ਬਠਿੰਡਾ ਦੇ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਮਾਮਲੇ 'ਤੇ ਸਿਆਸਤ ਗਰਮਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀ ਦਲ ਨੇ ਫੂਕਿਆ ਮਨਪ੍ਰੀਤ ਦਾ ਪੁਤਲਾ, ਆਪ ਵਲੋਂ ਦਫ਼ਤਰ ਦਾ ਘਿਰਾਉ ਅੱਜ

protest

ਬਠਿੰਡਾ : ਕਰੀਬ 43 ਸਾਲ ਤੋਂ ਬਠਿੰਡਾ ਦੇ ਟਿੱਬਿਆਂ ਨੂੰ ਰੰਗ-ਭਾਗ ਲਗਾ ਰਹੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਜ਼ਮੀਨ ਵੇਚਣ ਦਾ ਮਾਮਲਾ ਤੂਲ ਫੜਨ ਲੱਗਾ ਹੈ। ਇਸ ਦੇ ਵਿਰੋਧ 'ਚ ਅੱਜ ਵਿਰੋਧੀ ਪਾਰਟੀਆਂ ਪੰਜਾਬ ਸਰਕਾਰ ਵਿਰੁਧ ਸੜਕਾਂ 'ਤੇ ਉਤਰ ਆਈਆਂ ਹਨ। ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਅਗਵਾਈ 'ਚ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪੁਤਲਾ ਫੂਕਿਆ ਗਿਆ। ਜਦਕਿ ਇਲਾਵਾ ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪਾਵਰਕਾਮ ਜ਼ੋਨ ਬਠਿੰਡਾ ਵਲੋਂ ਵੀ ਪੰਜਾਬ ਸਰਕਾਰ ਦੁਆਰਾ ਬਠਿੰਡਾ ਥਰਮਲ ਦੀ ਜਮੀਨ ਵੇਚਣ ਦੇ ਵਿਰੋਧ 'ਚ ਵੱਖ-ਵੱਖ ਸਬ ਡਵੀਜ਼ਨਾਂ ਵਿਚ ਸਰਕਾਰ ਦੇ ਪੁਤਲੇ ਫੂਕੇ ਗਏ। ਇਸ ਤੋਂ ਆਮ ਆਦਮੀ ਪਾਰਟੀ ਵਲੋਂ ਭਲਕੇ ਵਿਤ ਮੰਤਰੀ ਦੇ ਦਫ਼ਤਰ ਦਾ ਘਿਰਾਉ ਕਰਨ ਤੋਂ ਇਲਾਵਾ ਬਠਿੰਡਾ 'ਚ ਵੱਡਾ ਸੰਘਰਸ਼ ਵਿੱਢਿਆ ਜਾ ਰਿਹਾ।

ਗੌਰਤਲਬ ਹੈ ਕਿ ਵਿਤ ਮੰਤਰੀ ਸ੍ਰੀ ਬਾਦਲ ਨੂੰ ਵਿਰੋਧੀ ਪਾਰਟੀਆਂ ਵਲੋਂ ਇਸ ਕਰ ਕੇ ਲੰਮੇ ਹੱਥੀ ਲਿਆ ਜਾ ਰਿਹਾ ਹੈ ਕਿ ਉਨ੍ਹਾਂ ਚੋਣਾਂ ਤੋਂ ਪਹਿਲਾਂ ਜ਼ੋਰ-ਸ਼ੋਰ ਨਾਲ ਇਸ ਥਰਮਲ ਪਲਾਂਟ ਨੂੰ ਮੁੜ ਚਲਾਉਣ ਦਾ ਜਨਤਕ ਵਾਅਦਾ ਕੀਤਾ ਸੀ। ਉਧਰ ਅੱਜ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਬਠਿੰਡਾ ਸ਼ਹਿਰੀ ਸ੍ਰੀ ਸਰੂਪ ਚੰਦ ਸਿੰਗਲਾ ਦੀ ਅਗਵਾਈ ਹੇਠ ਅਕਾਲੀ ਦਲ ਵਲੋਂ ਸਥਾਨਕ ਭਾਈ ਘਨੱਈਆ ਚੌਕ ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਐਲਾਨ ਕੀਤਾ ਕਿ ਉਹ ਕਿਸੇ ਵੀ ਕੀਮਤ 'ਤੇ ਥਰਮਲ ਪਲਾਂਟ ਦੀ ਜ਼ਮੀਨ ਨੂੰ ਨੀਲਾਮ ਨਹੀਂ ਹੋਣ ਦਿਤਾ ਜਾਵੇਗਾ।

ਉਨ੍ਹਾਂ ਦੋਸ਼ ਲਗਾਇਆ ਕਿ ਬਠਿੰਡਾ ਦੇ ਵਿਧਾਇਕ ਅਤੇ ਵਿਤ ਮੰਤਰੀ ਮਨਪ੍ਰੀਤ ਬਾਦਲ ਨੇ ਬਠਿੰਡਾ ਦੇ ਲੋਕਾਂ ਨਾਲ ਵਿਸ਼ਵਾਸ-ਘਾਤ ਕੀਤਾ ਹੈ । ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨੇ ਅਪਣੇ ਚੋਣ ਮੈਨੀਫ਼ੈਸਟੋ ਵਿਚ ਲੜੀ ਨੰਬਰ 14 ਵਿਚ ਵਾਅਦਾ ਕੀਤਾ ਸੀ ਕਿ ਬਠਿੰਡਾ ਦੇ ਥਰਮਲ ਨੂੰ ਬੰਦ ਨਹੀਂ ਕੀਤਾ ਜਾਵੇਗਾ ਅਤੇ ਬਠਿੰਡਾ ਸ਼ਹਿਰ ਦੀ ਹਰ ਗਲੀ ਵਿਚ ਅਪਣੇ ਭਾਸ਼ਣ ਕਿਹਾ ਸੀ ਕਿ ਮੈਂ ਥਰਮਲ ਦੀਆਂ ਉਦਾਸ ਪਈਆਂ ਚਿਮਨੀਆਂ ਵਿਚੋਂ ਧੂੰਆਂ ਨਿਕਲਦਾ ਦੇਖਣਾਂ ਚਾਹੁੰਦਾ ਹਾਂ। ਪਰ ਬਹੁਤ ਅਫ਼ਸੋਸ ਦੀ ਗੱਲ ਹੈ ਕਿ ਥਰਮਲ ਦੀਆਂ ਚਿਮਨੀਆਂ ਦੀ ਬਜਾਏ ਉਨ੍ਹਾਂ ਨੇ ਬਠਿੰਡਾ ਸ਼ਹਿਰ ਦੇ ਲੋਕਾਂ ਦਾ ਹੀ ਧੁਆਂ ਕੱਢ ਦਿਤਾ।

ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਰੋਸ ਮੁਜ਼ਾਹਰੇ ਨੂੰ ਸ੍ਰੀ ਸਿੰਗਲਾ ਤੋਂ ਇਲਾਵਾ ਸਾਬਕਾ ਮੇਅਰ ਬਲਵੰਤ ਰਾਏ ਨਾਥ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਚਮਕੌਰ ਸਿੰਘ ਮਾਨ, ਸ਼ਹਿਰੀ ਪ੍ਰਧਾਨ ਰਾਜਬਿੰਦਰ ਸਿੰਘ ਸਿੱਧੂ, ਇਕਬਾਲ ਸਿੰਘ ਬਬਲੀ ਢਿੱਲੋਂ, ਦਲਜੀਤ ਸਿੰਘ ਬਰਾੜ, ਭੁਪਿੰਦਰ ਸਿੰਘ ਭੱਲਰ, ਡਾ.ਓਮ ਪ੍ਰਕਾਸ ਸ਼ਰਮਾਂ ਜਿਲਾ ਪ੍ਰੇਸੱ ਸਕੱਤਰ ਆਦਿ ਵੀ ਹਾਜ਼ਰ ਸਨ।

ਉਧਰ ਅੱਜ ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪਾਵਰਕੋਮ ਜੋਨ ਬਠਿੰਡਾ ਵਲੋਂ ਵੀ ਬਠਿੰਡਾ ਦੇ ਥਰਮਲ ਪਲਾਂਟ ਦੀ 1764 ਏਕੜ ਜ਼ਮੀਨ ਪੁੱਡਾ ਨੂੰ ਦੇਣ ਦੇ ਵਿਰੋਧ ਵਜੋਂ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ। ਕਮੇਟੀ ਪ੍ਰਧਾਨ ਗੁਰਵਿੰਦਰ ਸਿੰਘ ਨੇ ਕਿਹਾ ਕਿ ਜਿੱਥੇ ਬਠਿੰਡਾ ਥਰਮਲ ਨੇ ਸਸਤੀ ਬਿਜਲੀ ਲੋਕਾਂ ਨੂੰ ਦਿਤੀ ਓੁਥੇ ਹੀ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿਤਾ ਅਤੇ ਬਠਿੰਡੇ ਸ਼ਹਿਰ ਦੀ ਪਛਾਣ ਵੀ ਬਣਿਆ। ਜਰਨਲ ਸਕੱਤਰ ਖੁਸ਼ਦੀਪ ਸਿੰਘ ਤੇ ਕਰਮਜੀਤ ਦਿਓੁਣ ਨੇ ਇਲਜ਼ਾਮ ਲਾਇਆ ਕਿ ਜਦੋਂ ਪਿਛਲੀ ਬਾਦਲ ਸਰਕਾਰ ਵੇਲੇ ਥਰਮਲ ਬੰਦ ਕੀਤਾ ਜਾ ਰਿਹਾ ਸੀ। ਓੁਦੋਂ ਵੀ ਥਰਮਲ ਕਾਮਿਆਂ ਨੇ ਸੰਘਰਸ਼ ਕੀਤਾ ਤੇ ਕੁੱਝ ਚਿਰ ਥਰਮਲ ਬੰਦ ਹੋਣ ਤੋਂ ਰੋਕਣ ਵਿਚ ਕਾਮਯਾਬ ਹੋਏ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।