ਜਥੇਦਾਰ ਟੌਹੜਾ ਸਮੇ ਹੋਏ ਸਮਝੌਤੇ ਤਹਿਤ ਹੀ ਹੋ ਰਿਹੈ ਗੁਰਬਾਣੀ ਪ੍ਰਸਾਰਣ : ਲੌਂਗੋਵਾਲ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗੁਰਬਾਣੀ ਕੀਰਤਨ ਦੇ ਪ੍ਰਸਾਰਣ ਬਾਰੇ ਪੰਜਾਬ ਸਰਕਾਰ ਦੀ ਮੰਗ ਸ਼੍ਰੋਮਣੀ ਕਮੇਟੀ ਨੂੰ ਪ੍ਰਵਾਨ ਨਹੀਂ

Photo

ਤ੍ਰਿਪਤ ਬਾਜਵਾ ਵਿਧਾਨ ਸਭਾ 'ਚ ਪਾਸ ਮਤੇ ਤਹਿਤ ਜਥੇਦਾਰ ਨੂੰ ਦਿਤਾ ਸੀ ਮੰਗ ਪੱਤਰ

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਦਰਬਾਰ ਸਾਹਿਬ ਤੋਂ ਹੁੰਦੇ ਸਿਧੇ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਦੇ ਹੱਕ ਬਾਰੇ ਕੀਤੀ ਮੰਗ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਪ੍ਰਵਾਨ ਨਹੀਂ। ਇਸ ਬਾਰੇ ਪੰਜਾਬ ਸਰਕਾਰ ਵਲੋਂ ਸੀਨੀਅਰ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪਿਛਲੇ ਹਫ਼ਤੇ ਅੰਮ੍ਰਿਤਸਰ ਜਾ ਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ  ਨੂੰ ਮੰਗ ਪੱਤਰ ਦਿਤਾ ਸੀ।

ਇਸ 'ਚ ਮੰਗ ਕੀਤੀ ਗਈ ਸੀ ਕਿ ਦਰਬਾਰ ਸਾਹਿਬ ਚ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਦਾ ਹੱਕ ਕਿਸੇ ਇਕ ਚੈਨਲ ਦੀ ਥਾਂ ਸੱਭ ਚੈਨਲਾਂ ਨੂੰ ਬਿਨਾਂ ਪੱਖਪਾਤ ਦਿਤਾ ਜਾਣਾ ਚਾਹੀਦਾ ਹੈ। ਇਸ ਸੰਬੰਧ 'ਚ ਪਿਛਲੇ ਸਮੇਂ 'ਚ ਵਿਧਾਨ ਸਭਾ ਸੈਸ਼ਨ ਦੌਰਾਨ ਵੀ ਮਤਾ ਪਾਸ ਕੀਤਾ ਜਾ ਚੁਕਾ ਹੈ। ਸ਼੍ਰੋਮਣੀ ਕਮੇਟੀ ਨੇ ਉਸ ਸਮੇਂ ਵੀ ਇਸ ਮਤੇ ਨੂੰ ਸਿੱਖ ਧਰਮ ਸੰਸਥਾਨਾਂ 'ਚ ਸਰਕਾਰੀ ਦਖ਼ਲ ਦਸਦਿਆਂ ਇਸ ਨੂੰ ਗਲਤ ਦਸਿਆ ਸੀ।

ਸ਼੍ਰੋਮਣੀ ਕਮੇਟੀ ਦੇ ਰੁਖ਼ ਨੂੰ ਵੇਖਦਿਆਂ ਹੀ ਪਿਛਲੇ ਦਿਨੀਂ ਮੰਤਰੀ ਤ੍ਰਿਪਤ ਬਾਜਵਾ ਇਸ ਮੰਗ ਨੂੰ ਲੈ ਕੇ ਜਥੇਦਾਰ ਨੂੰ ਮਿਲੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਤ੍ਰਿਪਤ ਬਾਜਵਾ ਵਲੋਂ ਜਥੇਦਾਰ ਨੂੰ ਮਿਲ ਕੇ ਕੀਤੀ ਮੰਗ ਪ੍ਰਵਾਨ ਕਰਨ ਤੋਂ ਸਾਫ਼ ਨਾਂਹ ਕਰ ਦਿਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕੇ ਇਹ ਕੰਮ ਕੋਈ ਨਵਾਂ ਸ਼ੁਰੂ ਨਹੀਂ ਹੋਇਆ ਬਲਕਿ ਜਥੇਦਾਰ ਟੌਹੜਾ ਦੇ ਸਮੇਂ ਗੁਰਬਾਣੀ ਪ੍ਰਸਾਰਣ ਦਾ ਸਮਝੌਤਾ ਹੋਇਆ ਸੀ।

ਇਹ ਪੂਰੀ ਤਰ੍ਹਾਂ ਕਾਨੂੰਨੀ ਅਤੇ ਨਿਯਮਾਂ ਅਨੁਸਾਰ ਹੈ, ਜਿਸ ਨੂੰ ਬਦਲਣਾ ਸੰਭਵ ਹੀ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਬਾਰੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਪੂਰੀ ਜਾਣਕਾਰੀ ਦਿਤੀ ਜਾ ਰਹੀ ਹੈ। ਜ਼ਿਕਰਯੋਗ ਹੈ ਤ੍ਰਿਪਤ ਬਾਜਵਾ ਵਲੋਂ ਮੰਗ ਪੱਤਰ ਦੇਣ ਮਗਰੋਂ ਖ਼ੁਦ ਜਥੇਦਾਰ ਸਾਹਿਬ ਵੀ ਇਸ ਬਾਰੇ ਅਪਣੀ ਟਿਪਣੀ ਦੇ ਚੁਕੇ ਹਨ।

ਉਨ੍ਹਾਂ ਨੇ ਭਾਵੇਂ ਬੜੀ ਨਾਪ ਤੋਲ ਕੇ ਟਿਪਣੀ ਕੀਤੀ ਪਰ ਉਸ ਤੋਂ ਸਾਫ ਸੰਕੇਤ ਮਿਲਦਾ ਹੈ ਕੇ ਉਹ ਵੀ ਸ਼੍ਰੋਮਣੀ ਕਮੇਟੀ ਦੇ ਤਰਕ ਨਾਲ ਸਹਿਮਤ ਹਨ। ਉਨ੍ਹਾਂ ਕਿਹਾ ਸੀ ਕਿ ਗੁਰਬਾਣੀ ਪ੍ਰਸਾਰਣ ਹੋਣਾ ਚਾਹੀਦਾ ਹੈ ਅਤੇ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕੌਣ ਪ੍ਰਸਾਰਣ  ਕਰਦਾ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕੇ ਲੰਮੇ ਸਮੇਂ ਤੋਂ ਚਲ ਰਹੇ ਸਿਸਟਮ 'ਚ ਇਕਦਮ ਤਬਦੀਲੀ ਵੀ ਨਹੀਂ ਹੋ ਸਕਦੀ।