ਲੁਧਿਆਣਾ ਤੋਂ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਜੇਤੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਮਰਜੀਤ ਸਿੰਘ ਬੈਂਸ ਨੂੰ 70 ਹਜ਼ਾਰ ਵੋਟਾਂ ਤੋਂ ਹਰਾਇਆ

Ravneet Singh Bittu

ਚੰਡੀਗੜ੍ਹ : ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋਣਾ ਸ਼ੁਰੂ ਹੋ ਗਿਆ ਹੈ। ਲੁਧਿਆਣਾ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਰਵਨੀਤ ਸਿੰਘ ਬਿੱਟੂ ਨੇ 70,141 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਇਸ ਦੌਰਾਨ ਰਵਨੀਤ ਸਿੰਘ ਬਿੱਟੂ ਨੂੰ 3,56,980, ਮਹੇਸ਼ਇੰਦਰ ਸਿੰਘ ਗਰੇਵਾਲ ਨੂੰ 2,78,016 ਅਤੇ ਸਿਮਰਜੀਤ ਸਿੰਘ ਬੈਂਸ ਨੂੰ 2,86,083 ਵੋਟਾਂ ਮਿਲੀਆਂ ਹਨ।

ਇਸ ਸੀਟ 'ਤੇ ਸੱਤਵੇਂ ਗੇੜ 'ਚ 19 ਮਈ ਨੂੰ ਵੋਟਾਂ ਪਈਆਂ ਸਨ ਅਤੇ 62 ਫੀਸਦੀ ਵੋਟਿੰਗ ਹੋਈ ਸੀ। । ਸੀਟ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇੱਥੋਂ 1957 'ਚ ਕਾਂਗਰਸ ਦੇ ਬਹਾਦਰ ਸਿੰਘ ਨੇ ਜਿੱਤ ਹਾਸਲ ਕੀਤੀ ਸੀ। 1962 'ਚ ਏ. ਡੀ. ਦੇ ਕਪੂਰ ਸਿੰਘ, 1967 ਅਤੇ 1971 'ਚ ਕਾਂਗਰਸ ਦੇ ਦਵਿੰਦਰ ਸਿੰਘ, 1977 'ਚ ਅਕਾਲੀ ਦਲ ਦੇ ਜਗਦੇਵ ਸਿੰਘ, 1980 'ਚ ਕਾਂਗਰਸ ਦੇ ਦਵਿੰਦਰ ਸਿੰਘ, 1985 ਅਕਾਲੀ ਦਲ ਦੇ ਮੇਵਾ ਸਿੰਘ, 1989 'ਚ ਅਕਾਲੀ ਦਲ (ਐੱਮ.) ਦੀ ਰਾਜਿੰਦਰ ਕੌਰ, 1992 'ਚ ਕਾਂਗਰਸ ਦੇ ਗੁਰਚਰਨ ਸਿੰਘ, 1996 ਅਤੇ 1998 'ਚ ਅਕਾਲੀ ਦਲ ਦੇ ਅਮਰੀਕ ਸਿੰਘ, 1999 'ਚ ਕਾਂਗਰਸ ਦੇ ਗੁਰਚਰਨ ਸਿੰਘ, 2004 'ਚ ਸ਼ਰਨਜੀਤ ਸਿੰਘ ਅਤੇ 2009 'ਚ ਕਾਂਗਰਸ ਦੇ ਮਨੀਸ਼ ਤਿਵਾੜੀ ਨੇ ਕਬਜ਼ਾ ਕੀਤਾ ਸੀ। 

ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਇਸ ਸੀਟ ਤੋਂ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਨੇ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਨੂੰ 3,00,459 ਵੋਟਾਂ ਮਿਲੀਆਂ ਸਨ। ਇੱਥੋਂ ਆਮ ਆਦਮੀ ਪਾਰਟੀ ਦੇ ਹਰਵਿੰਦਰ ਸਿੰਘ 2,80,750 ਵੋਟਾਂ ਨਾਲ ਦੂਜੇ ਨੰਬਰ 'ਤੇ ਰਹੇ ਸਨ।