ਹਰਸਿਮਰਤ ਬਾਦਲ ਦੇ ਇਕ-ਇਕ ਸਵਾਲ ਦਾ ਮਨਪ੍ਰੀਤ ਬਾਦਲ ਨੇ ਬਾਰੀਕੀ ਨਾਲ ਦਿੱਤਾ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਫੰਡਾਂ ਨੂੰ ਲੈ ਕੇ ਕੀਤੇ ਗਏ ਸਵਾਲਾਂ ਦੇ ਬਰੀਕੀ ਨਾਲ ਜਵਾਬ ਦਿੱਤੇ।

Photo

ਬਠਿੰਡਾ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਫੰਡਾਂ ਨੂੰ ਲੈ ਕੇ ਕੀਤੇ ਗਏ ਸਵਾਲਾਂ ਦੇ ਬਰੀਕੀ ਨਾਲ ਜਵਾਬ ਦਿੱਤੇ। ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਉਹਨਾਂ ਨੇ ਕਿਹਾ ਕਿ ਅੱਜ ਇਨਸਾਨੀਅਤ ਅਤੇ ਕੌਮ ਇਕ ਇਮਤਿਹਾਨ ਵਿਚੋਂ ਗੁਜ਼ਰ ਰਹੀ ਹੈ। ਇਹ ਇਕ ਅਜਿਹਾ ਇਮਤਿਹਾਨ ਹੈ ਜਿਸ ਦੀ ਕੋਈ ਮਿਸਾਲ ਨਹੀਂ। 

ਉਹਨਾਂ ਕਿਹਾ ਕਿ ਲੋਕ ਅਪਣੇ ਕਾਰੋਬਾਰਾਂ ਤੇ ਨੌਕਰੀਆਂ ਨੂੰ ਛੱਡ ਕੇ ਘਰਾਂ ਵਿਚ ਬੈਠੇ ਹਨ ਤੇ ਕੋਰੋਨਾ ਵਾਇਰਸ ਸਾਡੇ ਅਰਥਚਾਰੇ ਨਾਲ ਖਿਲਵਾੜ ਕਰ ਰਿਹਾ ਹੈ।
ਉਹਨਾਂ ਕਿਹਾ ਕਿ ਪੰਜਾਬ ਹਮੇਸ਼ਾਂ ਤੋਂ ਇਕ ਖ਼ਾਸ ਤਕਦੀਰ ਲਿਖਾ ਕੇ ਲਿਆਇਆ ਹੈ। ਉਹਨਾਂ ਕਿਹਾ ਕਿ ਜਿਹੜੇ ਸੂਬੇ ਨੇ 1947 ਵਿਚ 10 ਲੱਖ ਲੋਕਾਂ ਦਾ ਕਤਲੇਆਮ ਦੇਖਿਆ ਹੋਵੇ, ਉਹ ਸੂਬਾ ਭਾਰਤ ਦਾ ਨੰਬਰ ਇਕ ਸੂਬਾ ਕਿਵੇਂ ਬਣ ਸਕਦਾ ਹੈ। 

ਉਹਨਾਂ ਕਿਹਾ ਕਿ ਜਿਹੜੇ ਸੂਬੇ ਨੇ 1962, 1965 ਤੇ 1971 ਦੀ ਜੰਗ ਦੇਖੀ ਹੋਵੇ, ਉਹ ਹਿੰਦੋਸਤਾਨ ਦਾ ਨੰਬਰ ਇਕ ਸੂਬਾ ਕਿਵੇਂ ਬਣ ਸਕਦਾ ਹੈ। ਉਹ ਸੂਬਾ ਜਿਸ ‘ਤੇ ਯੂਨਾਨੀਆਂ ਨੇ ਹਮਲਾ ਕੀਤਾ, ਜਿਨ੍ਹਾਂ ਤੇ ਮੁਗਲਾ, ਅਫਗਾਨੀਆਂ ਤੇ ਹੋਰ ਕਈਆਂ ਨੇ ਹਮਲਾ ਕੀਤਾ। ਇਸੇ ਲਈ ਪੰਜਾਬ ਇਕ ਖ਼ਾਸ ਤਕਦੀਰ ਰੱਖਦਾ ਹੈ। 
ਉਹਨਾਂ ਕਿਹਾ ਕਿ ਤਿੰਨ ਸਾਲ ਪਹਿਲਾਂ ਜਿਸ ਸੂਬੇ ਦੀ ਅਰਥਵਿਵਸਥਾ ਡਾਵਾਂਡੋਲ ਸੀ, ਉਹ ਤਿਨ ਸਾਲਾਂ ਵਿਚ ਕਿਵੇਂ ਵਾਪਸ ਖੜ੍ਹਾ ਹੋ ਗਿਆ। ਉਹਨਾਂ ਕਿਹਾ ਕਿ ਕੁਦਰਤ ਨੇ ਪੰਜਾਬ ਦੇ ਰਾਸਤੇ ਦੇ ਸਾਰੇ ਕੰਡੇ ਚੁਗ ਲੈਣੇ ਹਨ। 

ਉਹਨਾਂ ਕਿਹਾ ਪੰਜਾਬ ਦੀ ਧਰਤੀ ਵਿਚ ਇਕ ਜਾਦੂ ਹੈ ਤੇ ਪੰਜ ਦਰਿਆਵਾਂ ਦੇ ਪਾਣੀ ਵਿਚ ਇਕ ਸਰੂਰ। ਸਿਆਸਤ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਸਿਆਸਤ ਬਹੁਤ ਚੰਗੀ ਚੀਜ਼ ਹੈ। ਉਹਨਾਂ ਕਿਹਾ ਕਿ ਬੀਤੇ ਦੋ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋ ਰਹੇ ਹਨ, ਜਿਸ ਦੇ ਜ਼ਰੀਏ ਲੋਕਾਂ ਨੂੰ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪੰਜਾਬ ਨੂੰ ਕੇਂਦਰ ਸਰਕਾਰ ਵੱਲੋਂ ਹਜ਼ਾਰਾਂ ਕਰੋੜ ਰੁਪਏ ਦਾ ਫੰਡ ਆਇਆ ਹੈ ਤੇ ਇਹ ਫੰਡ ਲੋਕਾਂ ਨੂੰ ਨਹੀਂ ਦਿੱਤਾ ਜਾ ਰਿਹਾ।

ਉਹਨਾਂ ਕਿਹਾ ਕਿ ਪਿਛਲੇ 20 ਸਾਲਾਂ ਵਿਚ 15 ਸਾਲ ਇਹਨਾਂ ਦੀ ਹਕੂਮਤ ਰਹੀ ਹੈ। ਉਹਨਾਂ ਕਿਹਾ ਜਦੋਂ ਕਿਸੇ ਕੋਲ ਆਪ ਦੱਸਣ ਨੂੰ ਕੁਝ ਨਹੀਂ ਹੁੰਦਾ ਤਾਂ ਉਹ ਸ਼ਰੀਫ ਬੰਦੇ ਦੀਆਂ ਪਗੜੀਆਂ ਉਛਾਲਦੇ ਹਨ। ਉਹਨਾ ਕਿਹਾ ਭਾਰਤ ਦੇ ਸੰਵਿਧਾਨ ਵਿਚ ਇਹ ਤੈਅ ਕੀਤਾ ਗਿਆ ਹੈ ਕਿ ਕੁਝ ਟੈਕਸ ਭਾਰਤ ਸਰਕਾਰ ਇਕੱਠੇ ਕਰੇਗੀ ਤੇ ਕੁਝ ਟੈਕਸ ਸੂਬੇ ਦੀਆਂ ਸਰਕਾਰਾਂ ਇਕੱਠੇ ਕਰਨਗੀਆਂ। ਉਹਨਾਂ ਦੱਸਿਆ ਕਿ ਭਾਰਤ ਸਰਕਾਰ, ਇਨਕਮ ਟੈਕਸ, ਸੈਂਟਰਲ ਐਕਸਾਈਜ਼ ਟੈਕਸ, ਕਸਟਮ ਆਦਿ ਇਕੱਠੇ ਕਰਦੀ ਹੈ।

ਉਹਨਾ ਦੱਸਿਆ ਕਿ ਹਰ 5 ਸਾਲ ਬਾਅਦ ਇਕ ਫਾਇਨਾਂਸ ਕਮਿਸ਼ਨ ਬਣਦੀ ਹੈ। ਇਸ ਵਿਚ ਫੈਸਲਾ ਲਿਆ ਜਾਂਦਾ ਹੈ ਕਿ ਟੈਕਸ ਦਾ ਕਿੰਨਾ ਹਿੱਸਾ ਭਾਰਤ ਸਰਕਾਰ ਦਾ ਹੋਵੇਗਾ ਤੇ ਕਿੰਨਾ ਹਿੱਸਾ ਸੂਬਿਆਂ ਦਾ ਹੋਵੇਗਾ। ਇਸ ਵੇਲੇ 58 ਫੀਸਦੀ ਹਿੱਸਾ ਭਾਰਤ ਸਰਕਾਰ ਦਾ ਹੈ ਤੇ 42 ਫੀਸਦੀ ਹਿੱਸਾ ਸੂਬਿਆਂ ਦਾ ਹੈ। ਇਸ ਦੌਰਾਨ ਇਹ ਵੀ ਤੈਅ ਕੀਤਾ ਜਾਂਦਾ ਹੈ ਕਿ 42 ਫੀਸਦੀ ਵਿਚੋਂ ਵੱਖ-ਵੱਖ ਸੂਬਿਆਂ ਦਾ ਕਿੰਨਾ ਹਿੱਸਾ ਹੋਵੇਗਾ। ਇਸ ਵਿਚ 1 ਰੁਪਿਆ ਤੇ 77 ਪੈਸੇ ਪੰਜਾਬ ਸਰਕਾਰ ਦਾ ਹਿੱਸਾ ਹੈ।  

ਉਹਨਾਂ ਕਿਹਾ ਕਿ ਮੈਨੂੰ ਇਸ ਗੱਲ ਦਾ ਦੁੱਖ ਹੋਇਆ ਕਿ ਬੀਬੀ ਹਰਸਿਮਰਤ ਕੌਰ ਨੇ ਸੋਸ਼ਲ ਮੀਡੀਆ ‘ਤੇ ਅੰਕੜੇ ਪਾਏ ਕਿ ਪੰਜਾਬ ਸਰਕਾਰ ਨੂੰ 1100 ਕਰੋੜ ਤੇ 1200 ਕਰੋੜ ਆ ਗਿਆ। ਉਹਨਾਂ ਕਿਹਾ ਕਿ ਇਹ 1100 ਕਰੋੜ ਤੇ 1200 ਕਰੋੜ ਬਕਾਇਆ ਸੀ ਜੋ ਪੰਜਾਬ ਨੇ ਕੇਂਦਰ ਸਰਕਾਰ ਤੋਂ ਲੈਣਾ ਸੀ ਤੇ ਇਹ ਪੰਜਾਬ ਦਾ ਹੱਕ ਹੈ। ਉਹਨਾਂ ਕਿਹਾ ਕਿ ਉਹ ਅਕਾਲੀ ਦਲ ਅਤੇ ਹਰਸਿਮਰਤ ਕੌਰ ਬਾਦਲ ਨੂੰ ਕਹਿਣਾ ਚਾਹੁੰਦੇ ਹਨ ਕਿ ਪੰਜਾਬ ਨੂੰ ਤੁਹਾਡੇ ਕੋਲੋਂ ਤੇ ਭਾਰਤ ਸਰਕਾਰ ਕੋਲੋਂ ਕੁਝ ਨਹੀਂ ਚਾਹੀਦਾ।

ਉਹਨਾਂ ਕਿਹਾ ਕਿ ਜੇਕਰ ਤੁਹਾਡੀ ਕੈਬਨਿਟ ਵਿਚ ਕੋਈ ਸੁਣਦਾ ਹੈ ਤੇ ਜੇਕਰ ਤੁਸੀਂ ਵਾਕਈ ਪੰਜਾਬ ਦੇ ਹਮਦਰਦ ਹੋ ਤਾਂ ਅੱਜ ਵੀ ਪਿਛਲੇ ਸਾਲ ਦਾ ਜੀਐਸਟੀ ਬਕਾਇਆ 4400 ਕਰੋੜ ਵਾਪਿਸ ਕਰਵਾ ਦਿਓ। ਉਹਨਾਂ ਕਿਹਾ ਕਿ ਜੇਕਰ ਕੋਈ ਨਹੀਂ ਵੀ ਸੁਣਦਾ ਤਾਂ ਵੀ ਕੋਈ ਗੱਲ ਨਹੀਂ। ਮਨਪ੍ਰੀਤ ਬਾਦਲ ਨੇ ਕਿਹਾ ਕਿ ਅੱਜ ਪੰਜਾਬ ਦਾ ਕਿਸਾਨ ਮੰਡੀਆਂ ਵਿਚ ਕਣਕ ਲੈ ਕੇ ਆ ਰਿਹਾ ਹੈ ਤੇ ਦੇਸ਼ ਨੂੰ ਕਣਕ ਦੀ ਲੋੜ ਹੈ, ਜੇਕਰ ਤੁਹਾਡੀ ਕੋਈ ਸੁਣਦਾ ਹੈ ਤਾਂ ਕਿਸਾਨਾਂ ਨੂੰ ਬੋਨਸ ਦਿਵਾ ਦਿਓ। 

ਉਹਨਾਂ ਕਿਹਾ ਕੇਂਦਰ ਵੱਲ ਪੰਜਾਬ ਦਾ 495 ਕਰੋੜ ਹਿੱਸਾ ਬਣ ਰਿਹਾ ਹੈ ਜਿਸ ਵਿਚੋਂ ਅੱਧਾ ਹਿੱਸਾ ਮਿਲ ਚੁੱਕਾ ਹੈ। ਉਹਨਾਂ ਕਿਹਾ ਕਿ ਜੋ ਡਿਜ਼ਾਸਟਰ ਫੰਡ ਹੈ ਉਸ ਵਿਚ 25 ਫੀਸਦੀ ਹਿੱਸਾ ਸਟੇਟ ਦਾ ਹੈ ਤੇ 75 ਫੀਸਦੀ ਕੇਂਦਰ ਦਾ ਹੈ, ਜੋ ਕਿ ਆ ਗਿਆ ਹੈ ਤੇ ਇਹ ਲੱਗ ਰਿਹਾ ਹੈ। ਉਹਨਾਂ ਕਿਹਾ ਕਿ ਨੈਸ਼ਨਲ ਫੂਡ ਸਕਿਓਰਿਟੀ ਮਿਸ਼ਨ ਇਕ ਐਕਟ ਬਣਿਆ ਸੀ, ਜੋ ਕਿ ਕਾਂਗਰਸ ਦੀ ਸਰਕਾਰ ਵੱਲੋਂ ਬਣਾਇਆ ਗਿਆ ਸੀ, ਕਿ ਹਰ ਪਰਿਵਾਰ ਨੂੰ ਮਹੀਨੇ ਵਿਚ 5 ਕਿਲੋ ਕਣਕ ਦੇਣੀ ਹੈ।

ਉਹਨਾਂ ਕਿਹਾ ਸਰਕਾਰ ਦ ਅਨਾਜ ਪੰਜਾਬ ਸੜ ਰਿਹਾ ਹੈ, ਇਸ ਲਈ ਉਹਨਾਂ ਕਿਹਾ ਕਿ ਉਹ ਤਿੰਨ ਮਹੀਨੇ ਲਈ ਸਾਰੇ ਦੇਸ਼ ਨੂੰ ਅਨਾਜ ਦੇਣਗੇ। 
ਉਹਨਾਂ ਕਿਹਾ ਕਿ ਜਦੋਂ ਚੋਣਾਂ ਹੋਈਆਂ ਸੀ ਤਾਂ ਮੋਦੀ ਜੀ ਨੇ ਕਿਹਾ ਸੀ ਕਿ ਉਹ ਹਰ ਕਿਸਾਨ ਪਰਿਵਾਰ ਨੂੰ 6000 ਰੁਪਏ ਦੇਣਗੇ। ਉਸ ਦੀ 2 ਹਜ਼ਾਰ ਦੀ ਇਕ ਕਿਸ਼ਤ ਜਨ ਧਨ ਖਾਤਿਆਂ ਵਿਚ ਪਹੁੰਚ ਚੁੱਕੀ ਹੈ। ਪਰ ਇਸ ਤੋਂ ਇਲਾਵਾ ਨੈਸ਼ਨਲ ਹੈਲ਼ਥ ਮਿਸ਼ਨ ਤਹਿਤ ਪੰਜਾਬ ਲਈ 71 ਕਰੋੜ ਰੁਪਏ ਭਾਰਤ ਸਰਕਾਰ ਵੱਲੋਂ ਆਏ ਹਨ। ਇਸ ਤੋਂ ਇਲਾਵਾ ਭਾਰਤ ਸਰਕਾਰ ਵੱਲੋਂ ਪੰਜਾਬ ਨੂੰ ਕੁਝ ਨਹੀਂ ਮਿਲਿਆ।