ਸੂਬੇ 'ਚ 24 ਘੰਟਿਆਂ ਦੌਰਾਨ ਸਿਰਫ਼ ਇਕ ਪਾਜ਼ੇਟਿਵ ਮਾਮਲਾ ਅਤੇ 28 ਠੀਕ ਹੋਏ

ਏਜੰਸੀ

ਖ਼ਬਰਾਂ, ਪੰਜਾਬ

ਪਿਛਲੇ 2 ਹਫ਼ਤਿਆਂ ਦੌਰਾਨ ਪੰਜਾਬ ਵਿਚ ਕੋਰੋਨਾ ਵਾਇਰਸ ਪੀੜਤ ਮਾਮਲਿਆਂ ਵਿਚ ਆ ਰਹੀ ਗਿਰਾਵਟ ਅਤੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਤੇਜ਼ੀ

Photo

ਚੰਡੀਗੜ੍ਹ : ਪਿਛਲੇ 2 ਹਫ਼ਤਿਆਂ ਦੌਰਾਨ ਪੰਜਾਬ ਵਿਚ ਕੋਰੋਨਾ ਵਾਇਰਸ ਪੀੜਤ ਮਾਮਲਿਆਂ ਵਿਚ ਆ ਰਹੀ ਗਿਰਾਵਟ ਅਤੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਤੇਜ਼ੀ ਨਾਲ ਵਧ ਰਹੀ ਗਿਣਤੀ ਸੂਬੇ ਵਿਚ ਇਸ ਸਮੇਂ ਕੋਵਿਡ-19 ਦੀ ਮਹਾਂਮਾਰੀ ਦੇ ਸੰਕਟ 'ਤੇ ਕਾਬੂ ਹੋਣ ਦੇ ਹੀ ਸੰਕੇਤ ਹਨ ਭਾਵੇਂ ਕਿ ਆਉਣ ਵਾਲੇ ਦਿਨਾਂ ਬਾਰੇ ਹਾਲੇ ਕੁੱਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਮੈਡੀਕਲ ਮਾਹਰਾਂ ਦਾ ਵਿਚਾਰ ਹੈ ਕਿ ਜੂਨ-ਜੁਲਾਈ ਮਹੀਨੇ ਦੇਸ਼ ਭਰ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧੇਰੇ ਹੋਵੇਗੀ ਅਤੇ ਇਸ ਤੋਂ ਬਾਅਦ ਗਿਣਤੀ ਥੱਲੇ ਨੂੰ ਆਵੇਗੀ।

ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ;ਇਹ ਪੰਜਾਬ ਲਈ ਸੱਭ ਛੋਂ ਸੁਖਦ ਸਮਾਂ ਰਿਹਾ। ਇਸ ਸਮੇਂ ਦੌਰਾਨ ਸਿਰਫ਼ 1 ਹੀ ਕੋਰੋਨਾ ਪਾਜ਼ੇਟਿਵ ਮਾਮਲਾ ਸਾਹਮਣੇ ਆਇਆ ਹੈ ਅਤੇ 28 ਮਰੀਜ਼ ਠੀਕ ਹੋਏ ਹਨ। ਇਹ ਮਾਮਲਾ ਵੀ ਸਿੱਧਾ ਪੰਜਾਬ ਦਾ ਨਾ ਹੋ ਕੇ ਰੇਲਵੇ ਪੁਲਿਸ ਫੋਰਸ ਡਿਊਟੀ ਵਾਲਾ ਮੁਲਾਜ਼ਮ ਹੈ ਜੋ ਲੁਧਿਆਣਾ ਵਿਚ ਸਾਹਮਣੇ ਆਇਆ ਹੈ। ਇਸ ਤਰ੍ਹਾਂ ਹੁਣ ਸੂਬੇ ਵਿਚ ਅੱਜ ਸ਼ਾਮ ਤੱਕ ਕੁੱਲ ਪਾਜ਼ੇਟਿਵ ਕੇਸਾਂ ਦੀ ਅੰਕੜਾ 2029 ਹੋ ਗਿਆ ਹੈ।

ਇਨ੍ਹਾਂ 'ਚੋਂ ਹੁਣ ਤੱਕ 1847 ਵਿਅਕਤੀ ਠੀਕ ਹੋ ਕੇ ਅਪਣੇ ਘਰਾਂ ਨੂੰ ਪਰਤ ਚੁੱਕੇ ਹਨ ਅਤੇ ਸਿਰਫ਼ 143 ਮਰੀਜ਼ ਹੀ ਇਸ ਸਮੇਂ ਇਲਾਜ ਅਧੀਨ ਹਨ। ਜੇਕਰ ਅਗਲੇ 2-3 ਦਿਨਾਂ ਦੌਰਾਨ ਪਾਜ਼ੇਟਿਵ ਕੇਸਾਂ ਦਾ ਅੰਕੜਾ ਘੱਟ ਰਿਹਾ ਤਾਂ ਇਹ ਇਲਾਜ ਅਧੀਨ ਬਾਕੀ ਮਰੀਜ਼ ਵੀ ਠੀਕ ਹੋਣ ਬਾਅਦ ਸੂਬਾ ਕੋਰੋਨਾ ਮੁਕਤ ਹੋਣ ਵੱਲ ਵਧ ਸਕਦਾ ਹੈ।

ਜ਼ਿਕਰਯੋਗ ਹੈ ਕਿ ਅੱਜ ਜ਼ਿਲ੍ਹਾ ਬਠਿੰਡਾ ਦੇ ਵੀ ਸਾਰੇ ਮਰੀਜ਼ ਠੀਕ ਹੋਣ ਬਾਅਦ ਪੰਜ ਜ਼ਿਲ੍ਹੇ ਕੋਰੋਨਾ ਮੁਕਤ ਹੋ ਚੁੱਕੇ ਹਨ। ਇਨ੍ਹਾਂ ਵਿਚ ਮੋਹਾਲੀ, ਸੰਗਰੂਰ, ਮੋਗਾ ਅਤੇ ਫ਼ਿਰੋਜ਼ਪੁਰ ਸ਼ਾਮਲ ਹਨ। ਤਰਨਤਾਰਨ, ਰੋਪੜ, ਫਤਿਹਗੜ੍ਹ ਸਾਹਿਬ, ਕਪੂਰਥਲਾ ਅਤੇ ਬਰਨਾਲਾ ਵਿਚ ਇਸ ਸਮੇਂ ਸਿਰਫ਼ 1-1 ਪਾਜ਼ੇਟਿਵ ਕੇਸ ਹੀ ਇਲਾਜ ਅਧੀਨ ਹੈ। ਇਸ ਸਮੇਂ ਸਿਰਫ਼ ਅੰਮ੍ਰਿਤਸਰ ਵਿਚ 12, ਜਲੰਧਰ ਵਿਚ 24 ਅਤੇ ਲੁਧਿਆਣਾ ਵਿਚ ਸੱਭ ਤੋਂ ਵੱਧ ਪਾਜ਼ੇਟਿਵ ਕੇਸ ਇਲਾਜ ਅਧੀਨ ਹਨ। ਬਾਕੀ ਜ਼ਿਲ੍ਹਿਆਂ ਵਿਚ ਗਿਣਤੀ 2 ਤੋਂ 9 ਦੇ ਵਿਚਕਾਰ ਹੈ।

ਇਕ ਬਜ਼ੁਗਰ ਨਿਕਲਿਆ 'ਕੋਰੋਨਾ' ਪੀੜਤ
ਜਲੰਧਰ, 22 ਮਈ (ਲੱਕੀ/ਸ਼ਰਮਾ) : ਸਥਾਨਕ ਪਠਾਨਕੋਟ ਰੋਡ 'ਤੇ ਸਥਿਤ ਹਸਪਤਾਲ 'ਚ ਐਂਡ੍ਰੋਸਕੋਪੀ ਕਰਵਾਉਣ ਆਇਆ ਬਜ਼ੁਰਗ 'ਕੋਰੋਨਾ' ਪਾਜ਼ੇਟਿਵ ਨਿਕਲਿਆ ਹੈ। ਇਸ ਨਾਲ ਜ਼ਿਲ੍ਹੇ 'ਚ ਹੁਣ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ਵਧ ਕੇ 218 ਹੋ ਗਈ ਹੈ। ਜਾਣਕਾਰੀ ਅਨੁਸਾਰ ਫਿਲੌਰ ਅਧੀਨ ਪੈਂਦੇ ਪਿੰਡ ਤਲਵਣ ਦਾ ਰਹਿਣ ਵਾਲਾ 62 ਸਾਲਾ ਰਣਜੀਤ ਸਿੰਘ ਜਦੋਂ ਸਥਾਨਕ ਪਠਾਨਕੋਟ ਰੋਡ 'ਤੇ ਸਥਿਤ ਸ੍ਰੀਮਾਨ ਹਸਪਤਾਲ 'ਚ ਐਂਡ੍ਰੋਸਕੋਪੀ ਕਰਵਾਉਣ ਆਇਆ ਤਾਂ ਹਸਪਤਾਲ ਦੇ ਡਾਕਟਰਾਂ ਨੇ ਅਹਤਿਆਤ ਵਜੋਂ ਉਸ ਦਾ 'ਕੋਰੋਨਾ' ਟੈਸਟ ਕਰਵਾਇਆ ਗਿਆ, ਜਿਸ ਦੀ ਰੀਪੋਰਟ ਪਾਜ਼ੇਟਿਵ ਆਈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਹੁਣ ਉਕਤ ਬਜ਼ੁਰਗ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਫਗਵਾੜਾ 'ਚ 65 ਸਾਲਾ ਔਰਤ ਦੀ ਰੀਪੋਰਟ ਆਈ ਪਾਜ਼ੇਟਿਵ
ਫਗਵਾੜਾ, 22 ਮਈ (ਪਪ) : ਪਿਛਲੇ ਕੁੱਝ ਦਿਨ ਤੋਂ ਸ਼ਾਂਤ ਬੈਠੇ ਕੋਰੋਨਾ ਨੇ ਅੱਜ ਮੁੜ ਇਕ ਵਾਰ ਦਸਤਕ ਦਿਤੀ ਹੈ, ਜਿਸ ਤਹਿਤ ਇਥੋਂ ਦੇ ਮੁਹੱਲਾ ਨਿਊ ਸੂਖਚੈਨ ਨਗਰ ਦੀ ਇਕ ਮਹਿਲਾ ਨੂੰ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਣ ਮਗਰੋਂ ਉਸ ਨੂੰ ਆਈਸੋਲੇਸ਼ਨ ਵਾਰਡ ਕਪੂਰਥਲਾ ਵਿਖੇ ਭੇਜ ਦਿਤਾ ਗਿਆ ਹੈ ਅਤੇ ਉਸ ਦੇ ਪਰਵਾਰ ਦੇ ਛੇ ਮੈਂਬਰਾ ਦੇ ਸਿਹਤ ਵਿਭਾਗ ਨੇ ਸੈਂਪਲ ਲੈ ਲਏ ਹਨ।

ਸਿਹਤ ਵਿਭਾਗ ਦੇ ਸੂਤਰਾਂ ਮੁਤਾਬਕ ਉਕਤ 65 ਸਾਲਾ ਔਰਤ ਨੂੰ ਕੋਰੋਨਾ ਦੇ ਕੋਈ ਲੱਛਣ ਨਹੀਂ ਸਨ, ਉਹ ਅਪਣਾ ਆਪ੍ਰੇਸ਼ਨ ਕਰਵਾਉਣ ਲਈ ਜਲੰਧਰ ਦੇ ਇਕ ਪ੍ਰਾਈਵੇਟ ਨਰਸਿੰਗ ਹੋਮ 'ਚ ਭਰਤੀ ਹੋਈ ਸੀ, ਜਦੋਂ ਹਸਪਤਾਲ ਵਾਲਿਆਂ ਨੇ ਇਸ ਦਾ ਆਪ੍ਰੇਸ਼ਨ ਕਰਨ ਲਈ ਟੈਸਟ ਕੀਤੇ ਤਾਂ ਉਨ੍ਹਾਂ ਟੈਸਟਾਂ ਦੌਰਾਨ ਸ਼ੱਕ ਪੈਂਦਾ ਹੋਇਆ, ਜਿਸ ਦੌਰਾਨ ਕਰਾਵਾਇਆ ਗਿਆ ਕੋਰੋਨਾ ਟੈਸਟ ਪਾਜ਼ੇਟਿਵ ਆ ਗਿਆ। ਉਨ੍ਹਾਂ ਕਿਹਾ ਕਿ ਲਏ ਗਏ ਸੈਂਪਲਾ ਦੀ ਰੀਪੋਰਟ ਕਲ ਤਕ ਆ ਜਾਵੇਗੀ।

ਲੁਧਿਆਣਾ 'ਚ ਰੇਲਵੇ ਪੁਲਿਸ ਦੇ ਜਵਾਨਾਂ ਸਮੇਤ 7 ਕੋਰੋਨਾ ਪੀੜਤ
ਲੁਧਿਆਣਾ, 22 ਮਈ (ਪਪ): ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦਸਿਆ ਹੈ ਕਿ ਜਾਂਚ ਦੌਰਾਨ ਲੁਧਿਆਣਾ ਵਿਚ ਅੱਜ 7 ਹੋਰ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਪੀੜਤਾਂ ਵਿਚ 6 ਜਵਾਨ ਰੇਲਵੇ ਸੁਰੱਖਿਆ ਪੁਲਿਸ ਨਾਲ ਸਬੰਧਤ ਹਨ ਜਦਕਿ ਦਿੱਲੀ ਤੋਂ ਵਾਪਸ ਆਈ ਇਕ ਔਰਤ ਯਾਤਰੀ ਹੈ।

ਪੰਜਾਬ ਕੋਰੋਨਾ ਅਪਡੇਟ
ਕੁੱਲ ਸੈਂਪਲ : 62399
ਨੈਗੇਟਿਵ ਆਏ : 55777
ਪਾਜ਼ੇਟਿਵ ਮਾਮਲੇ : 2029
ਠੀਕ ਹੋਏ : 1847
ਇਲਾਜ ਅਧੀਨ  : 143
ਲੰਬਿਤ ਸੈਂਪਲ : 4593
ਕੁੱਲ ਮੌਤਾਂ : 40