2019 ਦੀਆਂ ਚੋਣਾਂ 'ਚ ਜਿਤ ਹਾਰ 'ਆਪ' ਦੇ ਖਿਸਕੇ ਵੋਟ ਬੈਂਕ 'ਤੇ ਨਿਰਭਰ
2019 ਵਿਚ ਆਪ ਦੀ ਹਨੇਰੀ ਝੁਲੀ ਅਤੇ 30.41 ਫ਼ੀ ਸਦੀ ਵੋਟ ਲੈ ਕੇ ਚਾਰ ਸੀਟਾਂ ਜਿਤੀਆਂ
ਚੰਡੀਗੜ੍ਹ : ਇਸ ਵਾਰ ਪੰਜਾਬ ਵਿਚ 2019 ਦੀਆਂ ਲੋਕ ਸਭਾ ਚੋਣਾਂ ਕਾਫੀ ਦਿਲਚਸਪ ਹੋਣਗੀਆਂ। 2014 ਦੀਆਂ ਚੋਣਾਂ ਸਮੇਂ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਹਨੇਰੀ ਨੇ ਅਕਾਲੀ ਦਲ ਅਤੇ ਕਾਂਗਰਸ ਨੂੰ ਹਲੂਣਿਆ, ਹੁਣ 2019 ਦੀਆਂ ਚੋਣਾਂ ਸਮੇਂ ਆਪ ਦੀ ਹਨੇਰੀ ਕਿਤਨੀ ਉਲਟੀ ਚਲੇਗੀ, ਇਹ ਕਾਫ਼ੀ ਦਿਲਚਸਪ ਹੋਵੇਗਾ। 'ਆਪ' ਦਾ ਖਿਸਕਿਆ ਵੋਟ ਬੈਂਕ ਹੀ 2019 ਦੀਆਂ ਲੋਕ ਸਭਾ ਚੋਣਾਂ ਵਿਚ ਉਮੀਦਵਾਰਾਂ ਦੀ ਹਾਰ-ਜਿੱਤ ਦਾ ਫ਼ੈਸਲਾ ਕਰੇਗਾ। ਤਿੰਨ ਸਾਲਾਂ ਬਾਅਦ 2017 ਦੀਆਂ ਪੰਜਾਬ ਵਿਧਾਨ ਚੋਣਾਂ 'ਚ ਆਪ ਦਾ ਗਰਾਫ਼ ਕਾਫ਼ੀ ਹੇਠਾਂ ਖਿਸਕ ਗਿਆ।
ਪਿਛਲੇ ਦੋ ਸਾਲਾਂ 'ਚ 'ਆਪ' ਵਿਚ ਇਤਨੀ ਭੰਨ ਟੁੱਟ ਹੋ ਚੁਕੀ ਹੈ ਕਿ ਹੁਣ ਨਾ ਤਾਂ ਇਸ ਪਾਰਟੀ ਦੀ 2014 ਵਾਲੀ ਪੁਜੀਸ਼ਨ ਹੈ ਅਤੇ ਨਾ ਹੀ 2017 ਦੀਆਂ ਵਿਧਾਨ ਸਭਾ ਚੋਣਾਂ ਵਾਲੀ। ਬਲਕਿ ਉਸ ਤੋਂ ਕਿਤੇ ਵਧ ਇਸ ਪਾਰਟੀ ਦਾ ਗਰਾਫ਼ ਹੇਠਾਂ ਆ ਚੁੱਕਾ ਹੈ। ਆਮ ਆਦਮੀ ਪਾਰਟੀ ਦੀ ਹਨੇਰੀ 2014 ਵਿਚ ਆਈ ਅਤੇ ਇਸ ਪਾਰਟੀ ਨੇ ਲੋਕ ਸਭਾ ਚੋਣਾਂ ਵਿਚ ਪਹਿਲੀ ਵਾਰ ਹੀ 30.40 ਫ਼ੀ ਸਦੀ ਵੋਟ ਹਾਸਲ ਕਰ ਲਏ। ਪ੍ਰੰਤੁ ਸੀਟਾਂ ਚਾਰ ਹੀ ਹਿੱਸੇ ਆਈਆਂ। ਕੁਝ ਹੀ ਮਹੀਨਿਆਂ ਬਾਅਦ ਆਪ ਪਾਰਟੀ ਵਿਚ ਫੁੱਟ ਪੈ ਗਈ ਅਤੇ ਚਾਰ ਐਮ.ਪੀਜ਼ ਵਿਚੋਂ ਦੋ ਐਮ.ਪੀ. ਪਾਰਟੀ ਛੱਡ ਗਏ।
ਤਕਨੀਕੀ ਤੌਰ 'ਤੇ ਬੇਸ਼ਕ ਅੰਤ ਤਕ ਉਹ ਪਾਰਟੀ ਦਾ ਹਿੱਸਾ ਬਣੇ ਰਹੇ। ਉਨ੍ਹਾਂ ਦੇ ਪਾਰਟੀ ਛੱਡਣ ਨਾਲ ਹੇਠਲੀ ਪੱਧਰ 'ਤੇ ਕਾਡਰ ਵਿਚ ਟੁੱਟ ਭੱਨ ਹੋ ਗਈ ਅਤੇ ਪਾਰਟੀ ਕਈ ਹਿੱਸਆਿਂ ਵਿਚ ਵੰਡੀ ਗਈ। ਕਈ ਸੀਨੀਅਰ ਆਗੂ ਪੰਜਾਬ ਵਿਚ ਪਾਰਟੀ ਨੂੰ ਛੱਡ ਗਏ ਅਤੇ ਇਕ ਪਾਰਟੀ ਵਿਚੋਂ ਹੁਣ ਚਾਰ ਨਵੀਆਂ ਪਰਟੀਆਂ ਬਣ ਗਈਆਂ। 2014 ਦੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਨੂੰ 33.10 ਫ਼ੀ ਸਦੀ ਵੋਟ ਮਿਲੀ ਪ੍ਰੰਤੂ ਸੀਟਾਂ ਤਿੰਨ ਹੀ ਮਿਲ ਸਕੀਆਂ। ਆਪ ਨੇ 30.40 ਫ਼ੀ ਸਦੀ ਵੋਟਾਂ ਲੈ ਕੇ ਜਿੱਤ ਚਾਰ ਸੀਟਾਂ ਉਪਰ ਪ੍ਰਾਪਤ ਕੀਤੀ। ਇਸੇ ਤਰ੍ਹਾਂ ਅਕਾਲੀ ਦਲ-ਭਾਜਪਾ ਗਠਜੋੜ ਨੇ 29 ਫ਼ੀ ਸਦੀ ਵੋਟਾਂ ਲੈ ਕੇ 6 ਸੀਟਾਂ 'ਤੇ ਜਿੱਤ ਪ੍ਰਾਪਤ ਕਰ ਲਈ।
2014 ਦੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਦਾ 12.13 ਫ਼ੀ ਸਦੀ ਵੋਟ ਬੈਂਕ ਖਿਸਕਿਆ ਅਤੇ ਅਕਾਲੀ ਦਲ-ਭਾਜਪਾ ਦਾ 14.91 ਫ਼ੀ ਸਦੀ ਵੋਟ ਬੈਂਕ ਖਿਸਕਿਆ। ਬੇਸ਼ਕ ਵੋਟ ਬੈਂਕ ਤਾਂ ਘੱਟ ਗਿਆ ਪ੍ਰੰਤੂ ਅਕਾਲੀ-ਭਾਜਪਾ ਗਠਜੋੜ ਨੂੰ 6 ਸੀਟਾਂ ਮਿਲ ਗਈਆਂ। ਅਕਾਲੀ ਦਲ ਨੂੰ 20.30 ਫ਼ੀ ਸਦੀ ਵੋਟ ਮਿਲੀ ਜਦਕਿ ਭਾਜਪਾ ਨੂੰ 8.70 ਫ਼ੀ ਸਦੀ। ਕਿਉਂਕਿ ਅਕਾਲੀ ਦਲ ਨੇ 10 ਸੀਟਾਂ ਅਤੇ ਭਾਜਪਾ ਨੇ ਤਿੰਨ ਸੀਟਾਂ ਉਪਰ ਆਪਣੇ ਉਮੀਦਵਾਰ ਖੜੇ ਕੀਤੇ ਸਨ, ਦੋਵਾਂ ਦੀਆਂ ਵੋਟਾਂ ਮਿਲਾ ਕੇ 29 ²ਫ਼ੀ ਸਦੀ ਵੋਟ ਗਠਜੋੜ ਨੂੰ ਮਿਲੇ। ਪ੍ਰੰਤੂ 2009 ਦੀਆਂ ਚੋਣਾਂ ਦੇ ਮੁਕਾਬਲੇ ਕਾਫੀ ਵੋਟ ਬੈਂਕ ਆਸ ਪਾਸ ਹੀ ਰਿਹਾ।
ਪ੍ਰੰਤੂ 2017 ਦੀਆਂ ਪੰਜਾਬ ਵਿਧਾਨ ਸਭਾ ਹੋਈਆਂ ਤਾਂ 'ਆਪ' ਦੀ ਹਨੇਰੀ ਨਾ ਸਿਰਫ਼ ਠੰਢੀ ਪਈ, ਬਲਕਿ ਪੁਠੀ ਚਲਣ ਲਗ ਪਈ। ਇਨ੍ਹਾਂ ਚੋਣਾਂ 'ਚ 'ਆਪ' ਨੂੰ ਕੁਲ 36,62,266 ਵੋਟ ਮਿਲੇ ਜੋ ਕੁਲ ਪੋਲ ਹੋਈ ਵੋਟ ਦਾ 23.80 ਫ਼ੀ ਸਦੀ ਹਿੱਸਾ ਬਣਦਾ। 2014 ਦੀਆਂ ਲੋਕ ਸਭਾ ਚੋਣਾਂ ਵਿਚ ਇਸ ਪਾਰਟੀ ਨੂੰ 30.40 ਫ਼ੀ ਸਦੀ ਵੋਟਾਂ ਮਿਲੀਆਂ ਸਨ। ਇਸ ਤਰ੍ਹਾਂ ਆਪ ਦਾ 6.60 ਫ਼ੀ ਸਦੀ ਵੋਟ ਕਾਂਗਰਸ ਜਾਂ ਅਕਾਲੀ-ਭਾਜਪਾ ਨੂੰ ਖਿਸਕ ਗਿਆ। ਹੁਣ ਕਿਉਂਕਿ ਆਪ ਪਾਰਟੀ ਵਿਚ ਫੁੱਟ ਪੈ ਚੁੱਕੀ ਹੈ ਅਤੇ ਇਸ ਵਿਚੋਂ ਟੁੱਟ ਭੱਜ ਕੇ ਚਾਰ ਗਰੁਪ ਵਖਰੇ ਬਣ ਗਏ ਹਨ। ਸੁੱਚਾ ਸਿੰਘ ਛੋਟੇਪੁਰ ਨੇ ਪਹਿਲਾਂ ਹੀ ਅਪਣੀ ਵਖਰੀ ਪਾਰਟੀ 'ਆਪਣਾ ਪੰਜਾਬ ਪਾਰਟੀ' ਬਣਾ ਲਈ ਸੀ।
ਇਸੇ ਤਰ੍ਹਾਂ ਪਟਿਆਲਾ ਤੋਂ 'ਆਪ' ਦੇ ਦੋ ਐਮ.ਪੀ. ਧਰਮਵੀਰ ਗਾਂਧੀ ਨੇ ਅਪਣੀ ਪਾਰਟੀ ਬਣਾ ਲਈ ਹੈ। ਇਸੇ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਨੇ 'ਪੰਜਾਬ ਏਕਤਾ ਪਾਰਟੀ' ਬਣਾ ਲਈ। ਸ. ਖਹਿਰਾ ਨਾਲ ਆਪ ਦੇ 7-8 ਵਿਧਾਇਕ ਵੀ ਜੁੜ ਚੁੱਕੇ ਹਨ। ਬੇਸ਼ਕ ਤਕਨੀਕੀ ਤੌਰ ਤੇ ਉਹ ਅਜੇ ਵੀ ਸਾਰੇ 'ਆਪ' ਦੇ ਵਿਧਾਇਕ ਹੀ ਹਨ ਅਤੇ ਹੁਣ ਪੁਰਾਣੀ 'ਆਪ' ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਬਣ ਗਏ ਹਨ। ਆਪ ਦਾ ਆਧਾਰ ਹੇਠਲੀ ਪੱਧਰ ਤਕ ਖਿਸਕ ਚੁੱਕਾ ਹੈ ਅਤੇ ਇਕ ਗੱਲ ਤਾਂ ਸਪੱਸ਼ਟ ਹੈ ਕਿ 2019 ਦੀਆਂ ਚੋਣਾਂ 'ਚ 'ਆਪ' ਦਾ ਗਰਾਫ਼ ਬਹੁਤ ਹੇਠਾਂ ਵਲ ਜਾਣਾ ਅਵਸ਼ ਹੈ। ਪ੍ਰੰਤੂ ਆਪ ਦਾ ਵੋਟ ਬੈਂਕ ਕਿਤਨਾ ਹੇਠਾਂ ਜਾਵੇਗਾ, ਇਹ ਤਾਂ 2019 ਦੇ ਚੋਣ ਨਤੀਜੇ ਹੀ ਸਪੱਸ਼ਟ ਕਰਨਗੇ।
ਜਿਥੋਂ ਤਕ ਕਾਂਗਰਸ ਪਾਰਟੀ ਦਾ ਸਬੰਧ ਹੈ, ਇਸ ਨੇ 2014 ਦੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ 2017 ਦੀਆਂ ਅਸੈਂਬਲੀ ਚੋਣਾਂ 'ਚ ਅਪਣਾ ਵੋਟ ਬੈਂਕ 33.10 ਫ਼ੀ ਸਦੀ ਤੋਂ ਵਧਾ ਕੇ 38.5 ਫ਼ੀ ਸਦੀ ਤਕ ਲਿਆਂਦਾ ਹੈ। ਬੇਸ਼ਕ ਪਿਛਲੀਆਂ ਚੋਣਾਂ ਦੇ ਮੁਕਾਬਲੇ ਅਜੇ ਵੀ ਕੁਝ ਘੱਟ ਹੈ। ਕੁਲ 59,45,899 ਵੋਟਾਂ ਪ੍ਰਾਪਤ ਕੀਤੀਆਂ। ਜਿਥੋਂ ਤਕ ਅਕਾਲੀ ਦਲ-ਭਾਜਪਾ ਗਠਜੋੜ ਦਾ ਸਬੰਧ ਹੈ। 2017 ਦੀਆਂ ਅਸੈਂਬਲੀ ਚੋਣਾਂ ਵਿਚ ਅਕਾਲੀ ਦਲ ਪਾਸ 97 ਹਲਕੇ ਸਨ ਅਤੇ ਭਾਜਪਾ ਕੋਲ 23। ਦੋਵਾਂ ਨੇ ਮਿਲਾ ਕੇ 47,31,253 ਵੋਟਾਂ ਪ੍ਰਾਪਤ ਕੀਤੀਆਂ ਅਤੇ ਕੁਲ 30.6 ਫ਼ੀ ਸਦੀ ਵੋਟਾਂ ਮਿਲੀਆਂ। ਕਾਂਗਰਸ ਦੇ ਮੁਕਾਬਲੇ ਅਜੇ ਵੀ ਲਗਭਗ 8 ਫ਼ੀ ਸਦੀ ਵੋਟਾਂ ਘੱਟ ਹਨ। ਪ੍ਰੰਤੂ 'ਆਪ' ਦੇ ਮੁਕਾਬਲੇ ਲਗਭਗ ਤਿੰਨ ਫ਼ੀ ਸਦੀ ਵੋਟਾਂ ਵਧ ਹਨ।
ਇਸ ਤਰ੍ਹਾਂ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੇ 77 ਸੀਟਾਂ ਉਪਰ ਜਿੱਤ ਪ੍ਰਾਪਤ ਕੀਤੀ ਅਤੇ ਸ਼ਾਹਕੋਟ ਦੀ ਜ਼ਿਮਨੀ ਚੋਣ ਜਿੱਤ ਨਾਲ ਕਾਂਗਰਸ ਪਾਸ 78 ਸੀਟਾਂ ਹੋ ਗਈਆਂ। ਅਕਾਲੀ ਦਲ ਪਾਸ ਪਹਿਲਾਂ 15 ਸੀਟਾਂ ਸਨ ਅਤੇ ਸ਼ਾਹਕੋਟ ਦੀ ਸੀਟ ਹਾਰਨ ਕਾਰਨ ਹੁਣ 14 ਰਹਿ ਗਈਆਂ। ਤਿੰਨ ਸਾਲ ਭਾਜਪਾ ਨੇ ਜਿਤੀਆਂ। ਅਕਾਲੀ-ਭਾਜਪਾ ਗਠਜੋੜ ਨੇ ਹੁਣ ਕੁਲ 17 ਵਿਧਾਇਕ ਹਨ। ਜਦਕਿ 'ਆਪ' ਨੇ 20 ਸੀਟਾਂ ਜਿਤੀਆਂ ਸਨ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਰੁਤਬਾ ਹਾਸਲ ਕੀਤਾ। ਪ੍ਰੰਤੂ ਵਿਰੋਧੀ ਧਿਰ ਦੀ ਕੁਰਸੀ ਨੇ ਆਪ 'ਚ ਇਤਨਾ ਰਫੜ ਪਾਇਆ ਕਿ ਅੱਗੋਂ ਫਿਰ ਤੋਂ ਟੋਟੇ ਹੋ ਗਈ। ਬੇਸ਼ਕ ਅੱਜ ਸਾਰੇ ਆਪ ਵਿਧਾਇਕ ਦਲ-ਬਦਲੂ ਕਾਨੂੰਨ ਦੇ ਡੰਡੇ ਕਾਰਨ ਤਕਨੀਕੀ ਤੌਰ 'ਤੇ ਇਕੱਠੇ ਹਨ ਪ੍ਰੰਤੂ ਅਮਲੀ ਤੌਰ 'ਤੇ ਵੱਖ-ਵੱਖ ਪਾਰਟੀ ਬਣ ਚੁਕੀਆਂ ਹਨ ਜੋ 2019 ਦੀਆਂ ਚੋਣਾਂ ਵਖਰੇ ਵਖਰੇ ਉਮੀਦਵਾਰ ਉਤਾਰ ਰਹੀਆਂ ਹਨ।