ਸਿੱਖ ਰੈਫ਼ਰੈਂਸ ਲਾਇਬ੍ਰੇਰੀ ਵਿਚ ਕੀਤੀ ਸਖ਼ਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤੈਨਾਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਕਿਸੇ ਨਾਲ ਵੀ ਕੋਈ ਗੱਲ ਨਹੀਂ ਕਰਨੀ, ਇਥੋਂ ਤਕ ਕਿ ਰੈਫ਼ਰੈਂਸ ਲਾਇਬ੍ਰੇਰੀ ਦੀ ਗੱਲ ਕਰਨ 'ਤੇ ਸਾਫ਼ ਇਨਕਾਰ ਕਰ ਦਿਤਾ ਜਾਵੇ

Sikh Reference Library

ਅੰਮ੍ਰਿਤਸਰ (ਚਰਨਜੀਤ ਸਿੰਘ): ਰੋਜ਼ਾਨਾ ਸਪੋਕਸਮੈਨ ਵਿਚ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਗਾਇਬ ਹੋਏੇ ਇਕ ਸਰੂਪ ਦਾ ਮਾਮਲਾ ਜਨਤਕ ਹੋਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਸਿੱਖ ਰੈਫ਼ਰੈਂਸ ਲਾਇਬ੍ਰੇਰੀ ਵਿਚ ਸਖ਼ਤੀ ਕਰ ਦਿਤੀ ਗਈ ਹੈ। ਤੈਨਾਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਕਿਸੇ ਨਾਲ ਵੀ ਕੋਈ ਗੱਲ ਨਹੀਂ ਕਰਨੀ, ਇਥੋਂ ਤਕ ਕਿ ਰੈਫ਼ਰੈਂਸ ਲਾਇਬ੍ਰੇਰੀ ਦੀ ਗੱਲ ਕਰਨ 'ਤੇ ਸਾਫ਼ ਇਨਕਾਰ ਕਰ ਦਿਤਾ ਜਾਵੇ। 

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗਾਇਬ ਹੋਏ ਸਰੂਪ ਦਾ ਮਾਮਲਾ ਇਸ ਤੋਂ ਪਹਿਲਾਂ ਵੀ ਅਣਗਿਣਤ ਵਾਰ ਜਨਤਕ ਹੋਇਆ ਸੀ ਪਰ ਸ਼੍ਰੋਮਣੀ ਕਮੇਟੀ ਦੀ ਬਾਬੂਸ਼ਾਹੀ ਨੇ ਕਦੇ ਵੀ ਇਸ ਮਾਮਲੇ 'ਤੇ ਗੰਭੀਰਤਾ ਨਹੀਂ ਦਿਖਾਈ। ਦਸਿਆ ਜਾਂਦਾ ਹੈ ਕਿ ਸਾਲ 2000-01 ਦੇ ਆਸ ਪਾਸ ਇਕ ਸਾਬਕਾ ਜਥੇਦਾਰ ਇਕ ਸਰੂਪ ਅਪਣੇ ਨਾਲ ਵਿਦੇਸ਼ ਲੈ ਗਿਆ ਸੀ। ਇਸ ਸਰੂਪ ਬਾਰੇ ਬਾਅਦ ਵਿਚ ਕਦੇ ਵੀ ਕੋਈ ਉਘ ਸੁਘ ਨਹੀਂ ਮਿਲੀ। ਇਸ ਮਾਮਲੇ ਨੂੰ ਜਦ ਰੋਜ਼ਾਨਾ ਸਪੋਕਸਮੈਨ ਨੇ ਜਨਤਕ ਕੀਤਾ ਤਾਂ ਉਚ ਅਧਿਕਾਰੀਆਂ ਨੂੰ  ਹੋਸ਼ ਆਈ  ਤੇ ਲੱਗਾ ਕਿ ਅਸੀ ਕੌਮ ਦੇ ਅਣਮੁਲੇ ਖ਼ਜ਼ਾਨੇ ਨਾਲ ਧ੍ਰੋਹ ਕਮਾ ਬੈਠੇ ਹਾਂ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗਾਇਬ ਹੋਏ ਸਰੂਪ ਆਖ਼ਰ ਗਏ ਕਿਥੇ, ਕਿੰਨੇ ਸਰੂਪ ਗਾਇਬ ਹਨ, ਕੌਣ ਕੌਣ ਇਸ ਵਗਦੀ ਗੰਗਾ ਵਿਚੋਂ ਹੱਥ ਧੋ ਗਿਆ? ਹਰ ਕੋਈ ਕਿਆਸ ਅਰਾਈਆਂ ਲਗਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਗਲਿਆਰਿਆਂ ਵਿਚ ਲੰਮੇ ਸਮੇਂ ਤੋਂ ਚਰਚਾ ਚਲਦੀ ਆ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਕ ਸਰੂਪ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਸਰੂਪ 4000 ਪਾਉਂਡ ਵਿਚ ਵਿਕਿਆ, ਨੂੰ ਅਕਾਲ ਤਖ਼ਤ ਸਾਹਿਬ ਦਾ ਸਾਬਕਾ ਜਥੇਦਾਰ ਲੈ ਗਿਆ ਸੀ।

ਇਸ ਕੰਮ ਵਿਚ 'ਜਥੇਦਾਰ' ਦੀ ਮਦਦ ਇਕ ਪ੍ਰਚਾਰਕ ਅਤੇ ਸ੍ਰੀ ਦਰਬਾਰ ਸਾਹਿਬ ਦੇ ਇਕ ਸਾਬਕਾ ਮੈਨੇਜਰ ਨੇ ਕੀਤੀ। ਦਸਿਆ ਜਾ ਰਿਹਾ ਹੈ ਕਿ ਇਸ ਸਰੂਪ ਤਕ ਹੀ ਗੱਲ ਸੀਮਤ ਨਹੀਂ ਰਹੀ। ਵਿਦੇਸ਼ ਵਿਚ ਕਈ ਸਰੂਪ ਗਏ ਤੇ ਮਹਿੰਗੇ ਮੁਲ ਵਿਕੇ ਜਿਨ੍ਹਾਂ ਵਿਚ ਇਕ ਦੁਰਲਭ ਸਰੂਪ ਉਹ ਵੀ ਹੈ ਜਿਸ ਨੂੰ ਅੱਠ ਨੁਕਰਾਂ ਵਾਲਾ ਸਰੂਪ ਵੀ ਕਿਹਾ ਜਾਂਦਾ ਹੈ। ਇਸ ਸਾਰੇ ਮਾਮਲੇ ਦੀ ਜਾਂਚ ਕਰਨ ਵਾਲੀ ਕਮੇਟੀ ਦੇ ਮੈਂਬਰਾਂ ਵਿਚੋਂ ਜ਼ਿਆਦਾਤਰ ਉਸ ਵੇਲੇ ਸ਼੍ਰੋਮਣੀ ਕਮੇਟੀ ਵਿਚ ਅਹੁਦੇਦਾਰ ਸਨ। ਕੀ ਇਹ ਲੋਕ ਕੌਮ ਨੂੰ ਇਨਸਾਫ਼ ਦੇ ਸਕਣਗੇ?