ਮੁਹਾਲੀ ਕੰਜ਼ਿਊਮਰ ਕਮਿਸ਼ਨ ਨੇ ਸਕਾਈ ਰਾਕ ਸਿਟੀ ਸੁਸਾਇਟੀ ਨੂੰ ਲਗਾਇਆ 1.6 ਲੱਖ ਜੁਰਮਾਨਾ
41.29 ਲੱਖ ਰੁਪਏ ਲੈਣ ਦੇ ਬਾਵਜੂਦ ਨਹੀਂ ਦਿੱਤੇ ਮੈਂਬਰਾਂ ਨੂੰ ਪਲਾਟ
ਮੁਹਾਲੀ: ਜ਼ਿਲ੍ਹਾ ਖਪਤਕਾਰ ਕਮਿਸ਼ਨ ਨੇ ਸਕਾਈ ਰਾਕ ਸਿਟੀ ਵੈਲਫੇਅਰ ਸੁਸਾਇਟੀ ਨੂੰ ਹੁਕਮ ਜਾਰੀ ਕਰਕੇ 30 ਦਿਨਾਂ ਦੇ ਅੰਦਰ ਚਾਰ ਵੱਖ-ਵੱਖ ਮਾਮਲਿਆਂ ਵਿਚ 41 ਲੱਖ 29 ਹਜ਼ਾਰ ਰੁਪਏ 9 ਫੀਸਦੀ ਵਿਆਜ ਸਮੇਤ ਅਦਾ ਕਰਨ ਦਾ ਫੈਸਲਾ ਕੀਤਾ ਹੈ। ਚਾਰ ਕੇਸਾਂ ਵਿਚ ਸੁਸਾਇਟੀ ਖ਼ਿਲਾਫ਼ ਇਕ ਲੱਖ 60 ਹਜ਼ਾਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਸੁਸਾਇਟੀ ਦਾ ਡਾਇਰੈਕਟਰ ਨਵਜੀਤ ਸਿੰਘ ਕਰੋੜਾਂ ਦੇ ਘਪਲੇ ਵਿਚ ਪਹਿਲਾਂ ਹੀ ਨਾਭਾ ਜੇਲ੍ਹ ਵਿਚ ਬੰਦ ਹੈ।
ਇਹ ਵੀ ਪੜ੍ਹੋ: ਪੰਜਾਬ ਦਾ ਪੁੱਤਰ ਪੱਛਮੀ ਆਸਟ੍ਰੇਲੀਆ ਦੀ ਹਾਕੀ ਟੀਮ ’ਚ ਹੋਇਆ ਸ਼ਾਮਲ, ਨੈਸ਼ਨਲ ਚੈਂਪੀਅਨਸ਼ਿਪ ਵਿਚ ਲਵੇਗਾ ਹਿੱਸਾ
ਮਿਲੀ ਜਾਣਕਾਰੀ ਅਨੁਸਾਰ ਪਿੰਡ ਟੰਗੋਰੀ ਦੇ ਵਸਨੀਕ ਸਤੀਸ਼ ਕੁਮਾਰ, ਦਰਸ਼ਨ ਸਿੰਘ ਵਾਸੀ ਮਲੋਆ, ਹਰਪਾਲ ਸਿੰਘ ਵਾਸੀ ਫੇਜ਼-11, ਵਿਨੋਦ ਕੁਮਾਰ ਨਿਵਾਸੀ ਸੈਕਟਰ 21 ਚੰਡੀਗੜ੍ਹ ਨੇ ਅਦਾਲਤ ਵਿਚ ਕੇਸ ਦਾਇਰ ਕੀਤਾ ਸੀ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ 10-10 ਹਜ਼ਾਰ ਰੁਪਏ ਦੇ ਕੇ ਇਹ ਮੈਂਬਰਸ਼ਿਪ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਸੁਸਾਇਟੀ ਵੱਲੋਂ ਉਹਨਾਂ ਨੂੰ ਪਲਾਟ ਵੀ ਦਿੱਤੇ ਜਾਣੇ ਸਨ। ਇਸ ਦੇ ਬਦਲੇ ਚਾਰਾਂ ਨੇ ਵੱਖ-ਵੱਖ ਸਮੇਂ ਕ੍ਰਮਵਾਰ 14.25 ਲੱਖ, 6.35 ਲੱਖ, 10.84 ਲੱਖ, 9.85 ਲੱਖ ਰੁਪਏ ਅਦਾ ਕੀਤੇ ਪਰ ਮੁਲਜ਼ਮਾਂ ਨੇ ਪਲਾਟ ਨਹੀਂ ਦਿੱਤੇ। ਇੰਨਾ ਹੀ ਨਹੀਂ ਵਾਰ-ਵਾਰ ਪੈਸੇ ਮੰਗਣ ਦੇ ਬਾਵਜੂਦ ਸੁਸਾਇਟੀ ਨੇ ਪੈਸੇ ਵੀ ਵਾਪਸ ਨਹੀਂ ਕੀਤੇ।
ਇਹ ਵੀ ਪੜ੍ਹੋ: ਰਾਜਸਥਾਨ: ਟਰੱਕ ਅਤੇ ਕਾਰ ਦੀ ਟੱਕਰ 'ਚ ਹਰਿਆਣਾ ਦੇ 5 ਲੋਕਾਂ ਦੀ ਮੌਤ
ਇਸ 'ਤੇ ਆਪਣਾ ਫੈਸਲਾ ਸੁਣਾਉਂਦੇ ਹੋਏ ਅਦਾਲਤ ਨੇ ਮੁਲਜ਼ਮਾਂ ਨੂੰ 30 ਦਿਨਾਂ ਦੇ ਅੰਦਰ ਸਾਰਿਆਂ ਦੇ ਪੈਸੇ ਵਾਪਸ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਚਾਰ ਮਾਮਲਿਆਂ ਵਿਚ ਕ੍ਰਮਵਾਰ 50,000, 25,000, 50,000 ਅਤੇ 35,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।