ਅਪ੍ਰੇਸ਼ਨ ਕਲੀਨ ਨੂੰ ਫੇਲ੍ਹ ਸਾਬਿਤ ਕਰਨ ਲਈ ਕਿਸਾਨਾਂ ਨੇ ਦਿੱਲੀ ਵੱਲ ਪਾਏ ਚਾਲੇ
ਕਿਸਾਨਾਂ ਨੂੰ ਦਿੱਲੀ ਤੋਂ ਖਦੇੜਨ ਲਈ ਸਰਕਾਰ ਕੋਝੀਆਂ ਚਾਲਾਂ ਚੱਲ ਰਹੀ- ਕਿਸਾਨ
ਮਾਨਸਾ (ਪਰਮਦੀਪ ਸਿੰਘ): ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਸੰਘਰਸ਼ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੌਰਾਨ ਅਪ੍ਰੇਸ਼ਨ ਕਲੀਨ ਨੂੰ ਲੈ ਕੇ ਕਿਸਾਨਾਂ ਵਿਚ ਕਾਫੀ ਗੁੱਸਾ ਦੇਖਿਆ ਜਾ ਰਿਹਾ ਹੈ। ਇਸ ਲਈ ਅੱਜ ਮਾਨਸਾ ਤੋਂ ਕਿਸਾਨਾਂ ਅਤੇ ਔਰਤਾਂ ਦਾ ਕਾਫਲਾ ਦਿੱਲੀ ਲਈ ਰਵਾਨਾ ਹੋਇਆ।
ਇਸ ਦੌਰਾਨ ਮਾਨਸਾ ਰੇਲਵੇ ਸਟੇਸ਼ਨ ’ਤੇ ਇਕੱਠੇ ਹੋਏ ਕਿਸਾਨਾਂ ਨੇ ਕੇਂਦਰ ਸਰਕਾਰ ਉਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਕੋਰੋਨਾ ਦੇ ਨਾਂਅ ਹੇਠ ਅੰਦੋਲਨ ਨੂੰ ਤਾਰਪੀਡੋ ਕਰਨਾ ਚਾਹੁੰਦੀ ਹੈ ਜੋ ਅਸੀਂ ਕਦੇ ਵੀ ਨਹੀਂ ਹੋਣ ਦੇਵਾਂਗੇ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਕੋਈ ਵੱਡੀ ਮਹਾਂਮਾਰੀ ਨਹੀਂ ਹੈ ਸਗੋਂ ਇਹ ਤਾਂ ਆਮ ਬੁਖਾਰ ਹੈ ਜਿਸ ਤੋਂ ਡਰਾ ਕੇ ਕਿਸਾਨਾਂ ਨੂੰ ਦਿੱਲੀ ਤੋਂ ਖਦੇੜਨ ਲਈ ਸਰਕਾਰ ਕੋਝੀਆਂ ਚਾਲਾਂ ਚੱਲ ਰਹੀ ਹੈ।
ਉਨ੍ਹਾਂ ਕਿਹਾ ਕਿ ਅਸੀਂ ਅਪ੍ਰੇਸ਼ਨ ਕਲੀਨ ਨੂੰ ਫੇਲ੍ਹ ਸਾਬਤ ਕਰਨ ਲਈ ਅੱਜ ਦਿੱਲੀ ਜਾ ਰਹੇ ਹਾਂ। ਹਾੜ੍ਹੀ ਦਾ ਸੀਜ਼ਨ ਹੁਣ ਮੁੱਕ ਚੁੱਕਾ ਹੈ ਅਤੇ ਵੱਡੀ ਗਿਣਤੀ ਵਿੱਚ ਹੁਣ ਰੋਜ਼ਾਨਾ ਦਿੱਲੀ ਲਈ ਜਥੇ ਰਵਾਨਾ ਹੋਣਗੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਇਹ ਖੇਤੀ ਕਾਨੂੰਨ ਰੱਦ ਨਹੀਂ ਕਰ ਦਿੰਦੀ ਉਦੋਂ ਤੱਕ ਅਸੀਂ ਆਪਣਾ ਮੋਰਚਾ ਜਾਰੀ ਰੱਖਾਂਗੇ ਅਤੇ ਮੋਰਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਜਥੇ ਦਿੱਲੀ ਨੂੰ ਜਾਂਦੇ ਰਹਿਣਗੇ। ਵੱਖ ਵੱਖ ਰਾਜਾਂ ਵਿਚ ਕੀਤੀ ਜਾ ਰਹੀ ਵੈਕਸੀਨੇਸ਼ਨ ਉੱਤੇ ਕਿਸਾਨਾਂ ਦਾ ਕਹਿਣਾ ਹੈ ਕਿ ਦਿੱਲੀ ਬੈਠੇ ਕਿਸਾਨਾਂ ਵਿਚੋਂ ਕੋਈ ਵੀ ਆਪਣੀ ਮਰਜ਼ੀ ਨਾਲ ਵੈਕਸੀਨੇਸ਼ਨ ਕਰਵਾ ਸਕਦਾ ਹੈ ਪਰ ਸਿਹਤ ਵਿਭਾਗ ਜ਼ਬਰਦਸਤੀ ਕਿਸੇ ਨੂੰ ਵੈਕਸੀਨ ਨਹੀਂ ਲਗਾ ਸਕਦਾ।