P.A.U ਮਾਹਿਰਾਂ ਨੇ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ 'ਚ ਚੂਹਿਆਂ ਦੀ ਰੋਕਥਾਮ ਲਈ ਦਿੱਤੇ ਸੁਝਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੂਹਿਆਂ ਦੀ ਸੁਚੱਜੀ ਰੋਕਥਾਮ ਲਈ ਸਿਫਾਰਿਸ਼ ਅਨੁਸਾਰ ਚੋਗ ਤਿਆਰ ਕਰੋ: ਪੀ ਏ ਯੂ ਮਾਹਿਰ

Photo

ਕੋਵਿਡ-19 ਕਾਰਨ ਲੇਬਰ ਦੀ ਕਮੀ ਦੀ ਹਾਲਤ ਵਿਚ ਪੰਜਾਬ ਦਾ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਵਲ ਧਿਆਨ ਦੇ ਰਿਹਾ ਹੈ। ਇਸ ਸੰਬੰਧੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੁਆਰਾ ਸਮੇਂ ਸਮੇਂ ਸਿੱਧੀ ਬਿਜਾਈ ਨਾਲ ਸੰਬੰਧਿਤ ਮਸਲਿਆਂ ਬਾਰੇ ਕਿਸਾਨਾਂ ਨੂੰ ਸੁਝਾਅ ਦਿੱਤੇ ਜਾ ਰਹੇ ਹਨ । ਪੀ ਏ ਯੂ ਦੇ ਪ੍ਰਿੰਸੀਪਲ ਜੁਆਲੋਜਿਸਟ (ਰੋਡੈਂਟਸ) ਅਤੇ ਮੁਖੀ, ਜੀਵ ਵਿਗਿਆਨ ਵਿਭਾਗ ਡਾ ਨੀਨਾ ਸਿੰਗਲਾ ਨੇ ਝੋਨੇ ਦੀ ਬਿਜਾਈ ਵਿਚ ਚੂਹਿਆਂ ਦੀ ਸਮੱਸਿਆ ਦੇ ਹੱਲ ਸੰਬੰਧੀ ਅੱਜ ਦੱਸਿਆ ਕਿ ਪਹਿਲਾਂ ਖੇਤ ਵਿੱਚ ਚੰਗੀ ਤਰਾਂ ਵਹਾਈ ਕਰਨ ਤੋਂ ਬਾਅਦ ਪਾਣੀ ਖੜਾ ਕਰਕੇ ਕੱਦੂ ਕੀਤਾ ਜਾਂਦਾ ਸੀ। ਜਿਸ ਕਾਰਨ ਚੂਹਿਆਂ ਦੀਆਂ ਖੁੱਡਾਂ ਖਤਮ ਹੋ ਜਾਂਦੀਆਂ ਸਨ ਅਤੇ ਨੁਕਸਾਨ ਵੀ ਘੱਟ ਹੁੰਦਾ ਸੀ ।ਪਰ ਹੁਣ ਸਿੱਧੀ ਬਿਜਾਈ ਕਾਰਨ ਖੇਤਾਂ ਵਿੱਚ ਚੂਹਿਆਂ ਦੀ ਸਮੱਸਿਆ ਵੱਧ ਆ ਰਹੀ ਹੈ। ਇਸ ਲਈ ਚੂਹਿਆਂ ਦੀ ਰੋਕਥਾਮ ਬਹੁਤ ਜ਼ਰੂਰੀ ਹੈ। ਡਾ ਸਿੰਗਲਾ ਨੇ ਦੱਸਿਆ ਕਿ ਪੰਜਾਬ ਦੇ ਖੇਤਾਂ ਵਿੱੱਚ ਮੁੱਖ ਤੌਰ ਤੇ ਪੰਜ ਕਿਸਮਾਂ ਦੇ ਚੂਹੇ ਤੇ ਚੂਹਿਆਂ ਮਿਲਦੇ ਹਨ ਜਿਵੇਂ ਕਿ ਅੰਨ੍ਹਾ ਚੂਹਾ, ਭੂਰਾ ਚੂਹਾ, ਨਰਮ ਚਮੜੀ ਵਾਲਾ ਚੂਹਾ, ਝਾੜੀਆਂ ਦਾ ਚੂਹਾ ਤੇ ਖੇਤਾਂ ਦੀ ਚੂਹੀ। ਇਹਨਾਂ ਵਿੱੱਚੋਂ ਖੇਤ ਵਿੱਚ ਅੰਨ੍ਹੇ ਚੂਹੇ ਦੀ ਹੋਂਦ ਦੀ ਪਛਾਣ ਛੋਟੀਆਂ-ਛੋਟੀਆਂ ਮਿੱਟੀ ਦੀਆਂ ਢੇਰੀਆਂ ਤੋਂ ਕੀਤੀ ਜਾ ਸਕਦੀ ਹੈ।

ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਵਿੱਚ ਫ਼ਸਲ ਉੱਗਣ ਵੇਲੇ ਚੂਹਿਆਂ ਦੀ ਰੋਕਥਾਮ ਲਈ ਇੱਕ ਦਿਨ ਪਹਿਲਾਂ ਸ਼ਾਮ ਨੂੰ ਖੇਤਾਂ ਵਿਚਲੀਆਂ, ਵੱਟਾਂ ਉਪਰਲੀਆਂ ਅਤੇ ਆਲੇ ਦੁਆਲੇ ਦੀਆਂ ਸਾਰਿਆਂ ਚੂਹਿਆਂ ਦੀਆਂ ਖੁੱਡਾਂ ਦੇ ਮੂੰਹ ਮਿੱਟੀ ਨਾਲ ਬੰਦ ਕਰ ਦਿਉ ਅਤੇ ਅਗਲੇ ਦਿਨ ਤਾਜ਼ੀਆਂ ਖੁੱਲ੍ਹੀਆਂ ਖੁੱਡਾਂ ਵਿੱਚ ਜ਼ਹਿਰੀਲਾ ਚੋਗ ਕਾਗਜ਼ ਦੀਆਂ ਢਿੱਲੀਆਂ ਪੁੜੀਆਂ ਵਿੱਚ 10-10 ਗ੍ਰਾਮ ਤਕਰੀਬਨ 6 ਇੰਚ ਹਰ ਖੁੱਡ ਅੰਦਰ ਰੱਖੋ । ਮਿੱਟੀ ਦੀ ਢੇਰੀਆਂ ਲਾਉਣ ਵਾਲੇ ਚੂਹੇ ਦੀਆਂ ਖੁੱਡਾਂ ਉਪਰੋਂ ਧਿਆਨ ਨਾਲ ਮਿੱਟੀ ਹਟਾ ਕੇ ਜ਼ਹਿਰੀਲਾ ਚੋਗ ਖੁੱਡ ਅੰਦਰ ਰੱਖੋ । ਉਨ੍ਹਾਂ ਕਿਹਾ ਕਿ ਚੂਹਿਆਂ ਦਾ ਜ਼ਹਿਰੀਲੇ ਚੋਗ ਨੂੰ ਖਾਣਾ, ਚੋਗ ਵਿੱਚ ਵਰਤੇ ਗਏ ਦਾਣਿਆਂ ਦੇ ਸੁਆਦ ਅਤੇ ਮਹਿਕ ਉਪਰ ਨਿਰਭਰ ਕਰਦਾ ਹੈ। ਇਸ ਲਈ ਵਧੇਰੇ ਅਸਰ ਲਈ ਜ਼ਹਿਰੀਲਾ ਚੋਗ ਸਿਫ਼ਾਰਿਸ਼ ਕੀਤੇ ਢੰਗ ਨਾਲ ਬਣਾਉਣ ਲਈ 2% ਜਿੰਕ ਫ਼ਾਸਫ਼ਾਈਡ ਵਾਲਾ ਚੋਗ: ਇੱਕ ਕਿਲੋ ਬਾਜਰਾ ਜਾਂ ਜਵਾਰ ਜਾਂ ਕਣਕ ਦਾ ਦਰੜ ਜਾਂ ਇਨ੍ਹਾਂ ਸਾਰਿਆਂ ਦਾ ਮਿਸ਼ਰਣ ਲੈ ਕੇ ਉਸ ਵਿੱਚ 20 ਗ੍ਰਾਮ ਕੋਈ ਵੀ ਖਾਣ ਵਾਲਾ ਤੇਲ ਤੇ 20 ਗ੍ਰਾਮ ਪੀਸੀ ਖੰਡ ਚੰਗੀ ਤਰ੍ਹਾਂ ਮਿਲਾਉ ਅਤੇ ਫਿਰ ਉਸ ਵਿੱਚ 25 ਗ੍ਰਾਮ ਜਿੰਕ ਫ਼ਾਸਫ਼ਾਈਡ ਦਾ ਪਾਉਡਰ ਪਾ ਕੇ ਕਿਸੇ ਡੰਡੇ ਜਾ ਖੁਰਪੇ ਨਾਲ ਜਾਂ ਹੱਥਾਂ ਤੇ ਰਬੜ ਦੇ ਦਸਤਾਨੇ ਚੜ੍ਹਾ ਕੇ ਰਲਾਉ। 0.005% ਬਰੋਮਾਡਾਈਲੋਨ ਵਾਲਾ ਚੋਗ ਇੱਕ ਕਿਲੋ ਬਾਜਰਾ ਜਾਂ ਜਵਾਰ ਜਾਂ ਕਣਕ ਦਾ ਦਰੜ ਜਾਂ ਇਨ੍ਹਾਂ ਸਾਰਿਆਂ ਦਾ ਮਿਸ਼ਰਣ ਲੈ ਕੇ ਉਸ ਵਿੱਚ 20 ਗ੍ਰਾਮ ਕੋਈ ਵੀ ਖਾਣ ਵਾਲਾ ਤੇਲ ਤੇ 20 ਗ੍ਰਾਮ ਪੀਸੀ ਖੰਡ ਚੰਗੀ ਤਰ੍ਹਾਂ ਮਿਲਾਉ ਅਤੇ ਫਿਰ ਉਸ ਵਿੱਚ 20 ਗ੍ਰਾਮ ਬਰੋਮਾਡਾਈਲੋਨ ਦਾ ਪਾਉਡਰ ਪਾ ਕੇ ਕਿਸੇ ਡੰਡੇ ਜਾ ਖੁਰਪੇ ਨਾਲ ਜਾਂ ਹੱਥਾਂ ਤੇ ਰਬੜ ਦੇ ਦਸਤਾਨੇ ਚੜ੍ਹਾ ਕੇ ਰਲਾਉ।

ਕਿਉਂਕਿ ਜਿੰਕ ਫ਼ਾਸਫ਼ਾਈਡ ਦਾ ਚੋਗ ਥੋੜ੍ਹੀ ਜਿਹੀ ਵੀ ਨਮੀ ਦੀ ਮਾਤਰਾ ਕਾਰਨ ਅਸਰਹੀਨ ਹੋ ਜਾਂਦਾ ਹੈ।ਇਸ ਲਈ ਇਸ ਜ਼ਹਿਰੀਲੇ ਚੋਗ ਨੂੰ ਹਮੇਸ਼ਾ ਤਾਜ਼ਾ ਹੀ ਤਿਆਰ ਕਰੋ ਅਤੇ ਇਸ ਵਿੱਚ ਪਾਣੀ ਨਾ ਪੈਣ ਦਿਉ। ਜਿੰਕ ਫ਼ਾਸਫ਼ਾਈਡ ਦੇ ਚੋਗ ਨੂੰ ਖਾਣ ਤੋਂ ਕੁੱਝ ਹੀ ਘੰਟਿਆ ਬਾਅਦ ਚੂਹੇ ਦੀ ਮੌਤ ਹੋ ਜਾਂਦੀ ਹੈ ਜਿਸ ਕਾਰਨ ਬਾਕੀ ਬਚੇ ਚੂਹੇ ਜਿਨ੍ਹਾਂ ਨੇ ਅਜੇ ਦਵਾਈ ਨਹੀਂ ਖਾਧੀ ਹੁੰਦੀ ਅਤੇ ਉਹ ਚੂਹੇ ਜਿਨ੍ਹਾਂ ਨੇ ਦਵਾਈ ਦੀ ਘੱਟ ਮਾਤਰਾ ਖਾਧੀ ਹੁੰਦੀ ਹੈ ਅਤੇ ਮਰਦੇ ਨਹੀਂ, ਨੂੰ ਆਪਣੇ ਸਾਥੀ ਚੂਹਿਆਂ ਦੀ ਮੌਤ ਦੇ ਕਾਰਨ ਦਾ ਪਤਾ ਲੱਗ ਜਾਂਦਾ ਹੈ ਅਤੇ ਫਿਰ ਉਹ ਕਾਲੀ ਦਵਾਈ ਵਾਲੇ ਚੋਗ ਨੂੰ ਖਾਣਾ ਛੱਡ ਦਿੰਦੇ ਹਨ। ਚੂਹਿਆਂ ਦੀ ਯਾਦ ਸ਼ਕਤੀ ਵੀ ਬਹੁਤ ਤੇਜ਼ ਹੁੰਦੀ ਹੈ

ਇਸ ਲਈ ਦੂਜੀ ਵਾਰ ਜਿੰਕ ਫ਼ਾਸਫ਼ਾਈਡ ਵਾਲਾ ਚੋਗ ਘੱਟ ਤੋਂ ਘੱਟ ਦੋ ਮਹੀਨੇ ਦੇ ਫਾਸਲੇ ਤੇ ਪਾੳ। ਬਚੇ ਹੋਏ ਚੂਹਿਆਂ ਨੂੰ ਮਾਰਨ ਲਈ ਜਿੰਕ ਫ਼ਾਸਫ਼ਾਈਡ ਦੀ ਜਗ੍ਹਾ 10-15 ਦਿਨਾਂ ਦੇ ਵਕਫੇ ਤੇ ਬਰੋਮਾਡਾਈਲੋਨ ਦੇ ਚੋਗ ਦੀ ਵਰਤੋਂ ਕਰੋ ਜਾਂ ਫਿਰ ਦੂਜੀ ਵਾਰ ਵਾਲਾ ਜਿੰਕ ਫ਼ਾਸਫ਼ਾਈਡ ਦਾ ਚੋਗ ਪਾਉਣ ਤੋਂ ਪਹਿਲਾਂ ਖੇਤ ਵਿੱਚ 2-3 ਦਿਨਾਂ ਲਈ ਸਾਦੇ ਬਿਨਾਂ ਦਵਾਈ ਵਾਲੇ ਦਾਣੇ ਰਖ ਕੇ ਚੂਹਿਆਂ ਨੂੰ ਗੇਝ ਪਾਉ। ਇਸ ਤੋਂ ਇਲਾਵਾ ਕਿਉਂਕਿ ਘਾਹ ਫੂਸ ਤੇ ਨਦੀਨ ਵੀ ਚੂਹਿਆਂ ਨੂੰ ਖੇਤ ਵਿੱਚ ਆਉਣ ਦਾ ਸੱਦਾ ਦਿੰਦੇ ਹਨ ਇਸ ਲਈ ਨਦੀਨਾਂ ਨੂੰ ਖੇਤਾਂ ਵਿੱਚੋਂ ਅਤੇ ਵੱਟਾਂ ਉਪਰੋਂ ਸਿਫਾਰਿਸ਼ ਕੀਤੇ ਢੰਗ ਨਾਲ ਸਮੇਂ ਸਮੇਂ ਸਿਰ ਸਾਫ ਕਰਦੇ ਰਹੋ। ਚੂਹਿਆਂ ਦੀ ਰੋਕਥਾਮ ਦੇ ਚੰਗੇ ਨਤੀਜੇ ਹਾਸਲ ਕਰਨ ਲਈ ਚੂਹੇ ਮਾਰ ਮੁਹਿੰਮ ਦਾ ਪਿੰਡ ਪੱਧਰ ਤੇ ਅਪਨਾਉਣਾ ਬਹੁਤ ਜ਼ਰੂਰੀ ਹੈ ਜਿਸ ਵਿੱਚ ਇੱਕ ਪਿੰਡ ਦੇ ਸਾਰੇ ਖੇਤਾਂ, ਖਾਲੀ ਥਾਵਾਂ ਅਤੇ ਪੁਰਾਣੀਆਂ ਪੱਕੀਆਂ ਵੱਟਾਂ ਉਪਰ ਰਲ ਕੇ ਜ਼ਹਿਰੀਲਾ ਚੋਗ ਰੱਖ ਕੇ ਚੂਹਿਆਂ ਦਾ ਖਾਤਮਾ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਚੂਹੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਆ ਕੇ ਖੇਤੀ ਦਾ ਨੁਕਸਾਨ ਨਾ ਕਰ ਸਕਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।