ਨੀਰੂ ਬਾਜਵਾ ਘਰ ਹੋਈ 'ਦੋ ਨੰਨੀਆਂ ਪਰੀਆਂ' ਦੀ ਆਮਦ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ 'ਖ਼ੁਸ਼ੀ'!
ਪਿਛਲੇ ਸਾਲ ਅਕਤੂਬਰ ਵਿਚ ਸਾਂਝੀ ਕੀਤੀ ਸੀ ਪ੍ਰੈਗਨੈਂਸੀ ਸਬੰਧੀ ਜਾਣਕਾਰੀ
ਚੰਡੀਗੜ੍ਹ : ਪ੍ਰਸਿੱਧ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਮੁੜ ਮਾਂ ਬਣ ਗਈ ਹੈ। ਉਨ੍ਹਾਂ ਦੇ ਘਰ ਹੁਣ ਦੋ ਨੰਨੀਆਂ ਪਰੀਆਂ ਦੀ ਆਮਦ ਹੋਈ ਹੈ। ਇਸ ਸਬੰਧੀ ਖੁਸ਼ੀ ਸਾਂਝੀ ਕਰਦਿਆਂ ਖੁਦ ਨੀਰੂ ਬਾਜਵਾ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕੀਤੀ ਹੈ।
ਨੀਰੂ ਬਾਜਵਾ ਨੇ ਇੰਸਟਾਗ੍ਰਾਮ 'ਤੇ ਕੇਕ ਦੀ ਤਸਵੀਰ ਸ਼ੇਅਰ ਕਰਦਿਆਂ ਦੋ ਨੰਨੀਆਂ ਪਰੀਆਂ ਦੇ ਨਾਂ ਸਾਂਝੇ ਕੀਤੇ ਹਨ। ਤਸਵੀਰ ਹੇਠ ਲਿਖੀ ਕੈਪਸ਼ਨ ਵਿਚ ਉਨ੍ਹਾਂ ਲਿਖਿਆ ਹੈ, ''ਵਾਹਿਗੁਰੂ ਦੀ ਕਿਰਪਾ ਨਾਲ ਸਾਡੇ ਘਰ 'ਚ ਦੋ ਹੋਰ ਰਾਜਕੁਮਾਰੀਆਂ ਆਈਆਂ ਹਨ। ਸਾਰਿਆਂ ਦੀਆਂ ਸ਼ੁੱਭਕਾਮਨਾਵਾਂ ਲਈ ਧੰਨਵਾਦ। ਆਲੀਆ ਅਤੇ ਅਕੀਰਾ ਕੌਰ ਜਵੰਧਾ ਧੰਨਵਾਦ ਸਾਨੂੰ ਸੁਣਨ ਲਈ।''
ਨੀਰੂ ਬਾਜਵਾ ਦੀਆਂ ਦੋਵੇਂ ਧੀਆਂ ਦੇ ਇਹ ਨਾਮ ਬਾਲੀਵੁੱਡ ਦੀਆਂ ਸਟਾਰਕਿੱਡਸ ਆਲੀਆ ਭੱਟ ਅਤੇ ਫ਼ਰਹਾਨ ਅਖਤਰ ਦੀ ਧੀ ਅਕੀਰਾ ਅਖ਼ਤਰ ਨਾਲ ਵੀ ਮਿਲਦੇ-ਜੁਲਦੇ ਹਨ।
ਦੱਸ ਦਈਏ ਕਿ ਨੀਰੂ ਬਾਜਵਾ ਨੇ ਅਪਣੇ ਪ੍ਰਸ਼ੰਸਕਾਂ ਨੂੰ ਪਿਛਲੇ ਸਾਲ ਅਕਤੂਬਰ 'ਚ ਪ੍ਰੈਗਨੈਂਸੀ ਸਬੰਧੀ ਜਾਣਕਾਰੀ ਦਿਤੀ ਸੀ। ਉਸ ਸਮੇਂ ਉਨ੍ਹਾਂ ਨੇ ਇਸ ਵਾਰ ਜੁੜੇ ਬੱਚੇ ਹੋਣ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਸੀ।
ਨੀਰੂ ਬਾਜਵਾ ਅਤੇ ਉਨ੍ਹਾਂ ਦੇ ਪਤੀ ਹੈਰੀ ਜਵੰਧਾ ਦੀ ਪਹਿਲਾਂ ਵੀ ਇਕ ਧੀ ਅਨਾਯਾ ਕੌਰ ਜਵੰਧਾ ਹੈ। ਸਾਲ 2015 ਵਿਚ ਪੈਦਾ ਹੋਈ ਅਪਣੀ ਇਸ ਧੀ ਦੀਆਂ ਫ਼ੋਟੋਆਂ ਤੇ ਵੀਡੀਓਜ਼ ਨੀਰੂ ਅਕਸਰ ਹੀ ਅਪਣੇ ਸ਼ੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ।