉਹਨਾਂ ਨੇ ਹਲਕੇ ਵਿਚ ਕੋਈ ਕੰਮ ਨਹੀਂ ਕੀਤਾ। ਹਲਕੇ ਦੇ ਲੋਕ ਮੌਜੂਦਾ ਸਰਕਾਰ ਤੋਂ ਵੀ ਨਾਰਾਜ਼ ਦਿਖਾਈ ਦੇ ਰਹੇ ਹਨ, ਉਹਨਾਂ ਦਾ ਕਹਿਣਾ ਹੈ ਕਿ ਹੁਣ ਉਹ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਗੇ। ਉਹਨਾਂ ਕਿਹਾ ਕਿ ਹੁਣ ਤੱਕ ਅਕਾਲੀਆਂ ਅਤੇ ਕਾਂਗਰਸੀਆਂ ਨੇ ਪੰਜਾਬ ’ਤੇ ਰਾਜ ਕੀਤਾ ਹੈ।
ਇਲਾਕੇ ਦੇ ਲੋਕਾਂ ਨੇ ਕਿਹਾ ਕਿ ਕਾਂਗਰਸ ਆਗੂ ਕੈਪਟਨ ਸੰਦੀਪ ਸਿੰਘ ਸੰਧੂ ਲੋਕਾਂ ਵਿਚ ਵਿਚਰਦੇ ਹਨ। ਉਹਨਾਂ ਨੇ ਕਦੇ ਕਿਸੇ ’ਤੇ ਨਾਜਾਇਜ਼ ਪਰਚਾ ਨਹੀਂ ਕਰਵਾਇਆ ਜਦਕਿ ਮਨਪ੍ਰੀਤ ਇਆਲੀ ਨੇ ਕਈ ਪਰਚੇ ਕਰਵਾਏ। ਇਲਾਕੇ ਵਿਚ ਕੈਪਟਨ ਸੰਧੂ, ਇਆਲੀ ਨਾਲੋਂ ਵਧੇਰੇ ਸਰਗਰਮ ਰਹਿੰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਚੰਨੀ ਚੋਣਾਂ ਤੋਂ ਪਹਿਲਾਂ ਡਰਾਮੇਬਾਜ਼ੀ ਕਰ ਰਹੇ ਹਨ। ਹਲਕਾ ਵਾਸੀਆਂ ਦਾ ਕਹਿਣਾ ਹੈ ਕਿ ਕਿਸਾਨ ਸਾਡੇ ਭਰਾ ਹਨ, ਜੇਕਰ ਉਹ ਪਾਰਟੀ ਬਣਾਉਂਦੇ ਹਨ ਤਾਂ ਉਹਨਾਂ ਦਾ ਸਾਥ ਜ਼ਰੂਰ ਦਿੱਤਾ ਜਾਵੇਗਾ। ਸਿਆਸਤਦਾਨ ਸਿਰਫ ਵੱਡੇ-ਵੱਡੇ ਦਾਅਵੇ ਕਰਦੇ ਹਨ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਬਹੁਤ ਕੰਮ ਕੀਤੇ, ਜੇਕਰ ਉਹਨਾਂ ਨੂੰ ਪੰਜਾਬ ਵਿਚ ਮੌਕਾ ਦਿੱਤਾ ਜਾਵੇ ਤਾਂ ਇੱਥੇ ਵੀ ਕੰਮ ਕਰਨਗੇ।
ਹਲਕੇ ਦੇ ਨੌਜਵਾਨਾਂ ਨੇ ਦੱਸਿਆ ਕਿ ਪਹਿਲਾਂ ਇੱਥੇ ਨਾਜਾਇਜ਼ ਪਰਚਿਆਂ ਦੀ ਸਮੱਸਿਆ ਬਹੁਤ ਜ਼ਿਆਦਾ ਸੀ ਪਰ ਹੁਣ ਇਸ ਵਿਚ ਕਮੀਂ ਆਈ ਹੈ। ਕੈਪਟਨ ਸੰਦੀਪ ਸੰਧੂ ਵਲੋਂ ਕਦੇ ਕਿਸੇ ਖਿਲਾਫ਼ ਨਾਜਾਇਜ਼ ਪਰਚਾ ਨਹੀਂ ਕਰਵਾਇਆ ਗਿਆ। ਹਲਕੇ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਵਲੋਂ ਕੀਤੇ ਗਏ ਐਲਾਨਾਂ ਵਿਚੋਂ 50 ਫੀਸਦ ਕੰਮ ਹੋਇਆ ਹੈ। ਉਹਨਾਂ ਦੱਸਿਆ ਕਿ ਲੋਕਾਂ ਦੇ ਬਿਜਲੀ ਬਿੱਲ ਮਾਫ ਹੋਏ ਹਨ, ਜਿਸ ਨਾਲ ਗਰੀਬ ਪਰਿਵਾਰਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ। ਪਿੰਡ ਦੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਿੰਡ ਵਿਚ ਕਾਲਜ ਹੋਣਾ ਚਾਹੀਦਾ ਹੈ ਤਾਂ ਜੋ ਪਿੰਡ ਦੀਆਂ ਕੁੜੀਆਂ ਨੂੰ ਉਚੇਰੀ ਸਿੱਖਿਆ ਲਈ ਕੋਈ ਮੁਸ਼ਕਿਲ ਨਾ ਆਵੇ। ਇਸ ਤੋਂ ਇਲਾਵਾ ਪਿੰਡ ਵਿਚ 5 ਜਮਾਤ ਤੋਂ ਬਾਅਦ ਕੋਈ ਸਕੂਲ ਨਹੀਂ ਹੈ, ਜਿਸ ਕਾਰਨ ਵਿਦਿਆਰਥੀਆਂ ਨੂੰ ਬਹੁਤ ਮੁਸ਼ਕਿਲ ਹੁੰਦੀ ਹੈ।