ਸਿੱਖਾਂ ਨੂੰ ਘੇਰ-ਘੇਰ ਕੇ ਛੱਲੀਆਂ ਵਾਂਗ ਕੁੱਟੇ ਜਾਣਾ ਅਪਣੀਂ ਅੱਖੀਂ ਤਕਿਆ : ਕਰਮ ਸਿੰਘ
ਅਪਣੀ ਲੱਤ 'ਤੇ ਹੋਏ ਜ਼ਖ਼ਮ ਦਿਖਾ ਕੇ ਪੁਲਿਸੀਆ ਅਤਿਆਚਾਰ ਦੀ ਦਾਸਤਾਨ ਸੁਣਾਉਂਦਿਆਂ ਕਰਮ ਸਿੰਘ
ਕੋਟਕਪੂਰਾ (ਗੁਰਿੰਦਰ ਸਿੰਘ): ਇਕ ਪਾਸੇ ਬੇਅਦਬੀ ਨਾਲ ਜੁੜੀਆਂ ਗੋਲੀਕਾਂਡ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਐਸਆਈਟੀ ਵਲੋਂ ਬਹਿਬਲ ਕਲਾਂ ਅਤੇ ਕੋਟਕਪੂਰਾ ਵਿਖੇ 14 ਅਕਤੂਬਰ 2015 ਨੂੰ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਦੇ ਮਾਮਲੇ 'ਚ ਇਕ ਸਿਆਸੀ ਆਗੂ ਸਮੇਤ 6 ਪੁਲਿਸ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਨਾਮਜ਼ਦ ਕੀਤੇ ਜਾ ਚੁੱਕੇ ਵਿਅਕਤੀਆਂ ਵਲੋਂ ਅਗਾਊਂ ਜ਼ਮਾਨਤਾਂ ਕਰਾਉਣ ਦੀਆਂ ਚਾਰਾਜੋਈਆਂ ਵੀ ਜਾਰੀ ਹਨ ਪਰ ਦੂਜੇ ਪਾਸੇ ਐਸਆਈਟੀ ਵਲੋਂ 14 ਅਕਤੂਬਰ ਨੂੰ ਪੁਲਿਸੀਆ ਅਤਿਆਚਾਰ ਮੌਕੇ ਜ਼ਖ਼ਮੀ ਹੋਏ ਵਿਅਕਤੀਆਂ ਦਾ ਰੀਕਾਰਡ ਇਕੱਤਰ ਕਰਨ ਦਾ ਸਿਲਸਿਲਾ ਵੀ ਜਾਰੀ ਹੈ।
ਅੱਜ ਉਕਤ ਗੋਲੀਕਾਂਡ ਦੇ ਪੀੜਤ ਕਰਮ ਸਿੰਘ ਨੂੰ ਐਸਆਈਟੀ ਨੇ ਤਲਬ ਕੀਤਾ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਵਿਖੇ ਲਿਜਾ ਕੇ ਉਸ ਦਾ ਡਾਕਟਰੀ ਮੁਆਇਨਾ ਕਰਵਾਇਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤ ਕਰਮ ਸਿੰਘ ਨੇ ਦਸਿਆ ਕਿ ਡਾਕਟਰਾਂ ਵਲੋਂ ਉਸ ਦੀ ਸੱਜੀ ਲੱਤ ਦੀ ਉਸ ਹੱਡੀ ਦੀ ਦੂਰਬੀਨ ਵਾਲੇ ਕੈਮਰਿਆਂ ਨਾਲ ਜਾਂਚ ਕੀਤੀ ਗਈ ਜਿਸ ਵਿਚ ਪੁਲਿਸ ਦੀ ਗੋਲੀ ਲੱਗੀ ਸੀ। ਕਰਮ ਸਿੰਘ ਨੇ ਆਸ ਪ੍ਰਗਟਾਈ ਕਿ ਹੁਣ ਐਸਆਈਟੀ ਦੀ ਡੂੰਘਾਈ ਨਾਲ ਕੀਤੀ ਜਾ ਰਹੀ ਜਾਂਚ ਪੜਤਾਲ ਤੋਂ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਪੀੜਤਾਂ ਨੂੰ ਇਨਸਾਫ਼ ਮਿਲਣ ਦੀ ਆਸ ਬੱਝੀ ਹੈ।
ਅਪਣੀ ਲੱਤ 'ਤੇ ਹੋਏ ਜ਼ਖ਼ਮ ਦਿਖਾ ਕੇ ਪੁਲਿਸੀਆ ਅਤਿਆਚਾਰ ਦੀ ਦਾਸਤਾਨ ਸੁਣਾਉਂਦਿਆਂ ਕਰਮ ਸਿੰਘ ਨੇ ਦਸਿਆ ਕਿ ਜਦੋਂ ਉਹ ਪੁਲਿਸ ਦੀਆਂ ਲਾਠੀਆਂ ਤੇ ਡਾਂਗਾਂ ਦੀ ਮਾਰ ਨਾਲ ਜ਼ਖ਼ਮੀ ਹੋ ਕੇ ਲਹੂ ਲੁਹਾਣ ਹੋ ਗਿਆ ਤੇ ਹਸਪਤਾਲ ਜਾਣਾ ਚਾਹਿਆ ਤਾਂ ਪੁਲਿਸ ਨੇ ਭਜਾ ਦਿੱਤਾ। ਪੁਲਿਸ ਕਰਮਚਾਰੀ ਖ਼ੁਦ ਵਾਹਨਾਂ ਦੀ ਭੰਨਤੋੜ ਕਰ ਕੇ ਅੱਗ ਲਾ ਰਹੇ ਸਨ ਤੇ ਉਲਟਾ ਪੁਲਿਸ ਦੀ ਮਾਰ ਨਾਲ ਨਿਢਾਲ ਹੋਏ ਸਿੰਘਾਂ ਨੂੰ ਡਰਾਵਾਂ ਦਿੱਤਾ ਜਾ ਰਿਹਾ ਸੀ ਕਿ ਉਹ ਇੱਥੋਂ ਭੱਜ ਜਾਣ ਨਹੀਂ ਤਾਂ ਵਾਹਨਾਂ ਦੀ ਭੰਨਤੋੜ ਕਰਨ ਅਤੇ ਅੱਗਾਂ ਲਾਉਣ ਦੇ ਦੋਸ਼ ਹੇਠ ਉਨ੍ਹਾਂ ਵਿਰੁੱਧ ਹੀ ਪੁਲਿਸ ਮਾਮਲੇ ਦਰਜ ਕਰ ਦਿੱਤੇ ਜਾਣਗੇ।