ਮਹਿਲਾ ਟਰਾਂਸਜੈਂਡਰ ਨੇ ਕੀਤਾ ਕਾਂਸਟੇਬਲ ਅਹੁਦੇ ਲਈ ਅਪਲਾਈ

ਏਜੰਸੀ

ਖ਼ਬਰਾਂ, ਪੰਜਾਬ

ਮਹਿਲਾ ਕਾਲਮ ’ਚ ਆਨਲਾਈਨ ਐਪਲੀਕੇਸ਼ਨ ’ਚ ਸੌਰਵ ਦਾ ਨਾਂ ਕੀਤਾ ਦਰਜ

photo

 

ਚੰਡੀਗੜ੍ਹ : ਦੇਸ਼ ਦੇ ਪਹਿਲੇ ਟਰਾਂਸਜੈਂਡਰ ਸੌਰਵ ਕਿੱਟੂ ਟਾਂਕ ਨੇ ਚੰਡੀਗੜ੍ਹ ਪੁਲਿਸ ਵਿਭਾਗ ਵਿਚ ਕਾਂਸਟੇਬਲ ਦੇ ਅਹੁਦੇ ਲਈ ਅਪਲਾਈ ਕੀਤਾ ਹੈ। ਚੰਡੀਗੜ੍ਹ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਨੂੰ ਅਪੀਲ ਕਰਨ ਤੋਂ ਬਾਅਦ ਵੀ ਕੋਈ ਰਾਹਤ ਨਹੀਂ ਮਿਲੀ, ਇਸ ਲਈ ਉਨ੍ਹਾਂ ਨੇ ਆਪਣੇ ਹੱਕਾਂ ਦੀ ਲੜਾਈ ਲੜਨ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ।

ਹਾਈ ਕੋਰਟ ਨੇ ਸੌਰਵ ਨੂੰ ਅਰਜ਼ੀ ਦੇਣ ਦੇ ਹੁਕਮ ਦੇ ਕੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਨੋਟਿਸ ਜਾਰੀ ਕੀਤਾ ਹੈ। ਚੰਡੀਗੜ੍ਹ ਪੁਲਿਸ ਦੇ ਆਨਲਾਈਨ ਅਰਜ਼ੀ ਫਾਰਮ ਵਿਚ ਦੋ ਕਾਲਮ ਹਨ, ਮਰਦ ਅਤੇ ਔਰਤ। ਮਹਿਲਾ ਕਾਲਮ ਵਿਚ ਆਨਲਾਈਨ ਐਪਲੀਕੇਸ਼ਨ ’ਚ ਸੌਰਵ ਟਰਾਂਸਜੈਂਡਰ ਲਿਖ ਦਿਤਾ ਗਿਆ ਹੈ। 
ਸੌਰਵ ਨੇ ਦਸਿਆ ਕਿ 20 ਮਈ, 2023 ਨੂੰ ਚੰਡੀਗੜ੍ਹ ਪੁਲਿਸ ਵਿਭਾਗ ਵਿਚ ਕਾਂਸਟੇਬਲ ਦੇ ਅਹੁਦੇ ਲਈ ਅਪਲਾਈ ਕਰਨ ਲਈ ਇੱਕ ਇਸ਼ਤਿਹਾਰ ਆਇਆ ਸੀ। ਜਦੋਂ ਉਸ ਨੇ ਪੁਲਿਸ ਨੂੰ ਦਰਖਾਸਤ ਦੇਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਟਰਾਂਸਜੈਂਡਰ ਲਈ ਕੋਈ ਕਾਲਮ ਨਹੀਂ ਹੈ। ਸਿਰਫ਼ ਮਰਦ ਅਤੇ ਔਰਤ ਲਈ ਬਿਨੈਕਾਰ ਦਾ ਕਾਲਮ ਸੀ।

2 ਜੂਨ 2023 ਨੂੰ, ਸੌਰਵ ਨੇ ਗ੍ਰਹਿ ਸਕੱਤਰ ਅਤੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਨੂੰ ਇੱਕ ਪੱਤਰ ਲਿਖ ਕੇ ਚੰਡੀਗੜ੍ਹ ਪ੍ਰਸ਼ਾਸਨ ਵਿਚ ਅਪੀਲ ਕੀਤੀ। ਦੋਵਾਂ ਪਾਸਿਆਂ ਤੋਂ ਕੋਈ ਜਵਾਬ ਨਾ ਮਿਲਣ 'ਤੇ ਹਾਈਕੋਰਟ ਦਾ ਰੁਖ ਕੀਤਾ। ਸੌਰਵ ਨੇ ਵਕੀਲ ਰੈਨਾ ਗੋਦਰਾ ਦੇ ਦਫ਼ਤਰ ਨਾਲ ਸੰਪਰਕ ਕੀਤਾ। ਉਨ੍ਹਾਂ ਦੇ ਵਕੀਲਾਂ ਵਿਚ ਅਭਿਮਨਿਊ ਬਾਲਯਾਨ, ਨੀਲ ਰਾਬਰਟ ਅਤੇ ਪੂਜਾ ਪਾਂਡੇ ਸ਼ਾਮਲ ਸਨ।

21 ਜੂਨ 2023 ਨੂੰ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਵਿਕਰਮ ਅਗਰਵਾਲ ਦੇ ਸਾਹਮਣੇ ਪੇਸ਼ ਕੀਤਾ ਗਿਆ। ਇਸ ਦੀ ਜਾਂਚ ਵਿੱਚ ਪਾਇਆ ਗਿਆ ਕਿ ਪਟੀਸ਼ਨਰ ਪੁਲਿਸ ਵਿਭਾਗ ਵਿਚ ਕਾਂਸਟੇਬਲ ਦੇ ਅਹੁਦੇ ਲਈ ਅਪਲਾਈ ਕਰਨ ਦਾ ਇੱਛੁਕ ਅਤੇ ਯੋਗ ਹੈ।

ਅਰਜ਼ੀ ਫਾਰਮ ਵਿਚ ਟਰਾਂਸਜੈਂਡਰ ਸ਼੍ਰੇਣੀ ਦੀ ਉਪਲਬਧਤਾ ਨਾ ਹੋਣ ਕਾਰਨ ਰੁਕਾਵਟ ਆਈ ਹੈ। ਇਸ ਤੋਂ ਬਾਅਦ ਜੱਜ ਨੇ ਪੁਲਿਸ ਵਿਭਾਗ ਨੂੰ ਵੀ ਨੋਟਿਸ ਜਾਰੀ ਕਰਕੇ ਪਟੀਸ਼ਨਕਰਤਾ ਸੌਰਵ ਨੂੰ ਆਖਰੀ ਮਿਤੀ ਤੱਕ ਆਪਣਾ ਲਿੰਗ ਦੱਸ ਕੇ ਅਰਜ਼ੀ ਦੇਣ ਦੀ ਇਜਾਜ਼ਤ ਦਿਤੀ ਹੈ।

ਸੌਰਵ ਕਿੱਟੂ ਦਾ ਜਨਮ ਸੈਕਟਰ-52 ਵਿਚ ਹੋਇਆ ਸੀ। ਸੌਰਵ ਦੇ ਮਾਤਾ-ਪਿਤਾ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਮਜ਼ਦੂਰੀ ਕਰਦੇ ਸਨ। 16 ਸਾਲ ਦੀ ਉਮਰ 'ਚ ਜਦੋਂ ਸੌਰਵ ਨੂੰ ਪਤਾ ਲੱਗਾ ਕਿ ਉਹ ਟਰਾਂਸਜੈਂਡਰ ਹੈ ਤਾਂ ਉਹ ਪਰਿਵਾਰ ਦੇ ਤਾਅਨੇ 'ਤੇ ਪਰਿਵਾਰ ਨੂੰ ਛੱਡ ਕੇ ਸੈਕਟਰ-13 ਸਥਿਤ ਮਨੀਮਾਜਰਾ ਮੰਗਲਮੁਖੀ ਕਿੰਨਰ ਡੇਰੇ 'ਚ ਰਹਿਣ ਲੱਗਾ।
ਸੌਰਵ ਨੇ ਕਿਹਾ ਕਿ ਅਕਤੂਬਰ 2020 ਵਿਚ, ਉਸ ਨੇ ਲੱਦਾਖ ਵਿਚ ਸਥਿਤ ਵਰਜਿਨ ਪੀਕ ਨੂੰ ਫਤਹਿ ਕੀਤਾ। ਕਿੱਟੂ ਛੇ ਹਜ਼ਾਰ ਫੁੱਟ ਦੀ ਉਚਾਈ ਨੂੰ ਫਤਿਹ ਕਰਨ ਵਾਲਾ ਦੇਸ਼ ਦਾ ਪਹਿਲਾ ਟਰਾਂਸਜੈਂਡਰ ਬਣ ਗਿਆ ਹੈ। ਕਿੱਟੂ ਨੇ ਕਿਹਾ - ਜੇ ਮੈਂ ਛੇ ਹਜ਼ਾਰ ਫੁੱਟ ਫਤਿਹ ਕਰ ਸਕਦਾ ਹਾਂ ਤਾਂ ਪੁਲਿਸ ਨਹੀਂ ਬਣ ਸਕਦਾ?