ਮੀਂਹ ਪੈਣ ਕਾਰਨ ਮੁੜ ਜਲਥਲ ਹੋਇਆ ਬਠਿੰਡਾ ਸ਼ਹਿਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕਾਂ ਦੇ ਘਰਾਂ ਅੰਦਰ ਵੜਿਆ ਪਾਣੀ

Bathinda rain water create problems for people

ਬਠਿੰਡਾ : ਬਠਿੰਡਾ 'ਚ ਮੰਗਲਵਾਰ ਸਵੇਰੇ ਪਏ ਮੀਂਹ ਨੇ ਇਕ ਵਾਰ ਫਿਰ ਤੋਂ ਲੋਕਾਂ ਲਈ ਪ੍ਰੇਸ਼ਾਨੀ ਖੜੀ ਕਰ ਦਿੱਤੀ। ਸਵੇਰੇ ਲਗਭਗ ਇਕ ਘੰਟਾ ਪਏ ਤੇਜ਼ ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ਪਾਣੀ 'ਚ ਡੁੱਬ ਗਈਆਂ। ਪਾਣੀ ਇਕ ਵਾਰ ਫਿਰ ਲੋਕਾਂ ਦੇ ਘਰਾਂ ਅੰਦਰ ਵੜ ਗਿਆ, ਜਿਸ ਕਾਰਨ ਉਨ੍ਹਾਂ ਨੂੰ ਦੁਬਾਰਾ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਸ਼ਹਿਰ ਦੇ ਨੀਵੇਂ ਇਲਾਕੇ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਚੁੱਕੇ ਹਨ। ਸ਼ਹਿਰ ਦਾ ਮਿੰਨੀ ਸਕੱਤਰੇਤ ਰੋਡ ਤੋਂ ਇਲਾਵਾ ਐਸਐਸਪੀ, ਡੀਸੀ ਅਤੇ ਆਈਜੀ ਦੀਆਂ ਰਿਹਾਇਸ਼ਾਂ ਵੀ ਪੂਰੀ ਤਰ੍ਹਾਂ ਪਾਣੀ ਨਾਲ ਘਿਰ ਚੁੱਕੀਆਂ ਹਨ।

ਪਾਵਰ ਹਾਊਸ ਰੋਡ, ਅਜੀਤ ਰੋਡ, ਮਾਲ ਰੋਡ ਸਿਰਕੀ ਬਾਜ਼ਾਰ ਸਮੇਤ ਪਟੜੀ ਪਾਰ ਖੇਤਰ ਦਾ ਪਰਸਰਾਮ ਨਗਰ ਪਾਣੀ ਦੀ ਮਾਰ ਹੇਠ ਹੈ। ਇਨ੍ਹਾਂ ਖੇਤਰਾਂ ਦੇ ਬਹੁਤੇ ਲੋਕ ਆਪਣੇ ਘਰਾਂ ਵਿਚ ਬੰਦ ਹੋਣ ਲਈ ਮਜਬੂਰ ਹੋ ਗਏ ਹਨ। ਸ਼ਹਿਰੀ ਖੇਤਰ ਦੇ ਬਹੁਤੇ ਲੋਕ ਪਿੰਡਾਂ ਤੋਂ ਆਉਣ ਵਾਲੇ ਦੁੱਧ 'ਤੇ ਨਿਰਭਰ ਕਰਦੇ ਹਨ ਪਰ ਅੱਜ ਜ਼ਿਆਦਾ ਮੀਂਹ ਪੈਣ ਕਾਰਨ ਚਾਰੇ ਪਾਸੇ ਪਾਣੀ-ਪਾਣੀ ਜਮ੍ਹਾਂ ਹੋ ਗਿਆ ਜਿਸ ਕਾਰਨ ਕੋਈ ਵੀ ਵ੍ਹੀਕਲ ਉਕਤ ਪਾਣੀ ਵਿਚੋਂ ਲੰਘਣਾ ਬਹੁਤ ਮੁਸ਼ਕਲ ਹੈ। ਇਹੀ ਕਾਰਨ ਹੈ ਕਿ ਅੱਜ ਬਹੁਤੇ ਲੋਕਾਂ ਕੋਲ ਸਵੇਰੇ ਦੁੱਧ ਨਹੀਂ ਪੁੱਜ ਸਕਿਆ।

ਪਿਛਲੇ ਹਫ਼ਤੇ ਪਏ ਮੀਂਹ ਦਾ ਪਾਣੀ ਹਾਲੇ ਪੂਰੀ ਤਰ੍ਹਾਂ ਸੁੱਕਿਆ ਵੀ ਨਹੀਂ ਸੀ ਕਿ ਅੱਜ ਪਏ ਮੀਂਹ ਨੇ ਫਿਰ ਨੂੰ ਇਲਾਕੇ ਨੂੰ ਡੋਬ ਦਿੱਤਾ ਹੈ। ਬਹੁਤੇ ਖੇਤਰਾਂ ਕਈ-ਕਈ ਫੁੱਟ ਪਾਣੀ ਖੜ੍ਹਾ ਹੈ ਜਿਸ ਕਾਰਨ ਚਾਰੇ ਪਾਸੇ ਬਦਬੂ ਫੈਲ ਚੁੱਕੀ ਹੈ। ਮੱਖੀਆਂ ਮੱਛਰ ਦੀ ਭਰਮਾਰ ਪੈਦਾ ਹੋ ਗਈ ਹੈ। ਜੇ ਕੁਝ ਦਿਨ ਹੋਰ ਪਾਣੀ ਦੀ ਨਿਕਾਸੀ ਨਾ ਹੋਈ ਅਤੇ ਇਸੇ ਤਰ੍ਹਾਂ ਮੀਂਹ ਪੈਂਦਾ ਰਿਹਾ ਤਾਂ ਕੋਈ ਭਿਆਨਕ ਮਹਾਂਮਾਰੀ ਸ਼ਹਿਰ ਵਿਚ ਫ਼ੈਲ ਸਕਦੀ ਹੈ।

ਜ਼ਿਕਰਯੋਗ ਹੈ ਕਿ ਬਠਿੰਡਾ 'ਚ ਕੁਝ ਦਿਨ ਪਹਿਲਾਂ ਵੀ ਮੀਂਹ ਪਿਆ ਸੀ ਅਤੇ ਉਦੋਂ ਵੀ ਮੀਂਹ ਦਾ ਪਾਣੀ ਸੜਕਾਂ ਦੇ ਨਾਲ-ਨਾਲ ਲੋਕਾਂ ਦੇ ਘਰਾਂ 'ਚ ਦਾਖਲ ਹੋ ਗਿਆ ਸੀ। ਅਜੇ ਲੋਕਾਂ ਨੂੰ ਇਸ ਆਫ਼ਤ ਤੋਂ ਪੂਰੀ ਤਰ੍ਹਾਂ ਨਿਜਾਤ ਨਹੀਂ ਮਿਲੀ ਸੀ ਕਿ ਅੱਜ ਦੁਬਾਰਾ ਤਾਜ਼ਾ ਪਏ ਮੀਂਹ ਨੇ ਫਿਰ ਤੋਂ ਪਹਿਲਾਂ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ।