ਰੰਗ ਕਰਮੀ ਨਾਟਕਾਂ ਰਾਹੀਂ ਕਰ ਰਹੇ ਨੇ ਕਿਸਾਨੀ ਸੰਘਰਸ਼ ਦੀ ਹਮਾਇਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਰਥਕ ਰੰਗਮੰਚ ਪਟਿਆਲਾ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ...

Rang Karmi

ਪਟਿਆਲਾ: ਸਾਰਥਕ ਰੰਗਮੰਚ ਪਟਿਆਲਾ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਂਪਸ ਵਿਖੇ ਕਿਸਾਨੀ ਅੰਦੋਲਨ ਨੂੰ ਸਮਰਪਿਤ ਨੁੱਕੜ ਨਾਟਕ ਸਿੱਧਾ ਰਾਹ ਵਿੰਗਾ ਬੰਦਾ ਦੇ ਦੋ ਸ਼ੋਅ ਕੀਤੇ ਗਏ। ਪ੍ਰੋ. ਅਜਮੇਰ ਸਿੰਘ ਔਲਖ ਦੇ ਲਿਖੇ ਇਸ ਨਾਟਕ ਨੂੰ ਪ੍ਰਸਿੱਧ ਰੰਗਕਰਮੀ ਡਾ. ਲੱਖਾ ਲਹਿਰੀ ਨੇ ਨਿਰਦੇਸਿਤ ਕੀਤਾ ਹੈ। ਇਹ ਨਾਟਕ ਅਜੋਕੇ ਸਿਸਟਮ ‘ਤੇ ਕਰਾਰੀ ਚੋਟ ਕਰਦਾ ਹੈ।

ਲੋਕ ਤੰਤਰ ਦੇ ਚਾਰ ਥੰਮ ਬੁਰਜ਼ੂਆ ਜੂਡੀਸ਼ਰੀ, ਐਗਜੈਕਟਿਵ, ਡੈਮੋਕਰੇਸੀ ਤੇ ਮੀਡੀਆ ਕਿਵੇਂ ਕੁਝ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਦੇਸ਼ ਦੀ ਭੋਲੀ ਭਾਲੀ ਜਨਤਾ ਨੂੰ ਬਰਬਾਦ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਇਹ ਨਾਟਕ ਸੰਕੇਤਕ ਸ਼ੈਲੀ ਵਿੱਚ ਖੇਡਿਆ ਗਿਆ, ਜਿਸ ਵਿੱਚ ਭਾਰਤ ਨੂੰ ਇੱਕ ਪਾਤਰ ਦੇ ਰੂਪ ਵਿੱਚ ਪੇਸ਼ ਕੀਤਾ ਗਿਆ। ਭਰਤੂ ਨਾਂ ਦੇ ਇਸ ਪਾਤਰ ਨੂੰ ਕਿਵੇਂ ਭਾਰਤ ਸਿੰਘ ਸੋਨਪੰਛੀ ਤੋਂ ਭਰਤੂ ਬਣਾ ਕੇ ਰੱਖ ਦਿੱਤਾ ਹੈ। ਪਿਛਲੇ ਲੱਗਭੱਗ ਸੱਤਰ ਸਾਲਾਂ ਤੋਂ ਉਸ ਭਰਤੂ ਦਾ ਮਾਸ ਨੌਚਿਆ ਜਾ ਰਿਹਾ ਹੈ।

ਇਸ ਮਾਸ ਨੌਚਣ ਵਾਲੇ ਦ੍ਰਿਸ਼ ਨੇ ਲੋਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ। ਨਾਟਕ ਵਿੱਚ ਸੰਘਰਸ਼ ਨੂੰ ਇੱਕ ਪਾਤਰ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ, ਜਿਸਨੂੰ ਸਿਸਟਮ ਵਿੰਗਾ ਕਹਿੰਦਾ ਹੈ ਪਰ ਅਸਲ ਵਿੱਚ ਉਹ ਸਿੱਧਾ ਹੈ। ਉਸਨੂੰ ਵਿੰਗਾ ਕਰਨ ਦੀਆਂ ਕਈ ਅਸਫਲ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਕਿਉਂਕਿ ਸੱਚ ਚੜਦੇ ਸੂਰਜ ਦੀ ਲਾਲੀ ਵਾਂਗ ਹੈ ਜੋ ਕਦੇ ਕਤਲ ਨਹੀਂ ਹੁੰਦਾ। ਅੰਤ ਵਿੱਚ ਲਵਦੀਪ ਵੱਲੋਂ ਗਾਏ ਗੀਤ “ਐ ਚਾਨਣ ਦੇ ਕਾਤਲੋ ਕਿਉਂ ਭੁੱਲਾਂ ਕਰਦੇ, ਲੱਖਾਂ ਸੂਰਜ ਨੂੜ ਲਓ, ਇਹਨਾਂ ਰਹਿਣਾ ਚੜਦੇ।” ਰੰਗਮੰਚ ਦੇ ਮਝੇ ਹੋਏ ਕਲਾਕਾਰਾਂ ਨੇ ਇਸ ਪੇਸ਼ਕਾਰੀ ਨੂੰ ਲੋਕਾਂ ਲਈ ਯਾਦਗਾਰੀ ਬਣਾ ਦਿੱਤਾ।

ਕਲਾਕਾਰਾਂ ਵਿੱਚ ਦਲਜੀਤ ਡਾਲੀ, ਹਰਮੀਤ ਭੁੱਲਰ, ਫਤਹਿ ਸੋਹੀ, ਤੁਸ਼ਾਰ ਮੁੰਧ, ਦਮਨਪ੍ਰੀਤ, ਜਸ਼ਨਪ੍ਰੀਤ ਆਸ਼ਟਾ ਤੇ ਵਿਕਰਮ ਨੇ ਆਪਣੇ ਕਿਰਦਾਰਾਂ ਨੂੰ ਬਾਖੂਬੀ ਨਿਭਾਈਆਂ। ਸਾਰਥਕ ਰੰਗਮੰਚ ਦੇ ਸਕੱਤਰ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਇਹ ਇਸ ਨਾਟਕ ਦਾ ਅਠਾਰਵਾਂ ਸ਼ੋਅ ਸੀ। ਇਸ ਤੋਂ ਪਹਿਲਾਂ ਇਹ ਨਾਟਕ ਪੰਜਾਬ ਦੇ ਟੋਲ ਪਲਾਜ਼ਿਆਂ, ਸਿੰਘੂ ਬਾਰਡਰ, ਟਿੱਕਰੀ ਬਾਰਡਰ ਤੇ ਗਾਜ਼ੀਪੁਰ ਵੀ ਖੇਡਿਆ ਗਿਆ ਹੈ। ਕਿਸਾਨੀ ਸੰਘਰਸ਼ ਨਾਲ ਸੰਬੰਧਿਤ ਇਸ ਨਾਟਕ ਨੂੰ ਹਰ ਜਗਾ ਸਲਾਹਿਆ ਗਿਆ ਹੈ। ਇਹ ਸ਼ੋਅ ਅਗਲੇ ਦਿਨਾਂ ਵਿੱਚ ਵੀ ਜਾਰੀ ਰਹਿਣਗੇ।