ਸਿੱਖ ਨੇ ਪੰਜਾਬ ਨੂੰ ਪਲਾਸਟਿਕ ਮੁਕਤ ਬਣਾਉਣ ਦਾ ਚੁੱਕਿਆ ਬੀੜਾ
ਪ੍ਰਦੂਸ਼ਣ ਘਟਾਉਣ ਲਈ ਪਤੀ-ਪਤਨੀ ਦਾ ਖ਼ਾਸ ਉਪਰਾਲਾ
ਮਾਨਸਾ: ਪੰਜਾਬ ‘ਚ ਵੱਧ ਰਹੇ ਪ੍ਰਦੂਸ਼ਣ ਦਾ ਮੁੱਖ ਕਾਰਨ ਜਿੱਥੇ ਪਲਾਸਟਿਕ ਦੇ ਲਿਫ਼ਾਫ਼ਿਆਂ ਨੂੰ ਮੰਨਿਆ ਜਾਂਦਾ ਹੈ ਉੱਥੇ ਹੀ ਮਾਨਸਾ ਦੇ ਗੁਰਦਰਸ਼ਨ ਸਿੰਘ ਇਸ ਪ੍ਰਦੂਸ਼ਣ ਨੂੰ ਘਟਾਉਣ ਲਈ ਇੱਕ ਖ਼ਾਸ ਯਤਨ ਕਰ ਰਹੇ ਹਨ। ਭਾਵੇਂ ਕਿ ਕਿ ਗੁਰਦਰਸ਼ਨ ਸਿੰਘ ਅਤੇ ਉਹਨਾਂ ਦੀ ਪਤਨੀ ਸਰਕਾਰੀ ਅਧਿਆਪਕ ਨੇ ਪਰ ਇਸ ਦੇ ਬਾਵਜੂਦ ਵੀ ਉਹ ਸਮਾਂ ਕੱਢ ਕੇ ਕੱਪੜੇ ਦੇ ਥੈਲੇ ਬਣਾ ਕੇ ਲੋਕਾਂ ਨੂੰ ਮੁਫ਼ਤ ਵੰਡਦੇ ਹਨ।
ਉਹਨਾਂ ਦਾ ਕਹਿਣਾ ਹੈ ਕਿ ਜੇ ਪਲਾਸਟਿਕ ਦੇ ਲਿਫਾਫੇ ਬੰਦ ਹੋ ਜਾਣਗੇ ਤਾਂ ਪ੍ਰਦੂਸ਼ਣ ਵੀ ਘਟ ਹੋ ਜਾਵੇਗਾ। ਉਹਨਾਂ ਨੂੰ ਲੋਕ ਲਿਫਾਫਿਆਂ ਵਾਲਾ ਬਾਬਾ ਕਹਿੰਦੇ ਹਨ। ਉਹਨਾਂ ਦੀ ਪਤਨੀ ਘਰ ਵਿਚ ਥੈਲੇ ਤਿਆਰ ਕਰਦੀ ਹੈ ਤੇ ਉਹ ਬਹੁਤ ਦੂਰ-ਦੂਰ ਤੋਂ ਲੋਕ ਥੈਲੇ ਬਣਾ ਕੇ ਦੇਣ ਵੀ ਲੱਗੇ ਹੋਏ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਇਸ ਸੇਵਾ ਤੋਂ ਸੰਤੁਸ਼ਟ ਹਨ। ਉਹਨਾਂ ਦੀ ਇਸ ਮੁਹਿੰਮ ਵਿਚ ਹੋਰ ਲੋਕਾਂ ਨੇ ਸਾਥ ਦੇਣਾ ਸ਼ੁਰੂ ਕਰ ਦਿੱਤਾ ਹੈ।
ਉਹਨਾਂ ਦੀ ਪਤਨੀ ਤੋਂ ਇਲਾਵਾ ਗੁਆਂਢ ਦੇ ਲੋਕ ਵੀ ਥੈਲੇ ਬਣਾਉਣ ਵਿਚ ਸਹਾਇਤਾ ਕਰਦੇ ਹਨ। ਗੁਰਦਰਸ਼ਨ ਸਿੰਘ ਨੇ ਅੱਗੇ ਦਸਿਆ ਕਿ ਉਹਨਾਂ ਦੇ ਸ਼ਹਿਰ ਵਿਚ ਸੀਵਰੇਜ ਬੰਦ ਹੋਣ ਦਾ ਮੁੱਖ ਕਾਰਨ ਪਲਾਸਟਿਕ ਹੀ ਹੈ। ਇਹ 200 ਸਾਲ ਤਕ ਗਲਦੇ ਨਹੀਂ ਜਿਸ ਨਾਲ ਵਾਤਾਵਾਰਨ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ ਅਤੇ ਇਸ ਨਾਲ ਬਿਮਾਰੀਆਂ ਵੀ ਜਨਮ ਲੈਂਦੀਆਂ ਹਨ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਲਾਸਟਿਕ ਛੱਡ ਕੇ ਰਵਾਇਤੀ ਥੈਲੇ ਅਪਣਾਉਣ ਤਾਂ ਜੋ ਸਮਾਜ ਵਿਚੋਂ ਪ੍ਰਦੂਸ਼ਣ ਘਟ ਕੀਤਾ ਜਾ ਸਕੇ।
ਭਾਵੇਂ ਸਰਕਾਰੀ ਵਿਭਾਗ ਪਲਾਸਟਿਕ ਦੇ ਲਿਫਾਫਿਆਂ 'ਤੇ ਸਖਤੀ ਨਹੀਂ ਕਰ ਰਿਹਾ ਪਰ ਹੁਣ ਲੋਕਾਂ ਨੇ ਹੀ ਪਲਾਸਟਿਕ ਦੇ ਲਿਫਾਫਿਆਂ ਦੇ ਬਦਲ ਦੇ ਤੌਰ 'ਤੇ ਕੱਪੜਿਆਂ ਦੇ ਬਣੇ ਥੈਲਿਆਂ ਨੂੰ ਵਰਤੇ ਜਾਣ ਬਾਰੇ ਜਾਗਰੂਕਤਾ ਮੁਹਿੰਮ ਛੇੜ ਦਿੱਤੀ ਹੈ। ਕੇਂਦਰ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਸਥਾਨਕ ਫੀਲਡ ਆਊਟਰੀਚ ਬਿਊਰੋ ਵੱਲੋਂ ਬੀਤੇ ਦਿਨ ਸਥਾਨਕ ਅਰਬਨ ਅਸਟੇਟ ਫੇਜ਼-2 ਦੀ ਸਬਜ਼ੀ ਮੰਡੀ 'ਚ ਪਲਾਸਟਿਕ ਦੇ ਲਿਫਾਫਿਆਂ ਦੇ ਵਿਰੋਧ 'ਚ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ।
ਬਿਊਰੋ ਦੇ ਫੀਲਡ ਪਬਲੀਸਿਟੀ ਅਧਿਕਾਰੀ ਰਾਜੇਸ਼ ਬਾਲੀ ਨੇ ਦੱਸਿਆ ਕਿ ਇਸ ਜਾਗਰੂਕਤਾ ਮੁਹਿੰਮ ਦੌਰਾਨ ਮੰਡੀ ਵਿਚ ਸਬਜ਼ੀ ਖਰੀਦਣ ਆਏ ਸੈਂਕੜੇ ਲੋਕਾਂ ਨੂੰ ਕੱਪੜਿਆਂ ਦੇ ਥੈਲੇ ਮੁਫਤ ਵੰਡੇ ਗਏ। ਆਮ ਲੋਕਾਂ ਵਿਚ ਵੀ ਪਲਾਸਟਿਕ ਦੇ ਲਿਫਾਫਿਆਂ ਪ੍ਰਤੀ ਨਫਰਤ ਦੇਖੀ ਗਈ। ਲੋਕਾਂ ਨੇ ਇਸ ਮੁਹਿੰਮ ਦੀ ਕਾਫੀ ਸ਼ਲਾਘਾ ਕੀਤੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।