ਟਿਕਟ ਕੱਟੇ ਜਾਣ ਮਗਰੋਂ ਸਾਂਪਲਾ ਨੇ ਛੱਡੀ 'ਚੌਕੀਦਾਰੀ'
ਸਾਂਪਲਾ ਨੇ ਟਵਿਟਰ 'ਤੇ ਆਪਣੇ ਨਾਂ ਅੱਗਿਓਂ 'ਚੌਕੀਦਾਰ' ਸ਼ਬਦ ਹਟਾਇਆ
ਚੰਡੀਗੜ੍ਹ : ਭਾਜਪਾ ਵੱਲੋਂ ਮੰਗਲਵਾਰ ਦੇਰ ਸ਼ਾਮ ਪੰਜਾਬ ਦੀਆਂ ਦੋ ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦੇ ਐਲਾਨ ਕੀਤੇ ਗਏ। ਹੁਸ਼ਿਆਰਪੁਰ ਤੋਂ ਮੌਜੂਦਾ ਸੰਸਦ ਮੈਂਬਰ ਵਿਜੇ ਸਾਂਪਲਾ ਵੱਡਾ ਝਟਕਾ ਲੱਗਾ ਹੈ। ਪਾਰਟੀ ਨੇ ਉਨ੍ਹਾਂ ਤੋਂ ਟਿਕਟ ਖੋਹ ਕੇ ਸੋਮ ਪ੍ਰਕਾਸ਼ ਨੂੰ ਦੇ ਦਿੱਤੀ ਹੈ। ਇਸ ਮਗਰੋਂ ਸਾਂਪਲਾ ਨੇ ਟਵਿਟਰ 'ਤੇ ਆਪਣੇ ਨਾਂ ਅੱਗਿਓਂ 'ਚੌਕੀਦਾਰ' ਸ਼ਬਦ ਹਟਾ ਦਿੱਤਾ ਅਤੇ ਦੋ ਟਵੀਟ ਕਰ ਕੇ ਆਪਣੇ ਦੁਖੜੇ ਰੋਏ।
ਪਹਿਲੇ ਟਵੀਟ 'ਚ ਸਾਂਪਲਾ ਨੇ ਲਿਖਿਆ, "ਬਹੁਤ ਦੁੱਖ ਹੋਇਆ ਭਾਜਪਾ ਨੇ ਗਊ ਹੱਤਿਆ ਕਰ ਦਿੱਤੀ।"
ਇਸ ਤੋਂ ਬਾਅਦ ਉਨ੍ਹਾਂ ਨੇ ਦੂਜਾ ਟਵੀਟ ਕਰ ਕੇ ਪਾਰਟੀ ਨੂੰ ਪੁੱਛਿਆ ਕਿ ਉਨ੍ਹਾਂ ਦਾ ਕਸੂਰ ਕੀ ਹੈ? ਉਨ੍ਹਾਂ ਦੀ ਟਿਕਟ ਕੱਟਣ ਤੋਂ ਪਹਿਲਾਂ ਉਨ੍ਹਾਂ ਦਾ ਦੋਸ਼ ਤਾਂ ਦੱਸ ਦਿੰਦੇ। ਉਨ੍ਹਾਂ ਆਪਣੇ ਕੀਤੇ ਕੰਮ ਵੀ ਗਿਣਾ ਛੱਡੇ।
ਜ਼ਿਕਰਯੋਗ ਹੈ ਕਿ ਸਾਲ 2014 ਵਿਚ ਵਿਜੇ ਸਾਂਪਲਾ ਸਾਢੇ 13 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਜਿੱਤੇ ਸਨ ਜਦੋਂਕਿ 2009 ਵਿਚ ਸੰਤੋਸ਼ ਚੌਧਰੀ ਨੇ ਇਹ ਸੀਟ ਕੇਵਲ 306 ਵੋਟਾਂ ਦੇ ਅੰਤਰ ਨਾਲ ਜਿੱਤੀ ਸੀ।