ਰਾਮੂਵਾਲੀਆ ਨੇ PM Modi ਅਤੇ ਨਰਿੰਦਰ ਤੋਮਰ ਨੂੰ ਦੱਸਿਆ ‘ਜੇਬ ਕਤਰੇ’, ਗੱਲਬਾਤ ਦੌਰਾਨ ਖੋਲ੍ਹੇ ਕਈ ਭੇਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰ ਨੇ ਤਮਾਸ਼ਾ ਦੇਖਣ ਲਈ ਅੱਗ ਲਾਈ ਸੀ ਪਰ ਇਸ ‘ਚ ਉਸ ਦੀਆਂ ਬੇਈਮਾਨੀ ਦੀਆਂ ਯੋਜਨਾਵਾਂ ਸੜ ਕੇ ਸੁਆਹ ਹੋ ਗਈਆਂ- ਬਲਵੰਤ ਸਿੰਘ ਰਾਮੂਵਾਲੀਆ

Balwant Singh Ramoowalia

ਚੰਡੀਗੜ੍ਹ (ਨਵਦੀਪ ਕੌਰ): ਖੇਤੀ ਕਾਨੂੰਨਾਂ ਵਿਰੁੱਧ ਜਾਰੀ ਕਿਸਾਨੀ ਮੋਰਚੇ ਪ੍ਰਤੀ ਸਰਕਾਰ ਦੇ ਰਵੱਈਏ ‘ਤੇ ਸਾਬਕਾ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਰੋਜ਼ਾਨਾ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਸਰਕਾਰ ਦੇ ਅੜੀਅਲ ਰਵੱਈਏ ‘ਤੇ ਗੱਲ ਕਰਦਿਆਂ ਰਾਮੂਵਾਲੀਆ ਨੇ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਜੰਗ ਦਾ ਮੁਲਾਂਕਣ ਕੀਤਾ ਜਾਵੇ ਤਾਂ ਸਾਹਮਣੇ ਆਏਗਾ ਕਿ ਇਹ ਲੜਾਈ ਦੇਸ਼ ਦੀ ਸਰਕਾਰ ਤੇ ਭਾਰਤ ਦੀ ਆਰਥਿਕਤਾ ਖਾਣ ਵਾਲੇ ਲੁਟੇਰਿਆਂ ਖਿਲਾਫ ਹੈ। ਇਹ ਲੜਾਈ ਕਿਸਾਨਾਂ ਦੇ ਗਲ ਪਾਈ ਗਈ ਹੈ, ਕਿਸਾਨ ਕਿਸੇ ਨਾਲ ਨਹੀਂ ਲੜੇ।

ਉਹਨਾਂ ਕਿਹਾ ਕਿ ਜੇ ਖੇਤ ਦੀ ਰਾਖੀ ਵੇਲੇ ਕਿਸਾਨ ‘ਤੇ ਸ਼ੇਰ ਜਾਂ ਕੋਈ ਜਾਨਵਰ ਵੀ ਪੈ ਜਾਵੇ ਤਾਂ ਇਹ ਉਸ ਨੂੰ ਵੀ ਢਾਹ ਲੈਂਦੇ ਹਨ। ਹੁਣ ਸਰਕਾਰ ਫਸ ਗਈ ਹੈ ਕਿਸਾਨਾਂ ਨੇ ਸਰਕਾਰ ਨੂੰ ‘ਬੇਨਕਾਬ’ ਕਰ ਦਿੱਤਾ ਹੈ। ਕਾਰੋਬਾਰੀਆਂ ਸਬੰਧੀ ਗੱਲ ਕਰਦਿਆਂ ਬਲਵੰਤ ਸਿੰਘ ਨੇ ਕਿਹਾ ਕਿ ਕਾਰੋਬਾਰੀਆਂ ਨੇ ਪਹਿਲਾਂ ਜੰਗਲ ਖਾਧੇ, ਫਿਰ ਜੰਗਲ ‘ਚ ਰਹਿਣ ਵਾਲੇ ਕਬੀਲੇ ਖਾਧੇ, ਫਿਰ ਦੇਸ਼ ਦੀ ਆਰਥਿਕਤਾ ਖਾ ਲਈ। ਹੁਣ ਖੇਤੀ ਕਾਨੂੰਨਾਂ ਜ਼ਰੀਏ ਕਾਰੋਬਾਰੀ ਕਿਸਾਨਾਂ ਨੂੰ ਖਾਣ ਲਈ ਤਿਆਰ ਹਨ। ਪਰ ਕਿਸਾਨ ਬਹੁਤ ਮਜ਼ਬੂਤ ਹੈ। ਕਿਸਾਨ ਬਹੁਤ ਸ਼ਾਂਤਮਈ ਢੰਗ ਨਾਲ ਅਨੁਸ਼ਾਸਨ ਵਿਚ ਰਹਿ ਕੇ ਜ਼ੁਲਮ ਨੂੰ ਰੋਕਣ ਲਈ ਸੰਘਰਸ਼ ਕਰ ਰਹੇ ਹਨ।

ਬਲਵੰਤ ਰਾਮੂਵਾਲੀਆ ਦਾ ਕਹਿਣਾ ਹੈ ਕਿ ਇਸ ਸੰਘਰਸ਼ ਵਿਚ ਪੰਜਾਬ, ਹਰਿਆਣਾ, ਯੂਪੀ, ਮੱਧ ਪ੍ਰਦੇਸ਼, ਮਹਾਰਾਸ਼ਟਰ, ਝਾਰਖੰਡ ਤੋਂ ਇਲਾਵਾ ਤ੍ਰਿਪੁਰਾ, ਮਿਜ਼ੋਰਮ, ਮਣੀਪੁਰ, ਮੇਘਾਲਿਆ ਦੇ ਲੋਕ ਵੀ ਕਾਰੋਬਾਰੀਆਂ ਵਿਰੁੱਧ ਉੱਠ ਖੜ੍ਹੇ ਹੋਏ ਹਨ। ਉਹਨਾਂ ਕਿਹਾ ਕਿਸਾਨ ਜਥੇਬੰਦੀਆਂ ਦੇ ਆਗੂ ਵਧਾਈ ਦੇ ਪਾਤਰ ਹਨ ਕਿ ਉਹਨਾਂ ਨੇ ਇਸ ਮੁੱਦੇ ‘ਤੇ ਪੂਰੇ ਦੇਸ਼ ਨੂੰ ਇਕੱਠਾ ਕੀਤਾ। ਸਾਬਕਾ ਮੰਤਰੀ ਨੇ ਸਿਆਸੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਪਣੀਆਂ ਸਿਆਸੀ ਖੇਡਾਂ ਬੰਦ ਕਰ ਦੇਣ।

ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 40 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਭਰਾਵਾਂ ਵਾਂਗ ਅਪਣਾ ਪਿਆਰ ਦੇਣ ਤੇ ਉਹਨਾਂ ਲਈ ਅਰਦਾਸਾਂ ਕਰਨ। ਇਸ ਦੇ ਨਾਲ ਹੀ ਉਹਨਾਂ ਨੇ ਕਿਸਾਨ ਆਗੂਆਂ ਦਾ ਸਨਮਾਨ ਕਰਨ ਦੀ ਮੰਗ ਕੀਤੀ। ਬਲਵੰਤ ਸਿੰਘ ਰਾਮੂਵਾਲੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੂੰ ‘ਜੇਬ ਕਤਰੇ’ ਦੱਸਿਆ ਤੇ ਕਿਹਾ ਹੁਣ ਇਹ ਫੜ੍ਹੇ ਗਏ। ਰਾਮੂਵਾਲੀਆ ਨੇ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਨੇ ਸਾਬਿਤ ਕਰ ਦਿੱਤਾ ਕਿ ਜ਼ਾਲਮ ਕੌਣ ਹੈ।

ਉਹਨਾਂ ਕਿਹਾ ਸਰਕਾਰ ਨੇ ਇਹ ਅੱਗ ਤਮਾਸ਼ਾ ਦੇਖਣ ਲਈ ਲਗਾਈ ਸੀ ਪਰ ਇਸ ‘ਚ ਸਰਕਾਰ ਦੀਆਂ ਬੇਈਮਾਨੀ ਦੀਆਂ ਯੋਜਨਾਵਾਂ ਸੜ ਕੇ ਸੁਆਹ ਹੋ ਰਹੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਹੁਣ ‘ਫੇਲ’ ਹੋ ਚੁੱਕੇ ਹਨ। ਬਲਵੰਤ ਸਿੰਘ ਨੇ ਕਿਹਾ ਕਿ ਇੰਗਲੈਂਡ ਦੇ 200 ਐਮਪੀ, ਕੈਨੇਡਾ ਦੇ ਐਮਐਲਏ-ਐਮਪੀ, ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਮੈਂਬਰ, ਨਿਊਜ਼ੀਲੈਂਡ ਦੇ ਲੋਕ, ਦੁਨੀਆਂ ਭਰ ਦੇ ਫਿਲਾਸਫਰਾਂ ਨੇ ਕਿਹਾ ਕਿ ਭਾਰਤ ਵਿਚ ਕਿਸਾਨਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ। ਉਹਨਾਂ ਕਿਹਾ ਪੀਐਮ ਮੋਦੀ ਨੇ ਕਿਸਾਨੀ ਖੇਤਰ ਦੀਆਂ ਵੱਖ-ਵੱਖ ਸ਼੍ਰੇਣੀਆਂ ਨੂੰ ਇਕ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਦੀ ਮਕਬੂਲੀਅਤ ਵਧੀ ਨਹੀਂ ਸਗੋਂ ਘਟੀ ਹੈ।

ਸਾਬਕਾ ਮੰਤਰੀ ਨੇ ਕਿਹਾ ਕਿ ਉਹ ਤਿੰਨ ਵਾਰ ਪਾਰਲੀਮੈਂਟ ਵਿਚ ਮੈਂਬਰ ਰਹੇ ਪਰ ਕਦੀ ਵੀ ਜ਼ੁਬਾਨੀ ਵੋਟਾਂ ਨਾਲ ਫੈਸਲੇ ਨਹੀਂ ਹੁੰਦੇ। ਰਾਜ ਸਭਾ ‘ਚ ਕਾਨੂੰਨ ‘ਤੇ ਵੋਟਾਂ ਹੀ ਨਹੀਂ ਪਵਾਈਆਂ ਗਈਆਂ। ਉਹਨਾਂ ਕਿਹਾ ਇਹ ਕਾਨੂੰਨ ‘ਪੁਰਾਣੇ ਜ਼ਮਾਨੇ ਦੇ ਆਦਮਖੋਰ ਦੈਂਤ’ ਹਨ। ਬਲਵੰਤ ਸਿੰਘ ਰਾਮੂਵਾਲੀਆ ਨੇ ਗੱਲਬਾਤ ਦੌਰਾਨ ਸੀਐਲਯੂ (ਚੇਂਜ ਆਫ ਲੈਂਡ ਯੂਜ਼) ਦੀ ਠੱਗੀ ਬਾਰੇ ਅਹਿਮ ਖੁਲਾਸਾ ਕੀਤਾ। ਉਹਨਾਂ ਕਿਹਾ ਕਿ ਜਦੋਂ ਉਹ ਉੱਤਰ ਪ੍ਰਦੇਸ਼ ਵਿਚ ਅਖਿਲੇਸ਼ ਯਾਦਵ ਸਰਕਾਰ ਵਿਚ ਮੰਤਰੀ ਸਨ ਤਾਂ ਉਹਨਾਂ ਨੇ ਸਰਕਾਰ ਕੋਲ ਸੀਐਲਯੂ ‘ਤੇ ਧਿਆਨ ਦੇਣ ਦੀ ਮੰਗ ਰੱਖੀ। ਇਸ ਦੇ ਤਹਿਤ ਕਾਰਪੋਰੇਟ ਇਕੱਠੇ ਹੋ ਕੇ ਜ਼ਮੀਨ ਲੈ ਲੈਂਦੇ ਹਨ ਤੇ ਲੋਕਾਂ ਨੂੰ ਨੌਕਰੀਆਂ ਦੇਣ ਸਬੰਧੀ ਜਾਂ ਹੋਰ ਕਈ ਤਰ੍ਹਾਂ ਦੇ ਵਾਅਦੇ ਕੀਤੇ ਜਾਂਦੇ ਹਨ। ਇਸ ਤੋਂ ਬਾਅਦ ਚੇਂਜ ਆਫ ਲੈਂਡ ਯੂਜ਼ ਜ਼ਰੀਏ ਉਸੇ ਜ਼ਮੀਨ ‘ਤੇ ਮਹਿੰਗੇ ਫਲੈਟ ਆਦਿ ਬਣਾ ਦਿੱਤੇ ਜਾਂਦੇ ਹਨ। ਇਹ ਬਹੁਤ ਖਤਰਨਾਕ ਗੱਲ ਹੈ। ਇਸ ਦੀ ਪੜਤਾਲ ਹੋਣੀ ਚਾਹੀਦੀ ਹੈ।

ਗੱਲਬਾਤ ਦੌਰਾਨ ਬਲਵੰਤ ਰਾਮੂਵਾਲੀਆ ਨੇ ਭਾਰਤ ਦੇ ਲੋਕਾਂ, ਕਾਰਖਾਨੇਦਾਰਾਂ, ਜੱਜਾਂ, ਵਕੀਲਾਂ, ਕਾਰੋਬਾਰੀਆਂ ਆਦਿ ਨੂੰ ਸਵਾਲ ਕੀਤਾ ਕਿ ਕਦੀ ਉਹਨਾਂ ਨੂੰ ਦਰਦ ਮਹਿਸੂਸ ਹੋਇਆ ਕਿਉਂਕਿ ਕਿਸਾਨਾਂ ਦੀਆਂ ਜ਼ਮੀਨਾਂ ‘ਤੇ ਕਈ ਸਹੂਲਤਾਂ ਦਾ ਆਨੰਦ ਮਾਣ ਰਹੇ ਹਨ। ਉਹਨਾਂ ਕਿਹਾ ਫੌਜੀ ਛਾਉਣੀਆਂ, ਹਵਾਈ ਅੱਡੇ, ਲੱਖਾਂ ਕਿਲੋਮੀਟਰ ਰੇਲਵੇ ਟਰੈਕ, ਯੂਨੀਵਰਸਿਟੀਆਂ, ਕਾਲਜ, ਹਸਪਤਾਲ, ਸਰਕਾਰੀ ਇਮਾਰਤਾਂ, ਥਰਮਲ ਪਲਾਟ, ਹਾਈਕੋਰਟ ਜਾਂ ਸੁਪਰੀਮ ਕੋਰਟ ਦੀ ਬਿਲਡਿੰਗ, ਬਾਰ ਕਾਊਂਸਿਲ ਦੇ ਚੈਂਬਰ, ਵਿਧਾਨ ਸਭਾਵਾਂ ਦੀਆਂ ਇਮਾਰਤਾਂ, ਸਰਕਾਰੀ ਰਿਹਾਇਸ਼ਾਂ, ਰਾਜ ਸਭਾ ਤੇ ਲੋਕ ਸਭਾ ਦੀ ਇਮਾਰਤ, ਰਾਸ਼ਟਰਪਤੀ ਭਵਨ ਆਦਿ ਸਭ ਕੁੱਝ ਕਿਸਾਨਾਂ ਦੀਆਂ ਜ਼ਮੀਨਾਂ ‘ਤੇ ਉਸਾਰਿਆ ਗਿਆ ਹੈ।

ਇਸ ਤੋਂ ਇਲਾਵਾ ਪੂਰੇ ਦੇਸ਼ ਵਿਚ ਲੱਗੇ ਬਿਜਲੀ ਦੇ ਖੰਭੇ ਵੀ 80 ਤੋਂ 160 ਫੁੱਟ ਦੇ ਕਰੀਬ ਕਿਸਾਨਾਂ ਦੀਆਂ ਜ਼ਮੀਨਾਂ ਦੀ ਥਾਂ ਘੇਰਦੇ ਹਨ। ਸ਼੍ਰੋਮਣੀ ਅਕਾਲੀ ਦਲ ਬਾਰੇ ਬੋਲਦਿਆਂ ਰਾਮੂਵਾਲੀਆ ਨੇ ਕਿਹਾ ਕਿ ‘ਝੂਠੇ ਬੰਦੇ ਕੋਲੋਂ ਕਦੀ ਵੀ ਭਾਸ਼ਣ ਨਹੀਂ ਦੇ ਹੁੰਦਾ’। ਉਹਨਾਂ ਕਿਹਾ ਕਿਸਾਨੀ ਮੁੱਦੇ ‘ਤੇ ਅਕਾਲੀਆਂ ਦਾ ਸਟੈਂਡ ਸ਼ੁਰੂ ਤੋਂ ਹੀ ਅਸਪੱਸ਼ਟ ਸੀ, ਪਹਿਲਾਂ ਇਹ ਕਾਨੂੰਨ ਦੀ ਹਮਾਇਤ ਕਰ ਰਹੇ ਸੀ। ਇਹੀ ਕਾਰਨ ਹੈ ਕਿ ਹੋਰ ਸੂਬਿਆਂ ਦੇ ਮੰਤਰੀ ਵੀ ਉਹਨਾਂ ਤੋਂ ਕਿਨਾਰਾ ਕਰ ਰਹੇ ਹਨ।

ਉਹਨਾਂ ਕਿਹਾ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਦੇ ਮੈਂਬਰ ਅਨਿਲ ਘਨਵਤ ਦਾ ਕਹਿਣਾ ਹੈ ਕਿ ਸਾਢੇ 4 ਲੱਖ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਰਾਮੂਵਾਲੀਆਂ ਨੇ ਕਿਹਾ ਕਿ ਪੀਐਮ ਮੋਦੀ ਦੇ ਕਾਰਜਕਾਲ ਦੇ 7 ਸਾਲਾਂ ਵਿਚ ਕਰੀਬ 45000 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਜੇਕਰ ਇਹ ਕਾਨੂੰਨ ਲਾਗੂ ਹੁੰਦੇ ਹਨ ਤਾਂ ਹਰ ਰੋਜ਼ 45 ਲੱਖ ਕਿਸਾਨ ਖੁਦਕੁਸ਼ੀਆਂ ਕਰਨਗੇ, ਖੇਤਾਂ ਵਿਚ ਲਾਸ਼ਾਂ ਪਈਆਂ ਮਿਲਣਗੀਆਂ। ਉਹਨਾਂ ਕਿਹਾ ਬਾਬਾ ਬੰਦਾ ਸਿੰਘ ਬਹਾਦਰ ਨੇ 1620 ਦੇ ਕਰੀਬ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸੀ। ਪਰ ਹੁਣ ਸਰਕਾਰ ਕਿਸਾਨਾਂ ਕੋਲੋਂ ਜ਼ਮੀਨਾਂ ਦੀ ਮਲਕੀਅਤ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ।

ਉਹਨਾਂ ਕਿਹਾ ਕਿ ਸਾਰੇ ਮੈਂਬਰ ਪਾਰਲੀਮੈਂਟ ਵਿਚ ਸਵਾਲ ਕਰਨ ਕਿ 75 ਸਾਲਾਂ ਦੌਰਾਨ ਕਾਰੋਬਾਰੀਆਂ ਨੇ ਕਿੰਨੀਆਂ ਜ਼ਮੀਨਾਂ ਨੂੰ ਅਪਣੇ ਕਬਜ਼ੇ ਵਿਚ ਲਿਆ ਹੈ। ਰਾਮੂਵਾਲੀਆ ਨੇ ਕਿਹਾ ਕਿ ਇਹਨਾਂ ਕਾਨੂੰਨਾਂ ਦੇ ਲਾਗੂ ਹੋਣ ਤੋਂ ਬਾਅਦ ਹਰ ਰੋਜ਼ ਖੇਤੀਬਾੜੀ ਨਾਲ ਸਬੰਧਤ 50 ਕਰੋੜ ਲੋਕ ਬੇਰੁਜ਼ਗਾਰ ਹੋਣਗੇ। ਇਹਨਾਂ ਕਾਨੂੰਨਾਂ ਵਿਚੋਂ ਇਕ ਵੀ ਕਾਨੂੰਨ ਅਜਿਹਾ ਨਹੀਂ ਜੋ ਦੇਸ਼ ਲਈ ਲਾਹੇਵੰਦ ਹੋਵੇ। ਉਹਨਾਂ ਕਿਹਾ ਸਰਕਾਰ ਇਹਨਾਂ ਕਾਨੂੰਨਾਂ ਨੂੰ ਡੇਢ ਸਾਲ ਲਈ ਮੁਲਤਵੀ ਕਰਨ ਦਾ ਪ੍ਰਸਤਾਵ ਦੇ ਰਹੀ ਹੈ। ਕਿਸਾਨ ਕੋਈ ਭਿਖਾਰੀ ਨਹੀਂ, ਕਿਸਾਨ ਮੰਗਤਿਆਂ ਦਾ ਢਿੱਡ ਭਰਨ ਵਾਲੇ ਹਨ। ਸਰਕਾਰ ਅਜਿਹੀਆਂ ਗੱਲਾਂ ਕਰਕੇ ਕਿਸਾਨਾਂ ਅਤੇ ਉਹਨਾਂ ਦੇ ਪੁਰਖਿਆਂ ਦੀ ਕਮਾਈ ਦਾ ਅਪਮਾਨ ਕਰ ਰਹੀ ਹੈ। ਉਹਨਾਂ ਕਿਹਾ ਸਰਕਾਰ ਨੂੰ ਕਿਸਾਨਾਂ ਦੀ ਇਕ-ਇਕ ਮੰਗ ਮੰਨਣੀ ਪਵੇਗੀ।

ਅਖੀਰ ਵਿਚ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਬਲਬੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ ਚੜੂਨੀ ਅਤੇ ਰਾਕੇਸ਼ ਟਿਕੈਤ ਦੀਆਂ 40 ਜਥੇਬੰਦੀਆਂ ਨੂੰ ਦੇਸ਼ ਦੀਆਂ ਸਾਰੀਆਂ ਜਥੇਬੰਦੀਆਂ ਬੁੱਕਲ ਵਿਚ ਲੈਣ ਦੀ ਗੱਲ ਕਹੀ। ਉਹਨਾਂ ਨੇ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਕਿਸਾਨ ਸੰਤੁਸ਼ਟ ਨਾ ਹੋਇਆ ਤਾਂ ਭਗਵਾਨ ਸੰਤੁਸ਼ਟ ਨਹੀਂ ਹੋਵੇਗਾ। ਜੇ ਭਗਵਾਨ ਸੰਤੁਸ਼ਟ ਨਾ ਹੋਇਆ ਤਾਂ ਪਰਲੋ ਆਵੇਗੀ।