ਪੰਜਾਬ ਸਰਕਾਰ ਵਲੋਂ ਵਿਦੇਸ਼ਾਂ 'ਚ ਗ਼ੈਰ-ਕਾਨੂੰਨੀ ਪ੍ਰਵਾਸ ਰੋਕਣ ਲਈ ਕਾਨੂੰਨ ਬਣਾਇਆ ਜਾਵੇਗਾ : ਚੰਨੀ
ਪੰਜਾਬ ਦੇ ਨੌਜਵਾਨਾਂ ਦਾ ਗ਼ੈਰ-ਕਾਨੂੰਨੀ ਢੰਗ ਵਿਦੇਸ਼ਾਂ ਵਿਚ ਪ੍ਰਵਾਸ ਰੋਕਣ ਅਤੇ ਧੋਖੇਬਾਜ਼ ਟ੍ਰੈਵਲ ਏਜੰਟਾਂ ਦੇ ਸੋਸ਼ਣ ਤੋਂ ਬਚਾਉਣ ਬਚਾਉਣ ਲਈ ਪੰਜਾਬ...
ਚੰਡੀਗੜ੍ਹ : ਪੰਜਾਬ ਦੇ ਨੌਜਵਾਨਾਂ ਦਾ ਗ਼ੈਰ-ਕਾਨੂੰਨੀ ਢੰਗ ਵਿਦੇਸ਼ਾਂ ਵਿਚ ਪ੍ਰਵਾਸ ਰੋਕਣ ਅਤੇ ਧੋਖੇਬਾਜ਼ ਟ੍ਰੈਵਲ ਏਜੰਟਾਂ ਦੇ ਸੋਸ਼ਣ ਤੋਂ ਬਚਾਉਣ ਬਚਾਉਣ ਲਈ ਪੰਜਾਬ ਸਰਕਾਰ ਵਲੋਂ ਇਕ ਵਿਸ਼ੇਸ਼ ਕਾਨੂੰਨ ਬਣਾਇਆ ਜਾਵੇਗਾ। ਸੂਬਾ ਸਰਕਾਰ ਵਲੋਂ ਨੌਜਵਾਨਾਂ ਨਾਲ ਠੱਗੀਆਂ ਮਾਰਨ ਵਾਲੇ ਟ੍ਰੈਵਲ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਦੇ ਅਮਲ ਨੂੰ ਵੀ ਯਕੀਨੀ ਬਣਾਇਆ ਜਾਵੇਗਾ।
ਇਹ ਜਾਣਕਾਰੀ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਅਤੇ ਰੋਜ਼ਗਾਰ ਉੱਤਪਤੀ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਈ.ਟੀ.ਐਫ.ਟੀ ਕਾਲਜ ਵਿਖੇ ਕਰਵਾਈ ਜਾ ਰਹੀ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦੇ ਉਦਘਾਟਨ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਦਿਤੀ। ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਸਿੱਖਿਆ ਤੇ ਰੋਜ਼ਗਾਰ ਦੇ ਮੌਕਿਆਂ ਸਬੰਧੀ ਜਾਣੂ ਕਰਾਉਣ ਲਈ ਇਹ ਕਾਨਫਰੰਸ ਪੰਜਾਬ ਸਰਕਾਰ ਅਤੇ ਆਈ.ਸੀ.ਐਸ.ਆਈ ਦੇ ਸਾਂਝੇ ਯਤਨਾਂ ਨਾਲ ਆਯੋਜਿਤ ਕੀਤੀ ਗਈ ਹੈ।
ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਕਿਸੇ ਵੀ ਟ੍ਰੈਵਲ ਏਜੰਟ ਨੂੰ ਪੰਜਾਬ ਦੇ ਨੌਜਵਾਨਾਂ ਦੀ ਜਿੰਦਗੀ ਨਾਲ ਖਿਲਵਾੜ ਨਹੀਂ ਕਰਨ ਦੇਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਧੋਖੇਬਾਜ਼ ਏਜੰਟਾਂ ਦਾ ਸ਼ਿਕਾਰ ਹੋਣ ਤੋਂ ਬਚਾਉਣ ਅਤੇ ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਦੇ ਮੌਕੇ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਕਰੇਗੀ। ਚੰਨੀ ਨੇ ਅੱਗੇ ਦੱਸਿਆ ਕਿ ਸੂਬੇ ਦੇ ਨੌਜਵਾਨਾਂ ਨੂੰ ਵਿਦੇਸ਼ ਵਿਚ ਸਿੱਖਿਆ ਤੇ ਰੋਜ਼ਗਾਰ ਸਬੰਧੀ ਸਹਾਇਤਾ ਪ੍ਰਦਾਨ ਕਰਨ ਦੇ ਮੱਦੇਨਜ਼ਰ ਇਕ ਵਿਸ਼ੇਸ਼ ਸੈੱਲ ਵੀ ਬਣਾਇਆ ਜਾਵੇਗਾ।
ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਉਪਰਾਲਾ ਪੰਜਾਬੀ ਨੌਜਵਾਨਾਂ ਦੇ ਵਿਦੇਸ਼ਾਂ ਵਿਚ ਜਾਣ ਦੇ ਵਧ ਰਹੇ ਰੁਝਾਨ ਨੂੰ ਧਿਆਨ ਵਿਚ ਰੱਖਦਿਆਂ ਕੀਤਾ ਹੈ ਤਾਂ ਜੋ ਨਵੀਂ ਪੀੜੀ ਦੇ ਖੁਸ਼ਹਾਲ ਭਵਿੱਖ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਵੱਧ ਗਿਣਤੀ ਵਿਚ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾ ਸਕਣ। ਚੰਨੀ ਨੇ ਕਿਹਾ ਕਿ ਇਸ ਪ੍ਰਕਿਰਿਆ ਨਾਲ ਨਾ ਕੇਵਲ ਪੰਜਾਬੀ ਨੌਜਵਾਨਾਂ ਨੂੰ ਟ੍ਰੈਵਲ ਏਜੰਟਾਂ ਦੇ ਸ਼ੋਸ਼ਣ ਤੋਂ ਬਚਾਇਆ ਜਾ ਸਕੇਗਾ ਸਗੋਂ ਵਿਦੇਸ਼ਾਂ ਵਿੱਚ ਸਿੱਖਿਆ ਤੇ ਰੋਜ਼ਗਾਰ ਚੋਣ ਕਰਨ ਲਈ ਸਹੀ ਰਾਹ ਵੀ ਮਿਲੇਗਾ।
ਇਸ ਮੌਕੇ ਉੱਘੇ ਫਿਲਮਸਾਜ਼ ਤੇ ਪ੍ਰਸਿੱਧ ਸਿਨਮੈਟੋਗ੍ਰਾਫਰ ਮਨਮੋਹਨ ਸਿੰਘ ਤੇ ਮਸ਼ਹੂਰ ਅੰਤਰਰਾਸ਼ਟਰੀ ਬਾਡੀ ਬਿਲਡਰ ਤੇ ਫ੍ਰੀਸਟਾਈਲ ਰੈਸਲਰ ਹਰਪ੍ਰੀਤ ਸਿੰਘ ਰੋਬੋ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਨੇਡੀਅਨ ਕਾਂਸਲੇਟ ਤੋਂ ਸ਼੍ਰੀਮਤੀ ਲਿੰਡਾ, ਨਾਰਥ ਇੰਡੀਆ ਬ੍ਰਿਟਿਸ਼ ਕਾਊਂਸਲ ਦੇ ਡਾਇਰੈਕਟਰ ਸੀ੍ਰ ਟੌਮ, ਵਧੀਕ ਮੁੱਖ ਸਕੱਤਰ, ਗ੍ਰਹਿ ਮਾਮਲੇ, ਪੰਜਾਬ ਸ੍ਰੀ ਐਨਐਸ ਕਲਸੀ, ਸਕੱਤਰ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਸ੍ਰੀ ਡੀ.ਕੇ ਤਿਵਾੜੀ,
ਕਮਿਸ਼ਨਰ-ਕਮ- ਡਾਇਰੈਕਟਰ ਰੋਜ਼ਗਾਰ ਉੱਤਪਤੀ ਵਿਭਾਗ ਸ੍ਰੀ ਰਾਹੁਲ ਤਿਵਾੜੀ, ਭਾਰਤ ਸਰਕਾਰ ਦੇ ਵਿਦੇਸ਼ ਮੰਤਾਰਾਲਾ ਤੋਂ ਸੀਨੀਅਰ ਅਧਿਕਾਰੀ ਸ੍ਰੀ ਨਿਸ਼ੀਕਾਂਤ ਸਿੰਘ, ਜਨਰਲ ਮੈਨੇਜਰ, ਓਵਰਸੀਜ਼ ਮੈਨਪਾਵਰ ਕੰਪਨੀ ਆਂਦਰਾ ਪ੍ਰਦੇਸ਼ ਲਿਮਟਡ ਡਾ. ਕੇ.ਵੀ ਸਵਾਮੀ, ਡਾਇਰੈਕਟਰ ਜਨਰਲ ਆਈ.ਸੀ.ਐਸ.ਆਈ ਡਾ. ਗੁਲਸ਼ਨ ਕੁਮਾਰ ਅਤੇ ਆਈ.ਟੀ.ਐਫ.ਟੀ ਦੇ ਚੀਫ ਪੈਟਰਨ ਲੈਫਟੀਨੈਂਟ ਜਨਰਲ ਕੇਜੇ ਸਿੰਘ ਵੀ ਮੌਜੂਦ ਸਨ।