ਭਾਰਤ ਬੰਦ ਦਾ ਅਸਰ : ਪੰਜਾਬ 'ਚ ਥਮੀ ਟਰੇਨਾਂ ਦੀ ਰਫ਼ਤਾਰ, ਕਈ ਰਸਤੇ ਹੋਏ ਬੰਦ, ਯਾਤਰੀ ਪ੍ਰੇਸ਼ਾਨ!

ਏਜੰਸੀ

ਖ਼ਬਰਾਂ, ਪੰਜਾਬ

ਦਲਿਤ ਜਥੇਬੰਦੀਆਂ ਵਲੋਂ ਦਿਤਾ ਗਿਆ ਸੀ ਬੰਦ ਦਾ ਸੱਦਾ

file photo

ਜਲੰਧਰ : ਸੀਏਏ ਖਿਲਾਫ਼ ਦੇਸ਼ ਭਰ ਅੰਦਰ ਚੱਲ ਰਹੇ ਰੋਸ ਪ੍ਰਦਰਸ਼ਨਾਂ ਦਾ ਅਸਰ ਹੁਣ ਪੰਜਾਬ ਅੰਦਰ ਵੀ ਪੈਣਾ ਸ਼ੁਰੂ ਹੋ ਗਿਆ ਹੈ। ਪੰਜਾਬ ਦੀਆਂ ਦਲਿਤ ਜਥੇਬੰਦੀਆਂ ਵਲੋਂ ਸੀਏਏ ਅਤੇ ਰਾਖਵਾਂਕਰਨ ਖਿਲਾਫ਼ ਭਾਰਤ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ 'ਚ ਦਿੱਤੇ 23 ਫ਼ਰਵਰੀ ਦੇ ਭਾਰਤ ਬੰਦ ਦੇ ਸੱਦੇ ਤਹਿਤ ਅੱਜ ਜਲੰਧਰ-ਜੰਮੂ ਹਾਈਵੇ ਨੂੰ ਜਾਮ ਕਰ ਦਿਤਾ ਗਿਆ ਹੈ।

ਭਾਰਤ ਬੰਦ ਦਾ ਇਹ ਸੱਦਾ ਪਰਮੋਸ਼ਨ ਵਿਚ ਰਾਖਵੇਕਰਨ ਦੀ ਮੰਗ ਨੂੰ ਲੈ ਕੇ ਭੀਮ ਆਰਮੀ ਦੇ ਆਗੂ ਚੰਦਰਸ਼ੇਖਰ ਵਲੋਂ ਦਿਤਾ ਗਿਆ ਸੀ। ਇਸ ਬੰਦ ਦਾ ਅਸਰ ਪੰਜਾਬ ਦੇ ਕਈ ਹਿੱਸਿਆਂ ਵਿਚ ਵੇਖਣ ਨੂੰ ਮਿਲ ਰਿਹਾ ਹੈ।

ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਅੰਮ੍ਰਿਤਸਰ ਵਿਖੇ ਰੇਲਵੇ ਟਰੈਕ ਨੂੰ ਬੰਦ ਕਰ ਦਿਤਾ ਹੈ। ਇਸ ਤੋਂ ਇਲਾਵਾ ਹੁਸ਼ਿਆਰਪੁਰ ਤੋਂ ਜਲੰਧਰ ਜਾਣ ਵਾਲੇ ਰਸਤਿਆਂ 'ਤੇ ਵੀ ਜਾਮ ਵਰਗੀ ਸਥਿਤੀ ਬਣੀ ਹੋਈ ਹੈ। ਇਸ ਦਾ ਅਸਰ ਸ਼ਤਾਬਦੀ ਦੀਆਂ ਤਕਰੀਬਨ ਸਾਰੀਆਂ ਟਰੇਨਾਂ 'ਤੇ ਵੇਖਣ ਨੂੰ ਮਿਲ ਰਿਹਾ ਹੈ। ਇਸ ਦੀਆਂ ਸਾਰੀਆਂ ਗੱਡੀਆਂ ਦੋ ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਹਨ।

ਅੰਮ੍ਰਿਤਸਰ ਤੋਂ ਜਲੰਧਰ ਰਸਤੇ ਆਉਣ ਵਾਲੀਆਂ ਸਾਰੀਆਂ ਟਰੇਨਾਂ ਨੂੰ  ਹੁਣ ਤਰਨ ਤਾਰਨ ਵਾਲੇ ਰਸਤਿਓਂ ਆਉਣਾ ਪੈ ਰਿਹਾ ਹੈ। ਇਸ ਕਾਰਨ ਜਲੰਧਰ ਰੇਲਵੇ ਸਟੇਸ਼ਨ 'ਤੇ ਵੱਡੀ ਗਿਣਤੀ ਮੁਸਾਫ਼ਰਾਂ ਨੂੰ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹੈ। ਜਲੰਧਰ ਤੋਂ ਆਉਣ ਵਾਲੀਆਂ ਸਾਰੀਆਂ ਟਰੇਨਾਂ ਦੇ ਰਸਤੇ ਡਾਇਵਰਟ ਕਰ ਦਿਤੇ ਗਏ ਹਨ।

ਸੂਬੇ ਦੇ ਜ਼ਿਆਦਾਤਰ ਰੇਲਵੇ ਸਟੇਸ਼ਨ ਨੂੰ ਯਾਤਰੀਆਂ ਦਾ ਜਮਾਵੜਾ ਵਧਦਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀ ਨਾਗਰਿਕਤਾ ਸੋਧ ਕਾਨੂੰਨ, ਰਾਸ਼ਟਰੀ ਨਾਗਰਿਕ ਰਜਿਸਟਰਾਰ ਅਤੇ ਰਾਸ਼ਟਰੀ ਜਨਸੰਖਿਆ ਨੂੰ ਮਨਸੁਖ ਕਰਨ ਦੀ ਮੰਗ ਉਠਾ ਰਹੇ ਹਨ।

ਭੀਮ ਆਰਮੀ ਦੇ ਆਗੂ ਚੰਦਰਸੇਖ਼ਰ ਮੁਤਾਬਕ ਕੇਂਦਰ ਸਰਕਾਰ ਰਾਖਵਾਂਕਰਨ ਖੋਹਣ ਦੀ ਤਾਕ ਵਿਚ ਹੈ। ਭੀਮ ਆਰਮੀ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਹੁਕਮ ਲਿਆ ਕੇ ਸੁਪਰੀਮ ਕੋਰਟ ਦੇ ਰਾਖਵਾਂਕਰਨ 'ਤੇ ਦਿਤੇ ਫ਼ੈਸਲੇ ਨੂੰ ਨਾ ਬਦਲਿਆ ਤਾਂ ਉਹ ਪ੍ਰਦਰਸ਼ਨ ਨੂੰ ਵਿਆਪਕ ਰੂਪ ਦੇਣ ਤੋਂ ਗੁਰੇਜ਼ ਨਹੀਂ ਕਰਨਗੇ।