ਸ਼ਰਾਬ ਮਾਫ਼ੀਆ ਤੇ ਸਰਕਾਰੀ ਦੀ ਮਿਲੀਭੁਗਤ ਨੇ ਪੰਜਾਬ ਦਾ ਬਚਪਨ ਕੀਤਾ ਤਬਾਹ : ਆਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਨੌਜਵਾਨ ਵਿਧਾਇਕ ਰੁਪਿੰਦਰ ਕੌਰ ਰੂਬੀ ਅਤੇ ਗੁਰਮੀਤ ਸਿੰਘ (ਮੀਤ ਹੇਅਰ) ਨੇ ਸੂਬੇ ਦੇ ਬੱਚਿਆਂ ਵਿਚ...

AAP

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਨੌਜਵਾਨ ਵਿਧਾਇਕ ਰੁਪਿੰਦਰ ਕੌਰ ਰੂਬੀ ਅਤੇ ਗੁਰਮੀਤ ਸਿੰਘ (ਮੀਤ ਹੇਅਰ) ਨੇ ਸੂਬੇ ਦੇ ਬੱਚਿਆਂ ਵਿਚ ਸ਼ਰਾਬ ਪੀਣ ਦੀ ਵੱਧ ਰਹੀ ਦਿਨ ਪ੍ਰਤੀ ਦਿਨ ਆਦਤ 'ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਇਸ ਮੁੱਦੇ ਵੱਲ ਸਰਕਾਰ ਦੀ ਬੇਧਿਆਨੀ ਨੂੰ ਸ਼ੱਕੀ ਦੱਸਿਆ। 'ਆਪ' ਦੇ ਮੁੱਖ ਦਫ਼ਤਰ ਤੋਂ ਜਾਰੀ ਪ੍ਰੈੱਸ ਬਿਆਨ ਵਿਚ 'ਆਪ' ਵਿਧਾਇਕ ਰੁਪਿੰਦਰ ਰੂਬੀ ਨੇ ਕਿਹਾ ਕਿ ਪਿਛਲੇ ਦਿਨੀਂ ਏਮਜ਼ ਵਲੋਂ ਜਾਰੀ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਸੂਬੇ 'ਚ 1.2 ਲੱਖ ਬੱਚੇ (10-17 ਸਾਲ) ਸ਼ਰਾਬ ਦਾ ਸੇਵਨ ਕਰਦੇ ਹਨ,

ਜੇਕਰ ਇਨ੍ਹਾਂ ਅੰਕੜਿਆਂ ਦੀ ਤੁਲਨਾ ਕੌਮਾਂਤਰੀ ਪੱਧਰ 'ਤੇ ਕੀਤੀ ਜਾਵੇ ਤਾਂ ਪੰਜਾਬ ਵਿਚ ਇਹ 3 ਗੁਣਾ ਜ਼ਿਆਦਾ ਹੈ। ਸੂਬੇ ਵਿਚ ਪੈਦਾ ਹੋ ਰਿਹਾ ਇਹ ਸੰਕਟ ਬਹੁਤ ਗੰਭੀਰ ਹੈ, ਕਿਉਂਕਿ ਇਸ ਨੇ ਸੂਬੇ ਦੇ ਭਵਿੱਖ ਨੂੰ ਖੋਰਾ ਲਾਉਣਾ ਸ਼ੁਰੂ ਕਰ ਦਿਤਾ ਹੈ। ਜਿਸ ਤੋਂ ਸਾਫ਼ ਹੋ ਕਿ ਪੰਜਾਬ ਤਬਾਹੀ ਵੱਲ ਵੱਧ ਰਿਹਾ ਹੈ ਅਤੇ ਸਰਕਾਰ ਚੁੱਪ ਬੈਠੀ ਹੈ। ਮੀਤ ਹੇਅਰ ਨੇ ਕਿਹਾ ਕਿ ਸਰਕਾਰ ਸਾਹਮਣੇ ਤੱਥ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕਰ ਰਹੀ,

ਕਿਉਂਕਿ ਸਰਕਾਰ ਤੇ ਸ਼ਰਾਬ ਮਾਫ਼ੀਆ ਮਿਲੀਭੁਗਤ ਨਾਲ ਕੰਮ ਕਰ ਰਹੇ ਹਨ। ਸਰਕਾਰ ਦੇ ਕੁੱਝ ਵੱਡੇ ਲੀਡਰ ਸ਼ਰਾਬ ਬਣਾਉਣ ਵਾਲੀਆਂ ਫ਼ੈਕਟਰੀਆਂ ਦੇ ਮਾਲਕ ਜਾਂ ਹਿੱਸੇਦਾਰ ਹਨ। ਜਿਸ ਕਰ ਕੇ ਸ਼ਰਾਬ ਮਾਫ਼ੀਆ ਸੱਤਾ 'ਤੇ ਭਾਰੂ ਹੈ ਅਤੇ ਕੋਈ ਸਖ਼ਤ ਕਾਨੂੰਨ ਜਾਂ ਪਾਲਿਸੀ ਨਹੀਂ ਲਾਗੂ ਹੋਣ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਾ ਖ਼ਤਮ ਕਰਨ ਦਾ ਦਾਅਵਾ ਕਰਨ ਵਾਲੀ ਕੈਪਟਨ ਸਰਕਾਰ ਅਪਣੀ ਅਸਫਲਤਾ ਮੰਨਦੇ ਹੋਏ ਏਮਜ਼ ਦੀ ਰਿਪੋਰਟ ਨੂੰ ਗੰਭੀਰਤਾ ਨਾਲ ਲੈਂਦੇ ਅਤੇ ਸਖ਼ਤ ਕਦਮ ਚੁੱਕਦੇ ਹੋਏ ਸ਼ਰਾਬ ਮਾਫ਼ੀਆ 'ਤੇ ਨਕੇਲ ਪਾਉਣੀ ਚਾਹੀਦੀ ਹੈ ਤਾਂ ਕੀ ਪੰਜਾਬ ਦਾ ਭਵਿੱਖ ਬਚ ਸਕੇ।