ਸਿੱਖ ਰੈਫ਼ਰੈਂਸ ਲਾਇਬ੍ਰੇਰੀ ਮਾਮਲਾ ਚੁੱਕਣ 'ਤੇ 'ਰੋਜ਼ਾਨਾ ਸਪੋਕਸਮੈਨ' ਦਾ ਧੰਨਵਾਦ : ਭਾਈ ਮੋਹਕਮ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਭਾਈ ਲੌਂਗੋਵਾਲ ਵਲੋਂ ਬਣਾਈ ਕਮੇਟੀ ਤੋਂ ਪੰਥ ਨੂੰ ਕੋਈ ਆਸ ਨਹੀਂ, ਸ਼੍ਰੋਮਣੀ ਕਮੇਟੀ ਨਾਲ ਜੁੜੇ ਬੰਦੇ ਸੱਚ ਨਹੀਂ ਦਸ ਸਕਦੇ

Bhai Muhkam Singh Ji

ਅੰਮ੍ਰਿਤਸਰ (ਚਰਨਜੀਤ ਸਿੰਘ): ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਮਾਮਲੇ ਨੂੰ ਪ੍ਰਮੁਖਤਾ ਨਾਲ ਪ੍ਰਕਾਸ਼ਤ ਕਰਨ 'ਤੇ ਰੋਜ਼ਾਨਾ ਸਪੋਕਸਮੈਨ ਦਾ ਧਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਰੈਫ਼ਰੈਂਸ ਲਾਇਬਰੇਰੀ ਮਾਮਲੇ ਨੂੰ ਜਨਤਕ ਕਰ ਕੇ ਰੋਜ਼ਾਨਾ ਸਪੋਕਸਮੈਨ ਨੇ ਪੰਥ ਪ੍ਰਤੀ ਅਪਣੀ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਨਾਲ ਇਮਾਨਦਾਰੀ ਨਾਲ ਨਿਭਾਇਆ ਹੈ ਤੇ ਦਸ ਦਿਤਾ ਹੈ ਕਿ 'ਸਪੋਕਸਮੈਨ' ਹੀ ਸਿੱਖਾਂ ਦੀ ਇਕੋ ਇਕ ਅਖ਼ਬਾਰ ਹੈ।

ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਬਣਾਈ ਪੰਜ ਮੈਂਬਰੀ ਕਮੇਟੀ 'ਤੇ ਕਿੰਤੂ ਕਰਦਿਆਂ ਕਿਹਾ ਕਿ ਇਸ ਕਮੇਟੀ ਤੋਂ ਪੰਥ ਨੂੰ ਕੋਈ ਆਸ ਨਹੀਂ ਹੈ। ਅੱਜ ਪੱਤਰਕਾਰਾਂ ਨਾਲ ਗੱਲ ਕਰਦਿਆਂ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਇਸ ਕਮੇਟੀ ਵਿਚ ਉਨ੍ਹਾਂ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਵੱਖ ਵੱਖ ਅਹੁਦਿਆਂ 'ਤੇ ਕੰਮ ਕਰ ਚੁੱਕੇ ਹਨ ਤੇ ਉਨ੍ਹਾਂ ਅਪਣੇ ਕਾਰਜਕਾਲ ਵਿਚ ਰੈਫ਼ਰੈਂਸ ਲਾਇਬ੍ਰੇਰੀ ਨੂੰ ਲੈ ਕੇ ਕੁੱਝ ਵੀ ਨਹੀਂ ਕੀਤਾ।

ਉਨ੍ਹਾਂ ਕਿਹਾ ਕਿ ਕਮੇਟੀ ਦੇ ਮੈਂਬਰਾਂ ਬੀਬੀ ਜਗੀਰ ਕੌਰ ਅਤੇ ਪ੍ਰੋਫ਼ੈਸਰ ਕ੍ਰਿਪਾਲ ਸਿੰਘ ਬਡੂੰਗਰ ਦੇ ਨਾਲ ਨਾਲ ਸਾਬਕਾ ਸਕੱਤਰ ਦਿਲਮੇਘ ਸਿੰਘ ਲਾਇਬ੍ਰੇਰੀ ਮਾਮਲੇ 'ਤੇ ਅਪਣੇ ਕਾਰਜਕਾਲ ਵਿਚ ਸਿਰਫ਼ ਕੇਂਦਰ ਸਰਕਾਰ ਨੂੰ ਪੱਤਰ ਲਿਖਣ ਤਕ ਸੀਮਤ ਰਹੇ, ਜਦਕਿ ਇਹ ਭਲੀ ਭਾਂਤ ਜਾਣਦੇ ਸਨ ਕਿ ਰੈਫ਼ਰੈਂਸ ਲਾਇਬ੍ਰੇਰੀ ਦੇ ਸਮਾਨ ਦਾ ਇਕ ਵੱਡਾ ਹਿੱਸਾ ਵਾਪਸ ਮਿਲ ਚੁੱਕਾ ਹੈ।

 ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਇਸ ਜਾਂਚ ਕਮੇਟੀ ਵਿਚ ਹਰ ਸਿੱਖ ਜਥੇਬੰਦੀ ਦੇ ਨੁਮਾਇੰਦੇ ਅਤੇ ਕੁੱਝ ਨਿਰਪਖ ਪੱਤਰਕਾਰਾਂ ਦੇ ਨਾਲ ਨਾਲ ਜਸਟਿਸ ਕੁਲਦੀਪ ਸਿੰਘ, ਐਡਵੋਕੇਟ ਐਚ ਐਸ ਫੂਲਕਾ, ਕੇ ਟੀ ਐਸ ਤੁਲਸੀ ਜਹੇ ਕਾਨੂੰਨਦਾਨਾਂ ਨੂੰ ਸ਼ਾਮਲ ਕਰ ਕੇ ਸਾਰੇ ਮਾਮਲੇ ਦੀ ਜਾਂਚ ਕੀਤੀ ਜਾਂਦੀ ਤਾਕਿ ਸਹੀ ਸੱਚ ਸਾਹਮਣੇ ਆ ਸਕਦਾ। ਉਨ੍ਹਾਂ ਕਿਹਾ ਕਿ ਖ਼ੁਦ ਦੋਸ਼ੀ ਵਿਅਕਤੀ ਇਸ ਮਾਮਲੇ 'ਤੇ ਕੀ ਜਾਂਚ ਕਰਨਗੇ। ਸਿੱਖਾਂ ਨੂੰ ਇਸ ਕਮੇਟੀ ਤੋਂ ਕੋਈ ਆਸ ਨਹੀਂ ਰਖਣੀ ਚਾਹੀਦੀ।