Ludhiana : ਅੱਖਾਂ ਤੋਂ ਦਿਖਾਈ ਨਹੀਂ ਦਿੰਦਾ, ਫਿਰ ਵੀ ਕਾਇਮ ਕੀਤੀ ਮਿਸਾਲ
ਕੁਲਵਿੰਦਰ ਸਿੰਘ ਤੇ ਜਸਪਾਲ ਸਿੰਘ ਨੇ ਰਾਜਮਾਹ ਚਾਵਲਾਂ ਦਾ ਸਟਾਲ ਲਗਾ ਕੇ ਕੀਤਾ ਕੰਮ ਸ਼ੁਰੂ
ਅਸੀਂ ਅਕਸਰ ਲੋਕਾਂ ਨੂੰ ਕਹਿੰਦੇ ਸੁਣਦੇ ਹਾਂ ਕਿ ਸਾਨੂੰ ਰੁਜ਼ਗਾਰ ਨਹੀਂ ਮਿਲਦਾ। ਜਿਸ ਕਰ ਕੇ ਕਈ ਨੌਜਵਾਨ ਗ਼ਲਤ ਰਸਤੇ ਵੀ ਅਪਣਾ ਲੈਂਦੇ ਹਨ, ਜਿਵੇਂ ਨਸ਼ਾ ਕਰਨਾ ਤੇ ਵੇਚਣਾ ਜਾਂ ਫਿਰ ਚੋਰੀ ਡਕੈਤੀ ਕਰਨਾ ਜਾਂ ਫਿਰ ਵਿਹਲੇ ਘਰ ਬੈਠ ਜਾਂਦੇ ਹਨ। ਪਰ ਅੱਜ ਅਸੀਂ ਲੁਧਿਆਣਾ ਦੇ ਦੋ ਨੌਜਵਾਨਾਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਦਾ ਨਾਮ ਕੁਲਵਿੰਦਰ ਸਿੰਘ ਤੇ ਜਸਪਾਲ ਸਿੰਘ ਹੈ ਤੇ ਦੋਹਾਂ ਨੂੰ ਹੀ ਅੱਖਾਂ ਤੋਂ ਨਹੀਂ ਦਿਖਦਾ। ਇਨ੍ਹਾਂ ਵਿਚ ਜਜ਼ਬਾ ਇੰਨਾ ਹੈ ਕਿ ਦੋਵੇਂ ਨੌਜਵਾਨ ਲੁਧਿਆਣਾ ਵਿਚ ਸਟਾਲ ਲਗਾ ਕੇ ਰਾਜਮਾਹ-ਚਾਵਲ ਵੇਚਦੇ ਹਨ।
ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਕੁਲਵਿੰਦਰ ਸਿੰਘ ਨੇ ਕਿਹਾ ਕਿ ਮੈਂ 12ਵੀਂ ਕਲਾਸ ਤਕ ਰੈਗੂਲਰ ਪੜ੍ਹਾਈ ਕੀਤੀ ਹੈ ਤੇ ਗ੍ਰੈਜੂਏਸ਼ਨ ਦਿੱਲੀ ਤੋਂ ਪ੍ਰਾਈਵੇਟ ਕੀਤੀ ਹੈ। ਜਿਸ ਤੋਂ ਮੈਂ ਘਰ ਵਿਹਲਾ ਬੈਠਿਆ ਰਿਹਾ ਤੇ 10 ਤੋਂ 12 ਸਾਲਾਂ ਬਾਅਦ ਮੈਂ ਤੇ ਮੇਰੇ ਦੋਸਤ ਨੇ ਮਿਲ ਕੇ ਇਹ ਕੰਮ ਕਰਨ ਦਾ ਸੋਚਿਆ। ਉਨ੍ਹਾਂ ਕਿਹਾ ਕਿ ਮੈਂ ਜਮਾਲਪੁਰ ਮੁੰਡੀਆਂ ਕਲਾਂ ਵਿਚ ਰਹਿੰਦਾ ਹਾਂ। ਮੈਂ ਤੇ ਜਸਪਾਲ ਦੋਵੇਂ ਹੀ ਨੇਤਰਹੀਣ ਸਕੂਲ ਵਿਚ ਇਕੱਠੇ ਪੜ੍ਹੇ ਹਾਂ। ਉਨ੍ਹਾਂ ਕਿਹਾ ਕਿ ਮੇਰੇ ਮਾਤਾ-ਪਿਤਾ, ਮੇਰਾ ਭਰਾ ਤੇ ਮੈਨੂੰ ਅੱਖਾਂ ਤੋਂ ਨਹੀਂ ਦਿਖਦਾ ਪਰ ਮੇਰੀ ਭੈਣ ਨੂੰ ਸਭ ਕੁੱਝ ਦਿਖਦਾ ਹੈ।
ਪਹਿਲਾਂ ਅਸੀਂ ਬਸੰਤ ਪਾਰਕ ਕੋਲ ਖੜ੍ਹਦੇ ਸੀ ਪਰ ਉਥੇ ਇੰਨਾ ਵਧੀਆ ਕੰਮ ਨਹੀਂ ਚੱਲਿਆ ਤੇ ਬਾਅਦ ਵਿਚ ਅਸੀਂ ਇਥੇ ਆ ਕੇ ਸਟਾਲ ਲਗਾਈ ਤੇ ਪਰਮਾਤਮਾ ਦੀ ਕਿਰਪਾ ਸਦਕਾ ਇਥੇ ਸਾਡਾ ਕੰਮ ਵਧੀਆ ਚਲ ਰਿਹਾ ਹੈ। ਅਸੀਂ ਇਹ ਖਾਣਾ ਸੰਸਥਾ ਵਿਚ ਤਿਆਰ ਕਰਦੇ ਹਾਂ ਜਿਸ ਨੂੰ ਤਿਆਰ ਕਰਨ ਲਈ ਸਾਨੂੰ 3 ਘੰਟੇ ਲਗਦੇ ਹਨ। ਅਸੀਂ ਇਥੇ ਸਵੇਰੇ 11 ਵਜੇ ਆਉਂਦੇ ਹਾਂ ਤੇ ਜਦੋਂ ਸਾਡਾ ਸਾਰਾ ਸਮਾਨ ਵਿਕ ਜਾਂਦਾ ਹੈ ਤਾਂ ਅਸੀਂ ਚਲੇ ਜਾਂਦੇ ਹਾਂ। ਕੁਲਵਿੰਦਰ ਸਿੰਘ ਨੇ ਕਿਹਾ ਕਿ ਮੇਰੇ ਮਾਤਾ ਪਿਤਾ ਜੀ ਦੋਵੇਂ ਸਰਕਾਰੀ ਨੌਕਰੀ ਕਰਦੇ ਹਨ ਜਿਨ੍ਹਾਂ ਨੇ ਸਾਨੂੰ ਇਹ ਕੰਮ ਸ਼ੁਰੂ ਕਰਨ ਵਿਚ ਬਹੁਤ ਮਦਦ ਕੀਤੀ ਹੈ।
ਕੰਮ ਸ਼ੁਰੂ ਕਰਨ ਵਿਚ ਮੁਸ਼ਕਲ ਸਭ ਨੂੰ ਹੁੰਦੀ ਹੈ ਚਾਹੇ ਉਹ ਨਾਰਮਲ ਹੋਵੇ ਜਾਂ ਫਿਰ ਅੰਗਹੀਣ। ਪਰ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰ ਜਾਂਦਾ ਹੈ, ਉਹ ਹੀ ਕਾਮਯਾਬ ਹੁੰਦਾ ਹੈ। ਅਸੀਂ ਮਿਹਨਤ ਕਰ ਰਹੇ ਹਾਂ ਤੇ ਇਕ ਵਧੀਆ ਜ਼ਿੰਦਗੀ ਜੀਅ ਰਹੇ ਹਾਂ। ਪਰਮਾਤਮਾ ਨੇ ਇਕ ਛੋਟੀ ਜਿਹੀ ਜ਼ਿੰਦਗੀ ਦਿਤੀ ਹੈ ਜਿਸ ’ਚ ਅਸੀਂ ਆਪਣੀਆਂ ਸਾਰੀਆਂ ਰੀਝਾਂ ਪੂਰੀਆਂ ਕਰਨੀਆਂ ਹਨ।