ਅਕਾਲੀ ਦਲ ਨੇ ਪੰਜਾਬ ਅਤੇ ਕੇਂਦਰ ਵਲੋਂ ਵਾਇਰਸ ਵਿਰੁਧ ਚੁੱਕੇ ਕਦਮਾਂ ਦਾ ਕੀਤਾ ਸਮਰਥਨ

ਏਜੰਸੀ

ਖ਼ਬਰਾਂ, ਪੰਜਾਬ

ਉਨ੍ਹਾਂ ਕਿਹਾ ਕਿ ਸਿੱਖ ਧਰਮ ਸਾਨੂੰ ਸਿਖਾਉਂਦਾ ਹੈ ਕਿ ਅਸੀ ਸਾਰੇ ਇਕ ਹਾਂ।

Punjab Shiromani Akali Dal Corona Virus

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਕਰੋਨਾਵਾਇਰਸ ਮਹਾਮਾਰੀ ਵਿਰੁਧ ਮਨੁੱਖਤਾ ਦੀ ਇਸ ਲੜਾਈ ਵਿਚ ਪੰਜਾਬ ਅਤੇ ਕੇਂਦਰ ਸਰਕਾਰ ਵਲੋਂ ਚੁਕੇ ਜਾ ਰਹੇ ਕਦਮਾਂ ਦਾ ਪੂਰੀ ਤਰ੍ਹਾਂ ਸਮਰਥਨ ਕਰਦੀ ਹੈ। ਉਨ੍ਹਾਂ ਕਿਹਾ ਔਖ ਦੀ ਇਸ ਘੜੀ ਇਸ ਅਸੀਂ ਸਾਰੇ ਪਹਿਲਾਂ ਮਨੁੱਖ, ਭਾਰਤੀ ਅਤੇ ਪੰਜਾਬੀ ਹਾਂ, ਉਸ ਤੋਂ ਬਾਅਦ ਹੀ ਅਕਾਲੀ ਜਾਂ ਕਾਂਗਰਸੀ ਹਾਂ।

ਉਨ੍ਹਾਂ ਕਿਹਾ ਕਿ ਸਿੱਖ ਧਰਮ ਸਾਨੂੰ ਸਿਖਾਉਂਦਾ ਹੈ ਕਿ ਅਸੀ ਸਾਰੇ ਇਕ ਹਾਂ। ਪੰਜਾਬ ਵਿਚ ਬਤੌਰ ਅਕਾਲੀ ਦਲ ਅਸੀਂ ਮੁੱਖ ਮੰਤਰੀ ਨੂੰ ਸੂਬੇ ਦੇ ਹਿੱਤਾਂ ਦੀ ਰਾਖੀ ਲਈ ਇਸ ਲੜਾਈ ਵਿਚ ਆਪਣੀਆਂ ਸੇਵਾਵਾਂ ਪੇਸ਼ ਕਰਦੇ ਹਾਂ। ਅਕਾਲੀ ਦਲ ਪ੍ਰਧਾਨ ਨੇ ਪਾਰਟੀ ਵਰਕਰਾਂ ਨੂੰ ਵੀ ਆਖਿਆ ਕਿ ਉਹ ਇਸ ਲੜਾਈ ਵਿਚ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਵਿਚ ਪੂਰੀ ਤਰ੍ਹਾਂ ਸਹਿਯੋਗ ਦੇਣ।

ਉਹਨਾਂ ਕਿਹਾ ਕਿ ਅਸੀਂ ਸਾਰੇ ਇਸ ਸਾਂਝੀ ਚੁਣੌਤੀ ਦੀ ਘੜੀ ਵਿਚ ਉਨ੍ਹਾਂ ਸਾਰੇ ਕਦਮਾਂ ਦੀ ਹਮਾਇਤ ਕਰਦੇ ਹਾਂ, ਜਿਹਨਾਂ ਦਾ ਦੇਸ਼ ਦੀ ਸੁਰੱਖਿਆ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਐਲਾਨ ਕਰਦੇ ਹਨ। ਸਰਦਾਰ ਬਾਦਲ ਨੇ ਕਿਹਾ ਕਿ ਇਹ ਸਿਆਸਤ ਨੂੰ ਲਾਂਭੇ ਰੱਖਣ ਅਤੇ ਇਸ ਨਵੇਂ ਦੁਸ਼ਮਣ ਵਿਰੁਧ ਮਨੁੱਖਤਾ ਦੀ ਲੜਾਈ ਵਿਚ ਇੱਕਜੁਟ ਹੋਣ ਦਾ ਸਮਾਂ ਹੈ।

ਇਸ ਮੌਕੇ ਹਰੇਕ ਅਕਾਲੀ ਵਰਕਰ ਨੂੰ ਆਪਣੇ ਅੰਦਰ ਭਾਈ ਕਨੱਈਆ ਵਰਗੀ ਭਾਵਨਾ ਲਿਆਉਣੀ ਚਾਹੀਦੀ ਹੈ। ਸਰਦਾਰ ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਤਾਲਾਬੰਦੀ ਸੰਬੰਧੀ ਸਰਕਾਰੀ ਨਿਰਦੇਸ਼ਾਂ ਦਾ ਪੂਰੀ ਇਮਾਨਦਾਰੀ ਨਾਲ ਪਾਲਣ ਕਰਨ ਅਤੇ ਤਦ ਤਕ ਅਪਣੇ ਘਰਾਂ ਦੇ ਅੰਦਰ ਰਹਿਣ ਜਦ ਤਕ ਸਰਕਾਰ ਤਾਲਾਬੰਦੀ ਜਾਂ ਕਰਫ਼ਿਊ ਲਗਾ ਕੇ ਰਖਦੀ ਹੈ। ਸਰਦਾਰ ਬਾਦਲ ਨੇ ਹਰ ਘਰ ਵਿਚ ਬਜ਼ੁਰਗਾਂ ਅਤੇ ਬੱਚਿਆਂ ਦਾ ਖਾਸ ਖ਼ਿਆਲ ਰੱਖਣ ਲਈ ਆਖਿਆ।

ਉਨ੍ਹਾਂ ਕਿਹਾ ਕਿ ਇਹ ਸਾਡਾ ਅਪਣੇ ਬਜ਼ੁਰਗਾਂ ਦਾ ਮੁੱਲ ਮੋੜਣ ਦਾ ਸਮਾਂ ਹੈ, ਜਿਹਨਾਂ ਨੇ ਸਾਡੇ ਲਈ ਬਹੁਤ ਸਾਰੀਆਂ ਕੁਰਬਾਨੀਆਂ ਦਿਤੀਆਂ ਹਨ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਨੂੰ ਇਹ ਯਕੀਨੀ ਬਣਾਉਣ ਲਈ ਲੋੜੀਂਦੇ ਨਿਰਦੇਸ਼ ਜਾਰੀ ਕਰਨ ਦੀ ਅਪੀਲ ਕੀਤੀ।

ਉਹਨਾਂ ਕਿਹਾ ਕਿ ਸਾਰੇ ਗੁਰੂ ਘਰ, ਸ਼੍ਰੋਮਣੀ ਕਮੇਟੀ ਅਧਿਕਾਰੀ ਅਤੇ ਸੇਵਾਦਾਰ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਜਾਂ ਸੁਝਾਏ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਕੇ ਮਹਾਮਾਰੀ ਵਿਰੁਧ ਇਸ ਲੜਾਈ ਦੀ ਅਗਵਾਈ ਕਰਨ। ਸਾਬਕਾ ਉਪ ਮੁੱਖ ਮੰਤਰੀ ਨੇ ਕੈਨੇਡਾ, ਇਟਲੀ, ਅਮਰੀਕਾ, ਬਰਤਾਨੀਆ, ਸਪੇਨ, ਜਰਮਨੀ ਅਤੇ ਮਿਡਲ ਈਸਟ ਵਿਚ ਅਕਾਲੀ ਦਲ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਵਿਦੇਸ਼ਾਂ ਵਿਚ ਹਰ ਲੋੜਵੰਦ ਪੰਜਾਬੀ ਦੀ ਬਿਨਾਂ ਕੋਈ ਸਿਆਸੀ ਜਾਂ ਹੋਰ ਵਿਤਕਰਾ ਕੀਤੇ ਹਰ ਸੰਭਵ ਸਹਾਇਤਾ ਕਰਨ।

ਉਹਨਾਂ ਨੇ ਅਕਾਲੀ ਅਹੁਦੇਦਾਰਾਂ ਨੂੰ ਆਖਿਆ ਕਿ ਉਹ ਪੰਜਾਬੀ ਲੋਕਾਂ ਦੀ ਮੱਦਦ ਕਰਨ ਲਈ ਭਾਰਤੀ ਵਿਦੇਸ਼ੀ ਮਿਸ਼ਨਾਂ ਨਾਲ ਤਾਲਮੇਲ ਕਰਨ। ਸਰਦਾਰ ਬਾਦਲ ਨੇ ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਉਹ ਪੰਜਾਬ 'ਚ ਆਏ ਪਰਵਾਸੀਆਂ ਦੀ ਹਰ ਸੰਭਵ ਸਹਾਇਤਾ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਝੂਠੀਆਂ ਅਫਵਾਹਾਂ ਕਰਕੇ ਉਹਨਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਤੋਂ ਪਹਿਲਾਂ ਅਕਾਲੀ ਦਲ ਪ੍ਰਧਾਨ ਨੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਸ੍ਰੀ ਸੁਬਰਾਮਨੀਅਮ ਜੈਸ਼ੰਕਰ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਮਕਸਦ ਲਈ ਵਿਸ਼ੇਸ਼ ਸਹਾਇਤਾ ਸੈਲ ਬਣਾਉਣ ਅਤੇ ਪਰਵਾਸੀਆਂ ਲਈ ਇੱਕ ਹੈਲਪਲਾਇਨ ਵੀ ਸ਼ੁਰੂ ਕਰਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।