ਕੈਪਟਨ ਸਰਕਾਰ ਦਾ ਨਸ਼ਿਆਂ ਨਾਲ ਬਰਬਾਦ ਹੋ ਰਹੀ ਨੌਜਵਾਨੀ ਨਾਲ ਕੋਈ ਸਰੋਕਾਰ ਨਹੀਂ : ਮੀਤ ਹੇਅਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਮਲਾ ਰਾਮਾ ਮੰਡੀ ਦੀ 13 ਸਾਲਾ ਨਸ਼ੇ ਦੀ ਆਦੀ ਬੱਚੀ ਵੱਲੋਂ ਕੀਤੇ ਖ਼ੁਲਾਸਿਆਂ ਦਾ

Meet Hayer

ਚੰਡੀਗੜ੍ਹ : ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ 'ਚ ਨਸ਼ੇ ਦਾ ਦਰਿਆ ਸ਼ਰੇਆਮ ਵਹਾਇਆ ਸੀ, ਜਿਸ ਦੀ ਸਜ਼ਾ ਲੋਕਾਂ ਨੇ ਦਿੱਤੀ ਅਤੇ ਆਪਣੇ ਲਗਭਗ 100 ਸਾਲਾ ਇਤਿਹਾਸ 'ਚ ਅਕਾਲੀ ਦਲ ਸਿਰਫ਼ 15 ਸੀਟਾਂ ਤੱਕ ਸਿਮਟ ਗਿਆ। ਇਸ ਮਗਰੋਂ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ 4 ਹਫ਼ਤਿਆਂ 'ਚ ਨਸ਼ਾ ਖ਼ਤਮ ਕਰਨ ਦੇ ਗੁਮਰਾਹਕੁਨ ਵਾਅਦੇ ਕਰ ਕੇ ਸੱਤਾ 'ਚ ਆਏ ਕੈਪਟਨ ਅਮਰਿੰਦਰ ਸਿੰਘ ਸਰਕਾਰ ਨਸ਼ਾ ਮਾਫ਼ੀਆ ਦਾ ਕੁੱਝ ਨਹੀਂ ਵਿਗਾੜ ਸਕੀ, ਸਗੋਂ ਜੋ ਨਸ਼ਾ ਤਸਕਰ ਪਹਿਲਾਂ ਅਕਾਲੀਆਂ ਦੀ ਸ਼ਹਿ 'ਤੇ ਰਹਿੰਦੇ ਹਨ ਹੁਣ ਉਹ ਕਾਂਗਰਸੀਆਂ ਦੀ ਸਰਪ੍ਰਸਤੀ ਥੱਲੇ ਸਰਗਰਮ ਹਨ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਇੰਚਾਰਜ ਅਤੇ ਵਿਧਾਇਕ ਮੀਤ ਹੇਅਰ ਨੇ ਕੀਤਾ।

ਮੀਤ ਹੇਅਰ ਨੇ ਰਾਮਾ ਮੰਡੀ ਦੀ ਇੱਕ 13 ਸਾਲਾ 'ਚਿੱਟੇ' ਦੀ ਲਤ ਦਾ ਸ਼ਿਕਾਰ ਹੋਈ ਸਕੂਲੀ ਵਿਦਿਆਰਥਣ ਵੱਲੋਂ ਕੀਤੇ ਗਏ ਖ਼ੁਲਾਸਿਆਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਰਾਮਾ ਮੰਡੀ ਦੀ ਇਸ ਘਟਨਾ ਨੇ ਹਰੇਕ ਸੰਵੇਦਨਸ਼ੀਲ ਅਤੇ ਸਮਾਜ ਪ੍ਰਤੀ ਫ਼ਿਕਰਮੰਦ ਇਨਸਾਨ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਨੇ ਕਾਂਗਰਸ ਅਤੇ ਅਕਾਲੀ-ਭਾਜਪਾ ਨੂੰ ਪੁੱਛਿਆ ਕਿ ਕੀ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਇਹੋ ਜਿਹਾ ਸੀ, ਜੋ ਰਿਵਾਇਤੀ ਪਾਰਟੀਆਂ ਨੇ ਪਿਛਲੇ 70 ਸਾਲਾਂ 'ਚ ਬਣਾ ਦਿੱਤਾ।

ਮੀਤ ਹੇਅਰ ਨੇ ਕਿਹਾ ਕਿ ਕੈਪਟਨ ਸਰਕਾਰ ਦਾ ਨਸ਼ਿਆਂ ਨਾਲ ਬਰਬਾਦ ਹੋ ਰਹੀ ਨੌਜਵਾਨੀ ਨਾਲ ਕੋਈ ਸਰੋਕਾਰ ਨਹੀਂ। ਮੀਤ ਹੇਅਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੋਟਾਂ ਮੰਗਣ ਆਏ ਕਾਂਗਰਸੀ ਉਮੀਦਵਾਰਾਂ, ਵਿਧਾਇਕਾਂ, ਮੰਤਰੀਆਂ ਅਤੇ ਹੋਰ ਲੀਡਰਾਂ ਤੋਂ ਇਹ ਜਵਾਬ ਜ਼ਰੂਰ ਮੰਗਣ ਕਿ ਕੀ 24 ਮਹੀਨਿਆਂ 'ਚ ਨਸ਼ੇ ਖ਼ਤਮ ਹੋ ਗਏ ਹਨ ਜੋ 4 ਹਫ਼ਤਿਆਂ 'ਚ ਕਰਨ ਦਾ ਵਾਅਦਾ ਕਰ ਕੇ ਵੋਟਾਂ ਲਈਆਂ ਹਨ।