ਮੋਹਾਲੀ ਦੇ ਪਾਰਕਾਂ ਦਾ ਬਦਲੇਗਾ ਰੂਪ, ਸੈਰ ਕਰਦੇ ਸਮੇਂ ਸੁਣਾਈ ਦੇਵੇਗੀ ਸੰਗੀਤ ਦੀ ਆਵਾਜ਼

ਏਜੰਸੀ

ਖ਼ਬਰਾਂ, ਪੰਜਾਬ

ਪਾਰਕ ਵਿਚ ਓਪਨ ਏਅਰ ਜਿਮ ਤੇ ਬੱਚਿਆਂ ਲਈ ਲੱਗਣਗੇ ਚਿਲਡ੍ਰਨ ਪਲੇਅ ਕਾਰਨਰ

Parks of Mohali

ਚੰਡੀਗੜ੍ਹ : ਪਾਰਕਾਂ ਦੀ ਭਰਮਾਰ ਵਾਲੇ ਸ਼ਹਿਰ ਮੋਹਾਲੀ ਵਿਚ ਪਾਰਕਾਂ ਦੀ ਹਾਲਤ ਸੁਧਾਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਆਉਂਦੇ ਦਿਨਾਂ ਦੌਰਾਨ ਇਸ ਵਿਚ ਬਹੁਤ ਕੁੱਝ ਨਵਾਂ ਵੇਖਣ ਨੂੰ ਮਿਲੇਗਾ। ਹੁਣ ਪਾਰਕਾਂ ਵਿਚ ਸੈਰ ਕਰਦੇ ਸਮੇਂ ਮਿਊਜ਼ਿਕ ਵੀ ਸੁਣਨ ਨੂੰ ਮਿਲੇਗਾ। ਇਸ ਤੋਂ ਇਲਾਵਾ ਓਪਨ ਏਅਰ ਜਿੰਮ ਵੀ ਤਿਆਰ ਕੀਤੇ ਜਾ ਰਹੇ ਹਨ। 

ਸ਼ਹਿਰ ਦੇ ਜ਼ਿਆਦਾਤਰ ਪਾਰਕਾਂ ਵਿਚ ਓਪਨ ਜਿੰਮ ਦੀ ਸਹੂਲਤ ਪਹਿਲਾਂ ਹੀ ਮੌਜੂਦ ਹੈ, ਅਤੇ ਜਿਹੜੀਆਂ ਥਾਵਾਂ 'ਤੇ ਇਸ ਦੀ ਅਣਹੋਂਦ ਹੈ, ਉਸ ਨੂੰ ਪੂਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬੱਚਿਆਂ ਲਈ ਵੱਖ-ਵੱਖ ਤਰ੍ਹਾਂ ਦੇ ਚਿਲਡਰਨ ਪਲੇਅ ਕਾਰਨਰ ਤਿਆਰ ਕੀਤੇ ਜਾਣਗੇ। ਨਿਗਮ ਵੱਲੋਂ ਅਮਰੂਤ ਪ੍ਰੋਜੈਕਟ ਤਹਿਤ ਇਹ ਕੰਮ ਸ਼ੁਰੂ ਕਰਵਾਇਆ ਗਿਆ ਹੈ। 

ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਮੋਹਾਲੀ ਸ਼ਹਿਰ ਦੀਆਂ ਪਾਰਕਾਂ ਦੀ ਸੁੰਦਰੀਕਰਣ ’ਤੇ ਕਰੀਬ 112.5 ਲੱਖ ਰੁਪਏ ਖ਼ਰਚ ਕੀਤੇ ਜਾਣਗੇ। ਇਹ ਕੰਮ ਪੂਰੇ ਜ਼ੋਰਾਂ ਨਾਲ ਚੱਲ ਰਿਹਾ ਹੈ। ਇਸ ਦੇ ਇਲਾਵਾ ਜੋ ਪਾਰਕ ਸ਼ਹਿਰ ’ਚ ਪਹਿਲਾ ਬਣਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਨਗਰ ਨਿਗਮ ਵੱਲੋ ਉਠਾਈ ਜਾ ਰਹੀ ਹੈ।

ਪੰਜਾਬ ਸਰਕਾਰ ਨੇ ਸ਼ਹਿਰੀ ਵਿਕਾਸ ਲਈ ਏਡੀਸੀ ਸ਼ਹਿਰੀ ਦੀ ਇਕ ਨਵੀਂ ਪੋਸਟ ਬਣਾਈ ਹੈ। ਇਸ ਦਾ ਉਦੇਸ਼ ਸ਼ਹਿਰ ਦਾ ਵਿਕਾਸ ਕਰਨਾ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸ਼ਹਿਰ ’ਚ ਵੱਧ ਰਹੀ ਆਬਾਦੀ ਨੂੰ ਧਿਆਨ ’ਚ ਰੱਖ ਕੇ ਯੁੱਧ ਦੇ ਪੱਧਰ ’ਤੇ ਵਿਕਾਸ ਪ੍ਰੋਗਰਾਮ ਕੀਤੇ ਜਾ ਰਹੇ ਹਨ। ਸ਼ਹਿਰੀ ਵਿਕਾਸ ਲਈ ਅਟਲ ਮਿਸ਼ਨ ਅਮਰੂਤ ਪ੍ਰੋਜੈਕਟ ਤਹਿਤ ਜ਼ਿਲ੍ਹੇ ’ਚ 37.62 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਦੀ ਪੂਰੀ ਯੋਜਨਾ ਇਲਾਕੇ ਦੀਆਂ ਜ਼ਰੂਰਤਾਂ ਨੂੰ ਧਿਆਨ ’ਚ ਰੱਖ ਕੇ ਕੀਤੀ ਗਈ ਹੈ।