ਬਹਿਬਲ ਕਲਾਂ ਗੋਲੀਕਾਂਡ ਮਾਮਲੇ ’ਚ ਐਸਪੀ ਬਿਕਰਮਜੀਤ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਐਸਆਈਟੀ ਦੇ ਸ਼ਿਕੰਜੇ ਵਿਚ ਕਈ ਵੱਡੇ ਅਫ਼ਸਰ ਹਨ। ਗੋਲੀਕਾਂਡ ਨੂੰ ਲੈ ਕੇ ਹੁਣ ਤੱਕ ਹਰ ਪੁਲਿਸ...

Behbal Kalan Firing

ਚੰਡੀਗੜ੍ਹ : ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਐਸਆਈਟੀ ਦੇ ਸ਼ਿਕੰਜੇ ਵਿਚ ਕਈ ਵੱਡੇ ਅਫ਼ਸਰ ਹਨ। ਗੋਲੀਕਾਂਡ ਨੂੰ ਲੈ ਕੇ ਹੁਣ ਤੱਕ ਹਰ ਪੁਲਿਸ ਅਧਿਕਾਰੀ ਜੋ ਸਬੂਤ ਦੇ ਰਿਹਾ ਸੀ, ਉਹ ਹੁਣ ਝੂਠੇ ਲੱਗਣ ਲੱਗੇ ਹਨ। SP ਬਿਕਰਮਜੀਤ ਤੇ ਮੋਗਾ ਦੇ ਸਾਬਕਾ SSP ਚਰਨਜੀਤ ਸ਼ਰਮਾ ਤੋਂ ਲੈ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਇਹੀ ਤੱਥ ਦੇ ਰਹੇ ਸਨ ਕਿ ਬਹਿਬਲ ਕਲਾਂ ਵਿਚ ਪੁਲਿਸ ਵਲੋਂ ਗੋਲੀ ਲੋਕਾਂ ਦੇ ਐਕਸ਼ਨ ਤੋਂ ਬਾਅਦ ਚਲਾਈ ਗਈ ਸੀ।

ਪੁਲਿਸ ਵਲੋਂ ਬਕਾਇਦਾ ਪੁਲਿਸ ਦੀ ਜਿਪਸੀ ਉਤੇ ਸਿੱਖ ਸੰਗਤ ਵਲੋਂ ਗੋਲੀ ਚਲਾਉਣ ਦੀ ਵੀ ਗੱਲ ਕਹੀ ਗਈ, ਪਰ SIT ਦੀ ਤਫ਼ਤੀਸ਼ ਵਿਚ ਇਹ ਸਾਹਮਣੇ ਆਇਆ ਹੈ ਕਿ ਪੁਲਿਸ ਦੀ ਜਿਪਸੀ ਉਤੇ ਗੋਲੀ ਕਿਸੇ ਹੋਰ ਨੇ ਨਹੀਂ ਸਗੋਂ ਐੱਸਪੀ ਬਿਕਰਮਜੀਤ ਸਿੰਘ ਨੇ ਚਲਾਈ ਸੀ ਅਤੇ ਗੋਲੀ ਚਲਾਉਣ ਲਈ ਫ਼ਰੀਦਕੋਟ ਦੇ ਇਕ ਕਾਰ ਡੀਲਰ ਦੇ ਗੰਨਮੈਨ ਦੀ ਰਾਈਫ਼ਲ ਦਾ ਇਸਤੇਮਾਲ ਕੀਤਾ ਗਿਆ ਸੀ।

ਪੁਲਿਸ ਦੀ ਜਿਪਸੀ ਉਤੇ ਗੋਲੀ 12 ਬੋਰ ਦੀ ਰਾਈਫ਼ਲ ਵਿਚੋਂ ਚਲਾਈ ਗਈ ਸੀ, ਜੋ ਰਾਈਫ਼ਲ ਹੁਣ SIT ਨੇ ਬਰਾਮਦ ਕਰ ਲਈ ਹੈ। SIT ਦੇ ਇਸ ਖ਼ੁਲਾਸੇ ਤੋਂ ਬਾਅਦ ਹੁਣ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਨਾਮਜ਼ਦ SP ਬਿਕਰਮਜੀਤ ਸਿੰਘ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਸੂਤਰਾਂ ਮੁਤਾਬਕ SP ਬਿਕਰਮਜੀਤ ਦੇ ਨਜ਼ਦੀਕੀ ਤੇ ਫ਼ਰੀਦਕੋਟ ਵਾਸੀ ਨੇ ਗਵਾਹ ਵਜੋਂ ਗਵਾਹੀ ਦਿਤੀ ਹੈ

ਕਿ ਸਾਬਕਾ SSP ਚਰਨਜੀਤ ਸ਼ਰਮਾ ਦੀ ਐਸਕਾਰਟ ਜਿਪਸੀ ਉੱਪਰ SP ਬਿਕਰਮਜੀਤ ਸਿੰਘ ਨੇ ਹੀ ਫ਼ਰਜ਼ੀ ਫਾਇਰਿੰਗ ਕੀਤੀ ਸੀ। ਬਹਿਬਲ ਕਲਾਂ ਵਿਚ ਪੁਲਿਸ ਦੀ ਜਿਪਸੀ ਉਤੇ ਹੋਈ ਫਾਇਰਿੰਗ ਵਿਚ ਨਵੇਂ ਤੱਥ ਸਾਹਮਣੇ ਆਉਣ ਉਤੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਹੁਣ ਸੱਚ ਸਾਹਮਣੇ ਆ ਗਿਆ ਹੈ ਕਿ ਪੁਲਿਸ ਦੀ ਜਿਪਸੀ ਉਤੇ ਫਾਇਰਿੰਗ ਸਿੱਖ ਸੰਗਤ ਨੇ ਨਹੀਂ ਬਲਕਿ ਪੁਲਿਸ ਨੇ ਖ਼ੁਦ ਕੀਤੀ ਸੀ।