ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵਾਸਤੇ ‘ਫੈਪ ਸਟੇਟ ਅਵਾਰਡ’ ਦੇਣ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਾਈਵੇਟ ਸਕੂਲਾਂ ਨੂੰ ਦਿੱਤੇ ਜਾਣਗੇ ਬੈਸਟ ਸਕੂਲ, ਬੈਸਟ ਪ੍ਰਿੰਸੀਪਲ,ਬੈਸਟ ਅਧਿਆਪਕ ਅਤੇ ਬੈਸਟ ਸਟੂਡੈਂਟ ਅਵਾਰਡ

'Fap State Award' for Private Schools in Punjab

ਚੰਡੀਗੜ੍ਹ: ਮਿਆਰੀ ਸਕੂਲ ਵਿੱਦਿਆ ਦੇ ਖੇਤਰ ’ਚ ਅਹਿਮ ਯੋਗਦਾਨ ਪਾਉਣ ਵਾਲੇ ਪ੍ਰਾਈਵੇਟ ਖੇਤਰ ਦੇ ਸਕੂਲਾਂ ਵਾਸਤੇ ਪਹਿਲੀ ਵਾਰ ਫ਼ੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ ਵੱਲੋਂ ’ਫ਼ੈਪ ਸਟੇਟ ਅਵਾਰਡ’ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਅਵਾਰਡ ਤਹਿਤ ਵੱਖ-ਵੱਖ ਸ਼੍ਰੇਣੀਆਂ ਅਧੀਨ ਬੈਸਟ ਸਕੂਲ, ਬੈਸਟ ਪ੍ਰਿੰਸੀਪਲ,ਬੈਸਟ ਅਧਿਆਪਕ ਅਤੇ ਬੈਸਟ ਸਟੂਡੈਂਟ ਦੀ ਚੋਣ ਕੀਤੀ ਜਾਵੇਗੀ।

ਨਿੱਜੀ ਸਕੂਲਾਂ ਦੇ ਸਿੱਖਿਆ ਦੇ ਖੇਤਰ ’ਚ ਵਢਮੁੱਲੇ ਯੋਗਦਾਨ ਅਤੇ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣ ਲਈ ਫ਼ੈਡਰੇਸ਼ਨ ਵੱਲੋਂ ਵੱਖ-ਵੱਖ ਮਾਪਦੰਡਾਂ ਦੇ ਆਧਾਰ ’ਤੇ ਪੰਜਾਬ ਭਰ ਦੇ ਨਿੱਜੀ ਸਕੂਲਾਂ ਨੂੰ ਇਹ ਨਿਵੇਕਲੇ ਸਨਮਾਨ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਅਧਿਆਪਕ ਦਿਵਸ ਮੌਕੇ ’ਤੇ ਰਾਜਾਂ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਟੇਟ ਅਤੇ ਨੈਸ਼ਨਲ ਪੱਧਰੀ ਅਵਾਰਡ ਪ੍ਰਦਾਨ ਕੀਤੇ ਜਾਂਦੇ ਹਨ, ਪਰ ਹੁਣ ਤੱਕ ਪ੍ਰਾਈਵੇਟ ਸਕੂਲਾਂ ਵਾਸਤੇ ਅਜਿਹੀ ਵਿਵਸਥਾ ਨਹੀਂ ਸੀ।

ਇਨਾਮਾਂ ਦੇ ਐਲਾਨ ਸਬੰਧੀ ਸੰਖੇਪ ਸਮਾਗਮ ਨੂੰ ਸੰਬੋਧਨ ਕਰਦਿਆਂ ਫੈਡਰੇਸ਼ਨ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਨੇ ਕਿਹਾ ਕਿ ਸਕੂਲੀ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸੈਲਫ਼ ਫਾਈਨਾਂਸਡ ਸਕੂਲਾਂ ਦੀ ਅਹਿਮ ਭੂਮਿਕਾ ਰਹੀ ਹੈ। ਗੁਣਾਤਮਿਕ ਸਿੱਖਿਆ ’ਚ ਤੇਜ਼ੀ ਨਾਲ ਹੋ ਸੁਧਾਰਾਂ ਨੇ ਪ੍ਰਾਈਵੇਟ ਸਕੂਲਾਂ ਪ੍ਰਤੀ ਲੋਕਾਂ ਦੇ ਦਿਲਾਂ ’ਚ ਇੱਕ ਮਜ਼ਬੂਤ ਵਿਸ਼ਵਾਸ ਪੈਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ’ਚ ਕੁੱਲ 34 ਹਜ਼ਾਰ ਦੇ ਕਰੀਬ ਸਕੂਲ ਮੌਜੂਦ ਹਨ, ਜਿਨ੍ਹਾਂ ਵਿਚੋਂ 17 ਹਜ਼ਾਰ ਦੇ ਕਰੀਬ ਪ੍ਰਾਈਵੇਟ ਸਕੂਲ ਹਨ। ਪਿਛਲੇ ਸਾਲ ਦੇ ਦਾਖ਼ਲਾ ਅਨੁਪਾਤ ਅਨੁਸਾਰ ਕੁੱਲ 57 ਲੱਖ ਵਿਦਿਆਰਥੀਆਂ ਨੇ ਦਾਖ਼ਲੇ ਲਏ, ਜਿਨ੍ਹਾਂ ਵਿਚੋਂ 32 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਨੇ ਨਿੱਜੀ ਸਕੂਲਾਂ ’ਚ ਦਾਖ਼ਲਾ ਲਿਆ।

ਉਨ੍ਹਾਂ ਕਿਹਾ ਕਿ ਰੁਜ਼ਗਾਰ ਪੱਖੋਂ ਵੀ ਪ੍ਰਾਈਵੇਟ ਸਕੂਲਾਂ ਦੀ ਵੱਡੀ ਦੇਣ ਹੈ, ਸੂਬੇ ’ਚ 2 ਲੱਖ ਦੇ ਕਰੀਬ ਸਕੂਲੀ ਅਧਿਆਪਕ ਹਨ, ਜਿਨ੍ਹਾਂ ਵਿਚੋਂ 52 ਫ਼ੀਸਦੀ ਅਧਿਆਪਕ ਪ੍ਰਾਈਵੇਟ ਸਕੂਲਾਂ ਨਾਲ ਸਬੰਧਿਤ ਹਨ। ਉਨ੍ਹਾਂ ਦੱਸਿਆ ਕਿ ਔਰਤਾਂ ਲਈ ਰੁਜ਼ਗਾਰ ਦੇ ਮੌਕੇ ਸਿਰਜਣ ’ਚ ਨਿੱਜੀ ਸਕੂਲਾਂ ਦੀ ਅਹਿਮ ਭੂਮਿਕਾ ਰਹੀ ਹੈ, ਪ੍ਰਾਈਵੇਟ ਸਕੂਲਾਂ ’ਚ ਪੜ੍ਹਾਉਣ ਵਾਲੇ ਕੁੱਲ ਅਧਿਆਪਕਾਂ ਵਿਚੋਂ 81 ਫ਼ੀਸਦੀ ਮਹਿਲਾ ਅਧਿਆਪਕ ਹਨ।

ਜਗਜੀਤ ਸਿੰਘ ਧੂਰੀ ਨੇ ਕਿਹਾ ਕਿ ਸੂਬੇ ਦੇ ਨਿੱਜੀ ਸਕੂਲ ਕੋਲ ਅੱਜ ਜਿੱਥੇ ਅਤਿ-ਆਧੁਨਿਕ ਬੁਨਿਆਦੀ ਢਾਂਚਾ ਮੌਜੂਦ ਹੈ ਉਥੇ ਹੀ ਅੰਤਰਰਾਸ਼ਟਰੀ ਪੱਧਰੀ ਤਕਨੀਕਾਂ ਦੇ ਮਾਧਿਅਮ ਰਾਹੀਂ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸਕੂਲ ਮਿਆਰਾ ਵਿਦਿਅਕ ਮਹੌਲ ਸਿਰਜਣ ’ਚ ਕਾਮਯਾਬ ਰਹੇ ਹਨ, ਜਿੱਥੇ ਵਿਦਿਆਰਥੀ ਬੌਧਿਕ ਭਾਵਨਾਤਮਕ ਅਤੇ ਸਮਾਜਿਕ ਤੌਰ ’ਤੇ ਵਿਕਾਸ ਕਰ ਸਕਣ ਯੋਗ ਹੈ। ਅੱਵਲ ਦਰਜੇ ਦੀ ਸਿੱਖਿਆ ਪ੍ਰਦਾਨ ਕਰਵਾਕੇ ਨਿੱਜੀ ਸਕੂਲਾਂ ਨੇ ਚੰਗੇ ਵਿਦਵਾਨ, ਲੀਡਰ, ਅਧਿਕਾਰੀ, ਅਧਿਆਪਕ, ਖਿਡਾਰੀ, ਖੋਜਾਰਥੀ ਪੈਦਾ ਕੀਤੇ ਹਨ, ਜਿਨ੍ਹਾਂ ਦਾ ਚੰਗੇ ਰਾਸ਼ਟਰ ਨਿਰਮਾਣ ’ਚ ਅਹਿਮ ਯੋਗਦਾਨ ਰਿਹਾ ਹੈ।

ਉਹਨਾਂ ਕਿਹਾ ਕਿ ਸਿੱਖਿਆ ਦੇ ਖੇਤਰ ’ਚ ਨਿੱਜੀ ਸਕੂਲਾਂ ਦੀ ਭੂਮਿਕਾ,ਅਧਿਆਪਕਾਂ ਅਤੇ ਪ੍ਰਿੰਸੀਪਲ ਅਤੇ ਹੋਣਹਾਰ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਨੂੰ ਸਨਮਾਨ ਦੇਣ ਦੇ ਉਦੇਸ਼ ਨਾਲ ਫ਼ੈਡਰੇਸ਼ਨ ਵੱਲੋਂ ਰਾਜ ਪੱਧਰੀ ਅਵਾਰਡ ਦਿੱਤੇ ਜਾਣਗੇ ਅਤੇ ਵੱਖ-ਵੱਖ ਸ਼੍ਰੇਣੀਆਂ ’ਚ ਵੰਡੇ ਅਵਾਰਡ ਹਰ ਸਾਲ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਸਬੰਧੀ ਪ੍ਰੀਕਿਰਿਆ ਸਬੰਧੀ ਸਹਾਇਤਾ ਲਈ ਪੰਜਾਬ ਦੇ 22 ਜ਼ਿਲਿ੍ਹਆਂ ’ਚ ਇੰਚਾਰਜ ਲਗਾਏ ਹਨ।

ਉਨ੍ਹਾਂ ਦੱਸਿਆ ਕਿ ਸੀ.ਬੀ.ਐਸ.ਈ,ਪੀ.ਐਸ.ਈ.ਬੀ,ਆਈ.ਸੀ.ਐਸ.ਈ ਅਤੇ ਅੰਤਰਰਾਸ਼ਟਰੀ ਬੋਰਡ ਵੱਲੋਂ ਮਾਨਤਾ ਪ੍ਰਾਪਤ ਸਾਰੇ ਨਿੱਜੀ ਸਕੂਲ 25 ਅਪ੍ਰੈਲ 2021 ਤੋਂ ਅਵਾਰਡ ਸਬੰਧੀ ਨਾਮਜ਼ਦਗੀਆਂ ਭਰਨ ਦੇ ਯੋਗ ਹੋਣਗੇ। ਅਵਾਰਡ ਲਈ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 20 ਮਈ ਹੋਵੇਗੀ ਜਦਕਿ ਬੈਸਟ ਸਕੂਲ ਸ਼੍ਰੇਣੀ ਦੇ ਅਵਾਰਡ ਦਾ ਐਲਾਨ 12 ਜੂਨ, 2021 ਨੂੰ ਕਰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਅਵਾਰਡ ਦੀਆਂ ਬਾਕੀ ਦੀਆਂ ਸ਼੍ਰੇਣੀਆਂ ਦਾ ਐਲਾਨ 3 ਸਤੰਬਰ, 2021 ਨੂੰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਅਵਾਰਡ ਦੀ ਵੰਡ ਸਬੰਧੀ ਸਮਾਗਮ ਦੌਰਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਵਾਰਡ ਦੀਆਂ ਨਾਮਜ਼ਦਗੀਆਂ, ਯੋਗਤਾ ਅਤੇ ਮਾਪਦੰਡਾਂ ਸਬੰਧੀ ਉਮੀਦਵਾਰ ਵਿਸਥਾਰਿਤ ਬਿਓਰਾ ਵੈਬਸਾਈਟ www.fapawards.in ਤੋਂ ਪ੍ਰਾਪਤ ਕਰ ਸਕਦੇ ਹਨ।

ਸ. ਧੂਰੀ ਨੇ ਕਿਹਾ ਕਿ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਅਤੇ ਐਸੋਸੀਏਸ਼ਨ ਆਫ਼ ਪੰਜਾਬ ਦਾ ਉਦੇਸ਼ ਸੂਬੇ ਦੇ ਸਾਰੇ ਨਿੱਜੀ ਸਕੂਲਾਂ ਜਿਵੇਂ ਸੀ.ਬੀ.ਐਸ.ਈ, ਆਈ.ਸੀ.ਐਸ.ਈ, ਪੀ.ਬੀ.ਐਸ.ਈ.ਬੀ, ਨੂੰ ਇੱਕ ਸਾਂਝੇ ਮੰਚ ’ਤੇ ਲਿਆਉਣਾ ਹੈ ਅਤੇ ਸਿੱਖਿਆ ਦੇ ਖੇਤਰ ’ਚ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਸਨਮਾਨ ਦੇਣਾ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਦਾ ਮਿਸ਼ਨ ਨਿੱਜੀ ਸਕੂਲਾਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਲਾਂ ਦਾ ਠੋਸ ਹੱਲ ਮੁਹੱਈਆ ਕਰਵਾਉਣਾ ਹੈ।

ਅਵਾਰਡ ਸਬੰਧੀ ਜਾਣਕਾਰੀ ਦਿੰਦਿਆਂ ਸ. ਜਗਜੀਤ ਸਿੰਘ ਧੂਰੀ ਦੱਸਿਆ ਕਿ ਸਕੂਲਾਂ ’ਚ ਸੰਸਥਾਗਤ ਮਾਣ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਪਛਾਣਨ ਦੇ ਉਦੇਸ਼ ਨਾਲ ‘ਬੈਸਟ ਸਕੂਲ ਅਵਾਰਡ’ ਭੇਂਟ ਕੀਤੇ ਜਾਣਗੇ, ਜੋ ਵੱਖ-ਵੱਖ 8 ਸ਼੍ਰੇਣੀਆਂ ਅਧੀਨ ਵੰਡੇ ਗਏ ਹਨ। ਇਸ ਅਵਾਰਡ ਅਧੀਨ ’ਬੈਸਟ ਇੰਨਫ਼੍ਰਾਸਟ੍ਰਕਚਰ ਸਕੂਲ’, ਬੈਸਟ ਸਪੋਰਟਸ ਸਕੂਲ, ਬੈਸਟ ਇਕੋ-ਫ਼੍ਰੈਂਡਲੀ ਸਕੂਲ, ਬੈਸਟ ਸਕੂਲ ਫ਼ਾਰ ਅਕੈਡਮਿਕ ਪ੍ਰਫਾਰਮੈਂਸ, ਬੈਸਟ ਕਲੀਨ ਐਂਡ ਹਾਈਜ਼ੀਨ ਵਾਤਾਵਰਣ, ਬੈਸਟ ਟੀਚਿੰਗ ਪ੍ਰੈਕਟਿਸ, ਸਕੂਲ ਵਿਦ ਯੂਨੀਕ ਫੈਸੀਲਿਟੀਜ਼, ਬੈਸਟ ਬਜ਼ਟ ਸਕੂਲ ਵਿੱਦ ਮੈਕਸੀਮਮ ਫੈਸੀਲਿਟੀਜ਼ ਅਤੇ ਬੈਸਟ ਸਕੂਲ ਯੂਸਿੰਗ ਟੈਕਨਾਲੋਜੀ ਅਵਾਰਡ ਪ੍ਰਦਾਨ ਕੀਤੇ ਜਾਣਗੇ।

ਉਨ੍ਹਾਂ ਦੱਸਿਆ ਕਿ ਸਕੂਲਾਂ ਅਤੇ ਸਮਾਜਿਕ ਪੱਧਰ ’ਤੇ ਬਿਹਤਰੀਨ ਯੋਗਦਾਨ ਪਾਉਣ ਵਾਲੇ ਹੋਣਹਾਰ ਪਿ੍ਰੰਸੀਪਲਾਂ ਨੂੰ ਮਾਨਤਾ ਅਤੇ ਸਨਮਾਨ ਦੇਣ ਲਈ ‘ਉਚ ਗਤੀਸ਼ੀਲ ਪ੍ਰਿੰਸੀਪਲ ਅਵਾਰਡ’ ਦਾ ਐਲਾਨ ਕੀਤਾ ਗਿਆ ਹੈ। ਇਹ ਅਵਾਰਡ ਉਨ੍ਹਾਂ ਸਨਮਾਨਯੋਗ ਪਿ੍ਰੰਸੀਪਲਾਂ ਦੀ ਤਾਜਪੋਸ਼ੀ ਕਰਦਾ ਹੈ, ਜਿਨ੍ਹਾਂ ਨੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ, ਟੀਚਿੰਗ ਅਤੇ ਲਰਨਿੰਗ ਦੇ ਸੁਰੱਖਿਅਤ ਵਾਤਾਵਰਣ ਦੀ ਪੁਸ਼ਟੀ ਕਰਦਿਆਂ ਮਾਪਿਆਂ ਅਤੇ ਸਮਾਜਿਕ ਤਬਕੇ ਨਾਲ ਯੋਗ ਤਾਲਮੇਲ ਕਾਇਮ ਕਰਨ ਲਈ ਪਹਿਲਕਦਮੀਆਂ ਕੀਤੀਆਂ ਹਨ।

ਸ. ਧੂਰੀ ਨੇ ਕਿਹਾ ਕਿ ਸਿਖਲਾਈ ਪ੍ਰੀਕਿਰਿਆ ਦੌਰਾਨ ਵਿਦਿਆਰਥੀਆਂ ਦੀ ਸਹਾਇਤਾ ਅਤੇ ਯੋਗ ਮਾਰਗਦਰਸ਼ਨ ’ਚ ਅਧਿਆਪਕਾਂ ਦੀ ਭੂਮਿਕਾ ਅਹਿਮ ਹੁੰਦੀ ਹੈ। ਅਜਿਹੇ ’ਚ ਫੈਡਰੇਸ਼ਨ ਵੱਲੋਂ ਅਧਿਆਪਨ ਦੇ ਖੇਤਰ ’ਚ ਯੋਗ ਭੂਮਿਕਾ ਨਿਭਾਉਣ ਵਾਲੇ ਅਧਿਆਪਕਾਂ ਦੇ ਸਨਮਾਨ ਲਈ ’ਦ੍ਰੋਣਾਚਾਰਿਆ ਅਵਾਰਡ’ ਭੇਂਟ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸੂਬੇ ਦੇ ਹੋਣਹਾਰ ਵਿਦਿਆਰਥੀਆਂ ਦੀਆਂ ਅਕਾਦਮਿਕ ਅਤੇ ਖੇਡਾਂ ’ਚ ਪ੍ਰਾਪਤੀਆਂ ਨੂੰ ਸਨਮਾਨ ਦੇਣ ਲਈ ‘ਮਾਣ ਪੰਜਾਬ ਦਾ’ ਪੁਰਸਕਾਰ ਭੇਂਟ ਕੀਤਾ ਜਾਵੇਗਾ। ਇਹ ਪੁਰਸਕਾਰ ਸੀ.ਬੀ.ਐਸ.ਈ, ਪੀ.ਐਸ.ਈ.ਬੀ, ਆਈ.ਐਸ.ਸੀ.ਈ ਅਤੇ ਅੰਤਰਰਾਸ਼ਟਰੀ ਬੋਰਡਾਂ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਭੇਂਟ ਕੀਤਾ ਜਾਵੇਗਾ, ਜਿਨ੍ਹਾਂ ਜ਼ਿਲ੍ਹਾ ਪੱਧਰ ’ਤੇ 10ਵੀਂ ਅਤੇ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ’ਚ ਸ਼ਾਨਦਾਰ ਪ੍ਰਾਪਤੀ ਦਰਜ ਕਰਵਾਈ ਹੈ। ਇਸ ਸ਼੍ਰੇਣੀ ’ਚ ਉਹ ਵਿਦਿਆਰਥੀ ਵੀ ਸ਼ਾਮਲ ਹਨ ਜਿਨ੍ਹਾਂ ਨੇ ਰਾਸ਼ਟਰੀ ਪੱਧਰ ’ਤੇ ਖੇਡਾਂ ’ਚ ਪੁਜੀਸ਼ਨ ਹਾਸਲ ਕੀਤੀ ਹੈ।

ਇਸ ਮੌਕੇ ਹੋਰਨਾ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਤੋਂ ਇੰਚਾਰਜ ਵਜੋਂ ਭੂਮਿਕਾ ਨਿਭਾ ਰਹੇ ਸ. ਸੁਖਚੈਨ ਸਿੰਘ ਬਠਿੰਡਾ, ਡਾ. ਮੋਹਿਤ ਮਹਾਜਨ ਗੁਰਦਾਸਪੁਰ, ਡਾ. ਆਸਾ ਸਿੰਘ ਕਪੂਰਥਲਾ, ਸੰਜੇ ਗੁਪਤਾ ਸੰਗਰੂਰ, ਰਣਪ੍ਰੀਤ ਸਿੰਘ ਬਰਨਾਲਾ, ਪ੍ਰਿਤਪਾਲ ਸ਼ਰਮਾ ਸ੍ਰੀ ਮੁਕਤਸਰ ਸਾਹਿਬ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।