ਬੇਅਦਬੀ ਕਾਂਡ : SIT ਨੇ ਗੋਲੀਕਾਂਡ ਤੋਂ ਪੀੜਤ ਦੋ ਨੌਜਵਾਨਾਂ ਦਾ ਦੁਬਾਰਾ ਫਿਰ ਕਰਵਾਇਆ ਡਾਕਟਰੀ ਮੁਆਇਨਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪੁਲਿਸੀਆ ਤਸ਼ੱਦਦ ਦੇ ਉਨ੍ਹਾਂ ਕੋਲ ਸਾਰੇ ਸਬੂਤ ਮੌਜੂਦ ਹਨ : ਭਾਈ ਰਣਜੀਤ ਸਿੰਘ ਅਤੇ ਗਗਨਪ੍ਰੀਤ ਸਿੰਘ

Beadbi Case

ਕੋਟਕਪੂਰਾ : ਬੇਅਦਬੀ ਦੀ ਘਟਨਾ ਤੋਂ ਬਾਅਦ ਸ਼ਾਂਤਮਈ ਧਰਨਾ ਦੇ ਰਹੀਆਂ ਸੰਗਤਾਂ ਉਪਰ ਢਾਹੇ ਗਏ ਅਣਮਨੁੱਖੀ ਪੁਲਿਸੀਆ ਅਤਿਆਚਾਰ ਤੋਂ ਪੀੜਤ ਦੋ ਨੌਜਵਾਨਾਂ ਦਾ ਅੱਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਵਿਖੇ ਡਾਕਟਰੀ ਮੁਆਇਨਾ ਕਰਵਾਇਆ ਗਿਆ। ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਐਸਆਈਟੀ ਉਕਤ ਜਾਂਚ ਵਾਲੇ ਮਾਮਲੇ 'ਚ ਅਪਣਾ ਪੱਖ ਮਜ਼ਬੂਤ ਕਰਨ ਦੀ ਵਿਉਂਤਬੰਦੀ ਕਰ ਰਹੀ ਹੋਵੇ। 

ਅੱਜ ਨੇੜਲੇ ਪਿੰਡ ਵਾੜਾਦਰਾਕਾ ਦੇ ਵਸਨੀਕ ਭਾਈ ਰਣਜੀਤ ਸਿੰਘ ਟੋਨੀ ਅਤੇ ਕੋਟਕਪੂਰਾ ਵਾਸੀ ਗਗਨਪ੍ਰੀਤ ਸਿੰਘ ਡਿੰਪਲ ਦਾ ਡਾਕਟਰੀ ਮੁਆਇਨਾ ਕਰਾਉਣ ਮੌਕੇ ਲਗਾਤਾਰ 4 ਘੰਟੇ ਉਨ੍ਹਾਂ ਨੂੰ ਐਸਆਈਟੀ ਵਲੋਂ ਗਠਤ ਕੀਤੇ ਡਾਕਟਰਾਂ ਦੇ ਮੈਡੀਕਲ ਬੋਰਡ ਨੇ ਅਪਣੇ ਕੋਲ ਰੱਖਿਆ ਅਤੇ ਐਮਆਰਆਈ ਕਰਾਉਣ ਤੋਂ ਬਾਅਦ ਵਾਪਸ ਘਰੋਂ ਘਰੀ ਤੋਰ ਦਿਤਾ, ਸਾਰਾ ਸਮਾਂ ਐਸਆਈਟੀ ਦੇ ਮੈਂਬਰ ਇੰਸਪੈਕਟਰ ਗੁਰਮੀਤ ਸਿੰਘ ਦੀ ਅਗਵਾਈ ਵਾਲੀ ਟੀਮ ਵੀ ਉਥੇ ਮੌਜੂਦ ਰਹੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਰਣਜੀਤ ਸਿੰਘ ਅਤੇ ਗਗਨਪ੍ਰੀਤ ਸਿੰਘ ਨੇ 14 ਅਕਤੂਬਰ 2015 ਨੂੰ ਬੱਤੀਆਂ ਵਾਲਾ ਚੌਕ ਕੋਟਕਪੂਰਾ 'ਚ ਪੁਲਿਸ ਵਲੋਂ ਸ਼ਾਂਤਮਈ ਧਰਨਾ ਦੇ ਰਹੀਆਂ ਸੰਗਤਾਂ ਉਪਰ ਢਾਹੇ ਅਤਿਆਚਾਰ ਨੂੰ ਬਿਆਨ ਕਰਨ ਮੌਕੇ ਕਈ ਅਹਿਮ ਪ੍ਰਗਟਾਵੇ ਕੀਤੇ। ਉਨ੍ਹਾਂ ਦਸਿਆ ਕਿ ਪੁਲਿਸੀਆ ਤਸ਼ੱਦਦ ਦੇ ਉਨ੍ਹਾਂ ਕੋਲ ਸਾਰੇ ਸਬੂਤ ਮੌਜੂਦ ਹਨ। 

ਜ਼ਿਕਰਯੋਗ ਹੈ ਕਿ ਉਕਤ ਨੌਜਵਾਨਾਂ ਨੂੰ ਘਟਨਾ ਵਾਲੇ ਦਿਨ ਪੁਲਿਸ ਨੇ ਡਾਕਟਰੀ ਇਲਾਜ ਕਰਾਉਣ ਦੀ ਇਜਾਜ਼ਤ ਨਹੀਂ ਸੀ ਦਿਤੀ ਪਰ ਉਨਾ ਪੁਲਿਸ ਤੋਂ ਲੁਕ ਛਿਪ ਕੇ ਬੜੀ ਮੁਸ਼ਕਲ ਨਾਲ ਇਲਾਜ ਕਰਵਾਇਆ ਸੀ। ਉਨ੍ਹਾਂ ਦਸਿਆ ਕਿ ਘਟਨਾ ਵਾਲੇ ਦਿਨ 14 ਅਕਤੂਬਰ 2015 ਨੂੰ ਗਗਨਪ੍ਰੀਤ ਸਿੰਘ ਡਿੰਪਲ ਦੀ ਪੁਲਿਸ ਵਲੋਂ ਕੀਤੀ ਗਈ ਬੇਤਹਾਸ਼ਾ ਕੁੱਟਮਾਰ ਤੋਂ ਬਾਅਦ ਉਸ ਨੂੰ ਬੇਹੋਸ਼ ਕਰ ਦੇਣ ਅਤੇ ਉਸ ਦੀ ਮਾਤਾ ਵਲੋਂ ਮਿੰਨਤਾਂ-ਤਰਲੇ ਅਤੇ ਵਾਸਤੇ ਪਾਉਣ ਦੇ ਬਾਵਜੂਦ ਇਲਾਜ ਕਰਵਾਉਣ ਦੀ ਇਜਾਜ਼ਤ ਨਾ ਮਿਲਣ ਦੀਆਂ ਗੱਲਾਂ ਤਾਂ ਭਾਵੇਂ ਐਸਆਈਟੀ ਕੋਲ ਲਿਖਤੀ ਰੂਪ 'ਚ ਦਰਜ ਕਰਵਾਈਆਂ ਜਾ ਚੁੱਕੀਆਂ ਹਨ ਪਰ ਅੱਜ ਫਿਰ ਐਸਆਈਟੀ ਨੇ ਗਗਨਪ੍ਰੀਤ ਦਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਵਿਖੇ ਡਾਕਟਰੀ ਮੁਆਇਨਾ ਕਰਵਾਇਆ।

ਗਗਨਪ੍ਰੀਤ ਨੇ ਦਸਿਆ ਕਿ ਪੁਲਿਸ ਦੇ ਭਾਰੀ ਤਸ਼ੱਦਦ ਦੌਰਾਨ ਉਸ ਦੇ ਨੱਕ ਦੀ ਹੱਡੀ ਟੁੱਟ ਗਈ ਸੀ ਤੇ ਸਰੀਰ ਦਾ ਕੋਈ ਵੀ ਹਿੱਸਾ ਅਜਿਹਾ ਨਹੀਂ ਸੀ ਬਚਿਆ ਜਿਸ ਉਪਰ ਸੋਟੀਆਂ ਅਤੇ ਡਾਂਗਾਂ ਦੇ ਨਿਸ਼ਾਨ ਨਾ ਛਪੇ ਹੋਣ। ਰਣਜੀਤ ਸਿੰਘ ਵਾੜਾਦਰਾਕਾ ਅਨੁਸਾਰ ਪੁਲਿਸ ਨੇ ਉਸ ਨੂੰ ਉਦੋਂ ਤਕ ਕੁੱਟਣਾ ਜਾਰੀ ਰੱਖਿਆ, ਜਦ ਤਕ ਉਹ ਬੇਤਹਾਸ਼ਾ ਕੁੱਟਮਾਰ ਬਰਦਾਸ਼ਤ ਕਰਦਾ ਬੇਹੋਸ਼ ਨਾ ਹੋ ਗਿਆ।

ਪੁਲਿਸ ਨੇ ਉਸ ਨੂੰ ਮਰਿਆ ਸਮਝ ਕੇ ਛੱਡ ਦਿਤਾ, ਮੇਰੀਆਂ ਲੱਤਾਂ ਤੇ ਬਾਹਾਂ 'ਚ ਜਿਵੇਂ ਸਾਹ-ਸੱਤ ਹੀ ਨਾ ਰਿਹਾ ਹੋਵੇ ਪਰ ਕਿਸੇ ਪੰਥਦਰਦੀ ਨੇ ਮੈਨੂੰ ਗੁਰਦਵਾਰਾ ਚੁੱਲਾ ਸਾਹਿਬ ਕੋਟਕਪੂਰਾ ਵਿਖੇ ਪਹੁੰਚਾਇਆ, ਜਿਥੇ ਹੋਰ ਵੀ ਅਨੇਕਾਂ ਸਿੰਘ ਗੰਭੀਰ ਜ਼ਖ਼ਮੀ ਹਾਲਤ 'ਚ ਤਰਾਹ-ਤਰਾਹ ਕਰ ਰਹੇ ਸਨ। ਐਸਆਈਟੀ ਦਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਇਸ ਬਾਰੇ ਭਾਵੇਂ ਮੂੰਹ ਖੋਲ੍ਹਣ ਲਈ ਤਿਆਰ ਨਹੀਂ ਪਰ ਪੀੜਤ ਪਰਵਾਰਾਂ ਨੂੰ ਹੁਣ ਐਸਆਈਟੀ ਦੀ ਜਾਂਚ ਨਾਲ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਪੀੜਤਾਂ ਨੂੰ ਇਨਸਾਫ਼ ਮਿਲਣ ਦੀ ਪੂਰੀ ਆਸ ਬੱੱਝੀ ਹੈ।