ਹਾਈ ਵੋਲਟੇਜ ਤਾਰਾਂ ਦੀ ਲਪੇਟ ’ਚ ਆਈ ਸ਼ਰਧਾਲੂਆਂ ਨਾਲ ਭਰੀ ਟਰਾਲੀ, ਇੱਕ ਦੀ ਮੌਤ, 25 ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਕਰਨੈਲ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਹੈ।

photo

 

ਅੰਮ੍ਰਿਤਸਰ :  ਛੇਹਰਟਾ ਥਾਣਾ ਖੇਤਰ ਦੇ ਪਿੰਡ ਘਣੂਪੁਰ ਨੇੜੇ ਸਥਿਤ ਗੁਰਦੁਆਰਾ ਸੰਗਤਸਰ ਦੇ ਮੇਲੇ ਦੀ ਸੇਵਾ ਲਈ ਜਾ ਰਹੇ ਸ਼ਰਧਾਲੂਆਂ ਦੀ ਟਰੈਕਟਰ-ਟਰਾਲੀ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਆ ਗਈ। ਹਾਦਸੇ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 25 ਹੋਰ ਸ਼ਰਧਾਲੂ ਝੁਲਸ ਗਏ ਹਨ। ਇਸ ਵਿਚ ਇੱਕੋ ਪਰਿਵਾਰ ਦੇ 15 ਲੋਕ ਸ਼ਾਮਲ ਹਨ।

ਮ੍ਰਿਤਕ ਦੇ ਭਰਾ ਹਰਦੇਵ ਸਿੰਘ ਅਤੇ ਕੈਪਟਨ ਸਿੰਘ ਨੇ ਦਸਿਆ ਕਿ ਉਨ੍ਹਾਂ ਦਾ ਭਰਾ ਕਰਨੈਲ ਸਿੰਘ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਸੇਵਾ ਕਰਨ ਗਿਆ ਹੋਇਆ ਸੀ। ਸੇਵਾ ਕਰਨ ਉਪਰੰਤ ਜਦੋਂ ਉਸ ਦਾ ਭਰਾ ਇੱਕ ਟਰਾਲੀ ਵਿਚ ਸੰਗਤ ਸਮੇਤ ਪਿੰਡ ਵਡਾਲਾ ਤੋਂ ਵਾਪਸ ਆ ਰਿਹਾ ਸੀ ਤਾਂ ਰਸਤੇ ਵਿਚ ਖੇਤਾਂ ਨੇੜੇ ਡਿੱਗੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਉਸ ਦੀ ਟਰਾਲੀ ਆ ਗਈ। ਇਸ ਕਾਰਨ ਟਰਾਲੀ ਵਿਚ ਬੈਠੀ ਸੰਗਤ ਨੂੰ ਕਰੰਟ ਲੱਗ ਗਿਆ।

ਟਰੈਕਟਰ ਚਾਲਕ ਨੇ ਕਿਸੇ ਤਰ੍ਹਾਂ ਤੇਜ਼ ਰਫਤਾਰ ਨਾਲ ਟਰਾਲੀ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਪਿੰਡ ਕਾਲੇ ਦੇ ਰਹਿਣ ਵਾਲੇ ਕਰਨੈਲ ਸਿੰਘ ਦੀ ਕਰੰਟ ਲਗਣ ਨਾਲ ਮੌਤ ਹੋ ਚੁੱਕੀ ਸੀ। ਹਾਦਸੇ 'ਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਬੱਚਿਆਂ ਸਮੇਤ 25 ਲੋਕ ਝੁਲਸ ਗਏ। ਸ਼ਰਧਾਲੂਆਂ ਨੂੰ ਨੇੜੇ ਸਥਿਤ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਬਿਜਲੀ ਮਹਿਕਮੇ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਨੇ ਕਰਨੈਲ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਹੈ।