ਸੰਗਰੂਰ 'ਚ ਭਗਵੰਤ ਮਾਨ ਨੇ ਫਿਰ ਮਾਰੀ ਬਾਜ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤੇਰੇ ਯਾਰ ਨੂੰ ਦੱਬਣ ਨੂੰ ਫਿਰਦੈ ਸੀ ਪਰ ਦੱਬਦਾ ਕਿੱਥੇ ਐ…. 

Bhagwant Mann

ਸੰਗਰੂਰ : "ਨੀਂ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੈ ਸੀ ਪਰ ਦੱਬ ਦਾ ਕਿੱਥੇ ਆ… ਲੋਕਾਂ ਦੇ ਦਿਲਾਂ 'ਚ ਵੱਸਦਾ ਗੱਭਰੂ ਨਿਕਲਦਾ ਕਿੱਥੇ ਆ…।'' ਇਹ ਗਾਣਾ ਭਗਵੰਤ ਮਾਨ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਦੱਬ ਕੇ ਚਲਾਇਆ। ਸੰਗਰੂਰ ਦੇ ਸੱਥਾਂ ਅਤੇ ਗਲੀਆਂ ਵਿਚ ਮਾਨ ਦੀ ਗੱਡੀ ਉਤੇ ਰੱਖੇ ਸਪੀਕਰ ਵਿਚ ਲਗਾਤਾਰ ਇਹੀ ਗਾਣਾ ਵੱਜਦਾ ਵੇਖਿਆ ਗਿਆ।

ਸੰਗਰੂਰ ਲੋਕ ਸਭਾ ਸੀਟ ਦੇ ਆਏ ਨਤੀਜਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਸੰਗਰੂਰ 'ਚ ਭਗਵੰਤ ਮਾਨ ਨੇ ਆਮ ਆਦਮੀ ਦੇ ਝਾੜੂ ਨਾਲ ਵਿਰੋਧੀਆਂ ਨੂੰ ਹੂੰਝ ਕੇ ਰੱਖ ਦਿੱਤਾ ਹੈ। ਸੰਗਰੂਰ ਤੋਂ ਭਗਵੰਤ ਮਾਨ ਨੂੰ 1 ਲੱਖ ਵੋਟਾਂ ਦੇ ਅੰਤਰ ਨਾਲ ਵੱਡੀ ਜਿੱਤ ਪ੍ਰਾਪਤ ਕੀਤੀ। ਇੱਥੇ ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਅਤੇ ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ ਨਾਲ ਸੀ।

ਜਿੱਤਣ ਤੋਂ ਬਾਅਦ ਮਾਨ ਨੇ ਖ਼ੁਸ਼ੀ ਦੇ ਹੰਝੂਆਂ ਨਾਲ ਭਰ ਦਿਲ ਦੀ ਆਵਾਜ਼ 'ਚ ਕਿਹਾ, "ਮੈਂ ਸੰਗਰੂਰ ਦੇ ਲੋਕਾਂ ਦਾ ਜ਼ਿੰਦਗੀ ਭਰ ਲਈ ਕਰਜ਼ਾਈ ਰਹਾਂਗਾ, ਜਿੰਨਾ ਨੇ ਇਨਕਲਾਬ ਦਾ ਝੰਡਾ ਬੁਲੰਦ ਰੱਖਿਆ। ਉਨ੍ਹਾਂ ਕਿਹਾ ਕਿ ਮੇਰੇ ਵਿਰੋਧੀਆਂ ਕਾਂਗਰਸੀਆਂ, ਅਕਾਲੀਆਂ ਅਤੇ ਇੱਥੋਂ ਤੱਕ ਕਿ ਆਪ ਦੀ ਪਿੱਠ 'ਚ ਛੁਰਾ ਮਾਰਨ ਵਾਲਿਆਂ ਨੇ ਮੈਨੂੰ ਹਰਾਉਣ ਲਈ ਅੱਡੀਆਂ ਚੁੱਕ-ਚੁੱਕ ਕੇ ਜ਼ੋਰ ਲਾਇਆ ਹੋਇਆ ਸੀ ਪਰ ਉਹ ਲੋਕਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕੇ। ਜ਼ਿਕਰਯੋਗ ਹੈ ਕਿ ਭਗਵੰਤ ਮਾਨ ਨੇ 2014 ਦੀਆਂ ਚੋਣਾਂ 'ਚ  ਇਸ ਸੀਟ 'ਤੇ 5 ਲੱਖ 33 ਹਜ਼ਾਰ 237 ਵੋਟਾਂ ਹਾਸਲ ਕੀਤੀਆਂ ਸਨ।