ਕੋਰੋਨਾ ਮੁਕਤ ਹੋਏ ਬਠਿੰਡਾ 'ਚ ਮੁੜ ਆਇਆ ਮਰੀਜ਼, ਪਹਿਲੇ ਸਾਰੇ ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰੋਨਾ ਮਹਾਂਮਾਰੀ ਦੇ ਸ਼ੁਰੂਆਤੀ ਦਿਨਾਂ 'ਚ ਕਈ ਦਿਨਾਂ ਤੱਕ 'ਜੀਰੋ' 'ਤੇ ਅੜਿਆ ਰਿਹਾ ਬਠਿੰਡਾ...........

file photo

ਪੰਜਾਬ: ਕੋਰੋਨਾ ਮਹਾਂਮਾਰੀ ਦੇ ਸ਼ੁਰੂਆਤੀ ਦਿਨਾਂ 'ਚ ਕਈ ਦਿਨਾਂ ਤੱਕ 'ਜੀਰੋ' 'ਤੇ ਅੜਿਆ ਰਿਹਾ ਬਠਿੰਡਾ ਅੱਜ ਮੁੜ ਕੁੱਝ ਘੰਟਿਆਂ ਲਈ ਕੋਰੋਨਾ ਮੁਕਤ ਹੋਣ ਤੋਂ ਬਾਅਦ ਇੱਕ ਨਵਾਂ ਮਰੀਜ਼ ਆਉਣ ਕਾਰਨ ਕੋਰੋਨਾ ਪੀੜਤ ਜ਼ਿਲ੍ਹਿਆਂ ਦੀ ਲਿਸਟ ਵਿਚ ਆ ਗਿਆ।

ਕੋਰੋਨਾ ਦੇ ਲਏ ਗਏ ਸੈਂਪਲਾਂ ਦੀਆਂ ਅੱਜ ਸਵੇਰੇ ਆਈਆਂ ਕੁੱਝ ਰੀਪੋਰਟਾਂ ਵਿਚ ਜ਼ਿਲ੍ਹੇ 'ਚ ਕੋਰੋਨਾ ਤੋਂ ਪੀੜਤ ਬਾਕੀ ਰਹਿੰਦੇ ਦੋ ਮਰੀਜ਼ ਵੀ ਨੈਗੀਟਿਵ ਪਾਏ ਗਏ ਸਨ, ਜਿਸਤੋਂ ਬਾਅਦ ਉਨ੍ਹਾਂ ਨੂੰ ਪ੍ਰਸ਼ਾਸਨ ਵਲੋਂ ਘਰ ਤੋਰ ਦਿੱਤਾ ਗਿਆ ਸੀ।

ਪ੍ਰੰਤੂ ਦੇਰ ਸ਼ਾਮ ਆਈਆਂ ਪੰਜ ਰੀਪੋਰਟਾਂ ਵਿਚੋਂ ਕੁੱਝ ਦਿਨ ਪਹਿਲਾਂ ਦੁਬਈ ਤੋਂ ਵਾਪਸ ਪਰਤੇ ਇੱਕ ਨੌਜਵਾਨ ਦੀ ਰੀਪੋਰਟ ਪਾਜ਼ੀਟਿਵ ਆ ਗਈ। ਹਾਲਾਂਕਿ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦਾਅਵਾ ਕੀਤਾ ਕਿ ਜਿਸ ਵਿਅਕਤੀ ਦਾ ਕਰੋਨਾ ਟੈਸਟ ਪਾਜਿਟਿਵ ਆਇਆ ਹੈ।

ਉਹ ਪਹਿਲਾਂ ਹੀ ਪ੍ਰਸ਼ਾਸਨ ਦੇ ਨਿਯੰਤਰਣ ਹੇਠ ਸਰਕਾਰੀ ਇਕਾਂਤਵਾਸ ਵਿਚ ਸੀ।ਉਨ੍ਹਾਂ ਦਸਿਆ ਕਿ ਉਹ ਦੁਬਈ ਤੋਂ ਆਇਆ ਸੀ ਅਤੇ ਦੇਸ਼ ਪਰਤਨ ਤੋਂ ਬਾਅਦ ਬਠਿੰਡਾ ਜ਼ਿਲ੍ਹੇ ਵਿਚ ਆਉਣ 'ਤੇ ਉਸ ਨੂੰ ਇਕਾਂਤਵਾਸ ਵਿਚ ਰੱਖਿਆ ਗਿਆ ਸੀ।

ਜਿਸਦੇ ਚੱਲਦੇ ਸਥਾਨਕ ਲਾਗ ਦਾ ਕੋਈ ਖ਼ਤਰਾ ਨਹੀਂ। ਦਸਣਾ ਬਣਦਾ ਹੈ ਕਿ ਜ਼ਿਲ੍ਹੇ ਵਿਚ ਇਸ ਮਰੀਜ਼ ਤੋਂ ਪਹਿਲਾਂ 43 ਮਰੀਜ਼ ਪਾਜੀਟਿਵ ਪਾਏ ਗਏ ਸਨ, ਜਿੰਨ੍ਹਾਂ ਵਿਚੋਂ ਸਿਰਫ਼ ਇੱਕ ਮਹਿਲਾ ਹੀ ਸਥਾਨਕ ਮਰੀਜ਼ ਸੀ, ਜਦੋਂਕਿ ਬਾਕੀ 42 ਮਰੀਜ ਦੂਜੇ ਸੂਬਿਆਂ ਤੋਂ ਵਾਪਸ ਪਰਤੇ ਹੋਏ ਸਨ।

ਉਧਰ ਅੱਜ ਸਵੇਰੇ ਬਠਿੰਡਾ ਕੋਰੋਨਾ ਮੁਕਤ ਹੋਣ ਦੀਆਂ ਆਈਆਂ ਖ਼ਬਰਾਂ ਦੇ ਚੱਲਦੇ ਨਾ ਸਿਰਫ ਜ਼ਿਲ੍ਹਾ ਵਾਸੀਆਂ ਨੂੰ ਵੱਡੀ ਰਾਹਤ ਮਿਲੀ ਸੀ,  ਬਲਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਡਾਕਟਰਾਂ ਦੀ ਟੀਮ ਨੇ ਵੀ ਸੁੱਖ ਦਾ ਸਾਹ ਲਿਆ ਸੀ। ਉਂਜ ਸਿਵਲ ਸਰਜਨ ਡਾ: ਅਮਰੀਕ ਸਿੰਘ ਨੇ ਦੱਸਣ ਮੁਤਾਬਕ ਹਾਲੇ ਵੀ ਬੀਤੇ ਕੱਲ ਭੇਜੇ 95 ਨਮੂਨਿਆਂ ਅਤੇ ਅੱਜ ਭੇਜੇ 111 ਹੋਰ ਨਮੂਨਿਆਂ ਦੀ ਜਾਂਚ ਰਿਪੋਰਟ ਹਾਲੇ ਆਉਣੀ ਬਕਾਇਆ ਹੈ।

ਵਿਦੇਸ਼ਾਂ ਤੋਂ ਵਾਪਸ ਪਰਤੇ ਆਉਣ ਲੱਗੇ ਇਕਾਂਤਵਸ ਕੇਂਦਰਾਂ ਵਿਚ
ਬਠਿੰਡਾ ਸਰਕਾਰ ਵਲੋਂ ਵਿਦੇਸ਼ਾਂ 'ਚ ਫ਼ਸੇ ਪੰਜਾਬੀਆਂ ਨੂੰ ਲਿਆਉਣ ਲਈ ਵਿੱਢੀ ਮੁਹਿੰਮ ਤਹਿਤ ਹੁਣ ਇਹ ਪ੍ਰਵਾਸੀ ਏਕਾਂਤਵਸ ਕੇਂਦਰਾਂ ਵਿਚ ਆਉਣ ਲੱਗੇ ਹਨ। ਜ਼ਿਲ੍ਹੇ ਦੇ ਸਰਕਾਰੀ ਏਕਾਂਤਵਸ ਕੇਂਦਰਾਂ ਵਿਚ ਅੱਧੀ ਦਰਜ਼ਨ ਦੇ ਕਰੀਬ ਦੁਬਈ ਤੋਂ ਪਰਤੇ ਲੋਕ ਵੀ ਸ਼ਾਮਲ ਹਨ।

ਸਿਵਲ ਸਰਜ਼ਨ ਡਾ ਅਮਰੀਕ ਸਿੰਘ ਸੰਧੂ ਨੇ ਦਸਿਆ ਕਿ ਨਿਯਮਾਂ ਮੁਤਾਬਕ ਵਿਦੇਸ਼ ਤੋਂ ਵਾਪਸ ਪਰਤਣ ਵਾਲਿਆਂ ਨੂੰ 14 ਦਿਨਾਂ ਲਈ ਏਕਾਂਤਵਸ ਕੇਂਦਰਾਂ ਵਿਚ ਰਹਿਣਾ ਪਏਗਾ। ਹਾਲਾਂਕਿ ਉਹ ਜੇਕਰ ਚਾਹੁਣ ਤਾਂ ਹੋਟਲਾਂ ਵਿਚ ਵੀ ਰਹਿ ਸਕਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।