ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਦੇ ਗ੍ਰੰਥੀ ਵਲੋਂ ਦਸਤਾਨੇ ਪਾ ਕੇ ਪ੍ਰਕਾਸ਼ ਕਰਨ ਦੀ ਨਿਖੇਧੀ

ਏਜੰਸੀ

ਖ਼ਬਰਾਂ, ਪੰਜਾਬ

ਭਾਈ ਲੌਂਗੋਵਾਲ ਨੇ ਸੰਗਤ ਨੂੰ ਸਰਕਾਰ ਅਤੇ ਸਿਹਤ ਮਹਿਕਮੇ ਦੀਆਂ...

Gurdwara Dehra Sahib Lahore  

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਪ੍ਰਗਟਾਵਾ ਕੀਤਾ ਹੈ ਕਿ ਵਿਸ਼ਵ ਪੱਧਰੀ ਮਹਾਂਮਾਰੀ ਐਲਾਨੇ ਜਾ ਚੁਕੇ ਕੋਰੋਨਾ ਵਾਇਰਸ ਦੇ ਚਲਦਿਆਂ ਸ਼੍ਰੋਮਣੀ ਕਮੇਟੀ ਦਾ 28 ਮਾਰਚ ਨੂੰ ਹੋਣ ਵਾਲਾ ਬਜਟ ਇਜਲਾਸ ਵੀ ਮੁਲਤਵੀ ਕੀਤਾ ਜਾ ਸਕਦਾ ਹੈ। ਇਸ ਸਬੰਧ ਵਿਚ ਕਾਨੂੰਨੀ ਮਾਹਰਾਂ ਦੀ ਸਲਾਹ ਲਈ ਜਾ ਰਹੀ ਹੈ ਅਤੇ ਜੇਕਰ ਸੰਭਵ ਹੋਇਆ ਤਾਂ ਸਾਲਾਨਾ ਬਜਟ ਇਜਲਾਸ ਅੱਗੇ ਪਾ ਦਿਤਾ ਜਾਵੇਗਾ।

ਭਾਈ ਲੌਂਗੋਵਾਲ ਨੇ ਆਖਿਆ ਕਿ ਅੱਜ ਪੂਰਾ ਸੰਸਾਰ ਕੋਰੋਨਾ ਵਾਇਰਸ ਦੀ ਮਾਰ ਹੇਠ ਹੈ ਅਤੇ ਡਬਲਿਯੂ.ਐਚ.ਓ. ਤੋਂ ਬਾਅਦ ਹੁਣ ਭਾਰਤ ਸਰਕਾਰ ਨੇ ਵੀ ਇਸ ਨੂੰ ਮਹਾਂਮਾਰੀ ਕਰਾਰ ਦੇ ਦਿਤਾ ਹੈ। ਪੰਜਾਬ ਦੀ ਸੂਬਾ ਸਰਕਾਰ ਵਲੋਂ ਵੀ ਬਚਾਅ ਲਈ ਯਤਨ ਤੇਜ਼ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਤੋਂ ਬਚਣ ਲਈ ਲੋਕਾਂ ਨੂੰ ਇਕ-ਦੂਜੇ ਤੋਂ ਦੂਰ ਰਹਿਣ ਲਈ ਪ੍ਰੇਰਿਆ ਜਾ ਰਿਹਾ ਹੈ, ਲਿਹਾਜ਼ਾ ਸ਼੍ਰੋਮਣੀ ਕਮੇਟੀ ਵੀ ਇਸ ਨੂੰ ਲੈ ਕੇ ਸੁਚੇਤ ਹੈ।

ਗੁਰਦੁਆਰਾ ਸਾਹਿਬਾਨ ਅੰਦਰ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸੰਗਤਾਂ ਲਈ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ ਅਤੇ ਜੇਕਰ ਸੰਭਵ ਹੋ ਸਕਿਆ ਤਾਂ ਇਨ੍ਹਾਂ ਹੀ ਦਿਨਾਂ ਅੰਦਰ ਹੋਣ ਵਾਲਾ ਬਜਟ ਇਜਲਾਸ ਵੀ ਅੱਗੇ ਪਾਇਆ ਜਾ ਸਕਦਾ ਹੈ। ਇਸ ਬਾਰੇ ਕਾਨੂੰਨੀ ਮਾਹਰਾਂ ਦੀ ਸਲਾਹ ਲਈ ਜਾ ਰਹੀ ਹੈ ਅਤੇ ਛੇਤੀ ਹੀ ਇਸ ਸਬੰਧੀ ਸਥਿਤੀ ਸਾਫ਼ ਕਰ ਦਿਤੀ ਜਾਵੇਗੀ।

ਭਾਈ ਲੌਂਗੋਵਾਲ ਨੇ ਸੰਗਤ ਨੂੰ ਸਰਕਾਰ ਅਤੇ ਸਿਹਤ ਮਹਿਕਮੇ ਦੀਆਂ ਹਦਾਇਤਾਂ ਦਾ ਪਾਲਣ ਕਰਨ ਦੀ ਅਪੀਲ ਵੀ ਕੀਤੀ ਹੈ। ਗੁਰਦੁਆਰਾ ਸਾਹਿਬ ਦੀ ਮਰਯਾਦਾ ਲਾਜ਼ਮੀ ਬਣੀ ਰਹੇਗੀ ਪ੍ਰੰਤੂ ਸੱਭ ਨੂੰ ਅਪਣੇ ਜੀਵਨ ਲਈ ਸਾਵਧਾਨੀ ਵਰਤਣੀ ਵੀ ਜ਼ਰੂਰੀ ਹੈ। ਭਾਈ ਲੌਂਗੋਵਾਲ ਨੇ ਪਾਕਿਸਤਾਨ ਅੰਦਰ ਇਤਿਹਾਸਕ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਦੇ ਗ੍ਰੰਥੀ ਸਿੰਘ ਵਲੋਂ ਹੱਥਾਂ ਨੂੰ ਦਸਤਾਨੇ ਤੇ ਮੂੰਹ 'ਤੇ ਮਾਸਕ ਪਹਿਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦੀ ਨਿਖੇਧੀ ਕੀਤੀ।

ਉਨ੍ਹਾਂ ਕਿਹਾ ਕਿ ਬੇਸ਼ੱਕ ਅੱਜ ਕੋਰੋਨਾ ਵਾਇਰਸ ਦੇ ਖ਼ਤਰੇ ਨੇ ਸੱਭ ਨੂੰ ਚਿੰਤਾ ਵਿਚ ਪਾਇਆ ਹੋਇਆ ਹੈ ਪਰ ਗੁਰੂ ਘਰ ਅੰਦਰ ਸੇਵਾਦਾਰ ਵਲੋਂ ਕੀਤੀ ਗਈ ਮਰਯਾਦਾ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਪੂਰੇ ਵਿਸ਼ਵ ਦੇ ਗੁਰੂ ਘਰਾਂ ਵਿਚ ਸੇਵਾ ਨਿਭਾਉਣ ਵਾਲੇ ਸੇਵਾਦਾਰਾਂ ਨੂੰ ਸਿੱਖ ਰਵਾਇਤਾਂ, ਪ੍ਰੰਪਰਾਵਾਂ ਤੇ ਸਿਧਾਤਾਂ ਦੀ ਰੋਸ਼ਨੀ ਵਿਚ ਸੇਵਾ ਨਿਭਾਉਣ ਨੂੰ ਯਕੀਨੀ ਬਣਾਈ ਰੱਖਣ ਦੀ ਅਪੀਲ ਕੀਤੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।