ਪੱਤਰਕਾਰਾਂ ’ਤੇ ਹਮਲਾ ਨਿੰਦਣਯੋਗ ਪਰ ਲੇਖੀ ਨੂੰ ਕਿਸਾਨਾਂ ਨੂੰ ਭੰਡਣ ਦਾ ਕੋਈ ਅਧਿਕਾਰ ਨਹੀਂ: ਕੈਪਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰੀ ਮੰਤਰੀ ਦੀ ਅਪਮਾਨਜਨਕ ਟਿਪਣੀ ਨੇ ਭਾਜਪਾ ਦੀ ਕਿਸਾਨ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ, ਲੇਖੀ ਦੇ ਅਸਤੀਫ਼ੇ ਦੀ ਮੰਗ ਕੀਤੀ

Captain Amarinder Singh

ਚੰਡੀਗੜ੍ਹ (ਭੁੱਲਰ): ਦਿੱਲੀ ਦੇ ਜੰਤਰ ਮੰਤਰ ’ਤੇ ਕਿਸਾਨ ਪ੍ਰਦਰਸ਼ਨ ਦੌਰਾਨ ਪੱਤਰਕਾਰ ਉਤੇ ਹੋਏ ਕਥਿਤ ਹਮਲੇ ਦੀ ਨਿੰਦਿਆਂ ਕਰਨ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਵਲੋਂ ਕਿਸਾਨਾਂ ਨੂੰ ਹੁਲੜਬਾਜ਼ ਕਹਿਣ ਲਈ ਉਸ ਦੇ ਤੁਰਤ ਅਸਤੀਫ਼ੇ ਦੀ ਮੰਗ ਕੀਤੀ ਹੈ।
ਭਾਜਪਾ ਆਗੂ ਜਿਸ ਨੇ ਪਿਛਲੇ ਕਰੀਬ ਅੱਠ ਮਹੀਨਿਆਂ ਤੋਂ ਕੇਂਦਰੀ ਖੇਤੀ ਕਾਨੂੰਨਾਂ ਵਿਰੁਧ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਅਪਮਾਨਜਨਕ ਸ਼ਬਦਾਵਲੀ ਵਰਤੀ, ਦੀ ਨਿਖੇਧੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਭਾਜਪਾ ਦੀ ਕਿਸਾਨ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਹੋਇਆ ਹੈ।

ਭਾਜਪਾ ਵਲੋਂ ਰੋਸ ਅਤੇ ਅਸਹਿਮਤੀ ਦੀਆਂ ਸਾਰੀਆਂ ਆਵਾਜ਼ਾਂ ਨੂੰ ਦਬਾਉਣ ਲਈ ਕੀਤੀਆਂ ਜਾ ਰਹੀਆਂ ਘਿਨਾਉਣੀਆਂ ਹਰਕਤਾਂ ਦੇ ਬਾਵਜੂਦ ਸੱਚਾਈ ਇਹ ਹੈ ਕਿ ਉਹ ਕਿਸਾਨਾਂ ਦੀ ਇਰਾਦੇ ਨੂੰ ਤੋੜਨ ਵਿਚ ਅਸਫ਼ਲ ਹੋਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਐਨ.ਡੀ.ਏ. ਸਰਕਾਰ ਵਲੋਂ ਕੇਂਦਰ ਵਿਰੁਧ ਉਠ ਰਹੀ ਹਰ ਇਕ ਆਵਾਜ਼ ਨੂੰ ਦਬਾਉਣ ਲਈ ਕੀਤੀਆਂ ਜਾ ਰਹੀਆਂ ਨਿਰੰਤਰ ਕੋਸ਼ਿਸ਼ਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਤਾਜ਼ਾ ਘਟਨਾਕ੍ਰਮ ਵਿਚ ਦੈਨਿਕ ਭਾਸਕਰ ਮੀਡੀਆ ਗਰੁਪ ਉਪਰ ਆਮਦਨ ਕਰ ਦਾ ਛਾਪਾ ਮਾਰਿਆ ਗਿਆ ਹੈ।

ਹੋਰ ਪੜ੍ਹੋ: ਸੰਪਾਦਕੀ: ਸਾਰੇ ਹੀ ਸਿੱਖ ਲੀਡਰਾਂ ਦਾ ਅਕਸ ਜਨਤਾ ਵਿਚ ਏਨਾ ਖ਼ਰਾਬ ਕਿਉਂ ਹੋ ਗਿਆ ਹੈ?

ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ ਕਿਸਾਨ ਪਾਰਲੀਮੈਂਟ ਕਵਰ ਕਰ ਰਹੇ ਪੱਤਰਕਾਰ ਉਤੇ ਹਮਲਾ ਕਰਨਾ ਅਫ਼ਸੋਸਨਾਕ ਹੈ ਅਤੇ ਦੋਸ਼ੀ ਵਿਅਕਤੀ 
ਵਿਰੁਧ ਕਾਰਵਾਈ ਕਰਨੀ ਚਾਹੀਦੀ ਹੈ ਪ੍ਰੰਤੂ ਕੇਂਦਰੀ ਮੰਤਰੀ ਦੀ ਪ੍ਰਤੀਕਿਰਿਆ ਪੂਰੀ ਤਰ੍ਹਾਂ ਬੇਲੋੜੀ ਤੇ ਭੜਕਾਅ ਹੈ। ਉਨ੍ਹਾਂ ਕਿਹਾ ਕਿ ਲੇਖੀ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਇਸ ਤਰੀਕੇ ਨਾਲ ਕਿਸਾਨਾਂ ਨੂੰ ਬਦਨਾਮ ਕਰੇ। ਦਿੱਲੀ ਪੁਲਿਸ ਨੂੰ ਕੇਸ ਦਰਜ ਕਰ ਕੇ ਦੋਸ਼ੀਆਂ ਦੀ ਸ਼ਨਾਖਤ ਕਰਨੀ ਚਾਹੀਦੀ ਹੈ ਅਤੇ ਕਾਨੂੰਨ ਨੂੰ ਅਪਣਾ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਇਸ ਘਟਨਾ ਨੂੰ ਲੈ ਕੇ ਇਸ ਨਿਰਦਈ ਤਰੀਕੇ ਨਾਲ ਕਿਸਾਨਾਂ ਦੀ ਆਲੋਚਨਾ ਕਰਨ ਦਾ ਕੋਈ ਅਧਿਕਾਰ ਨਹੀਂ।

ਦਿੱਲੀ ਬਾਰਡਰ ਉਤੇ ਅੰਦੋਲਨ ਸ਼ੁਰੂ ਕਰਨ ਵੇਲੇ ਤੋਂ ਲੈ ਕੇ ਵੱਖ-ਵੱਖ ਭਾਜਪਾਈ ਨੇਤਾਵਾਂ ਵਲੋਂ ਕਿਸਾਨਾਂ ਵਿਰੁਧ ਕੀਤੀਆਂ ਨਿਰਾਦਰ ਭਰੀਆਂ ਟਿਪਣੀਆਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਦੀ ਸੱਤਾ ਧਿਰ ਸ਼ੁਰੂਆਤ ਤੋਂ ਹੀ ਕਿਸਾਨਾਂ ਨੂੰ ਬਦਨਾਮ ਕਰਨ ਅਤੇ ਉਨ੍ਹਾਂ ਦੇ ਸ਼ਾਂਤਮਈ ਅੰਦੋਲਨ ਨੂੰ ਨੁਕਸਾਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਨੇ ਚੇਤੇ ਕਰਦਿਆਂ ਕਿਹਾ ਕਿ ਭਾਜਪਾ ਨੇਤਾਵਾਂ ਨੇ ਇਸ ਤੋਂ ਪਹਿਲਾਂ ਵੀ ਕਿਸਾਨਾਂ ਉਤੇ ਅਤਿਵਾਦੀ ਅਤੇ ਸ਼ਹਿਰੀ ਨਕਸਲਵਾਦੀ ਹੋਣ ਦੀਆਂ ਤੋਹਮਤਾਂ ਲਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਕਿਸਾਨਾਂ ਦੇ ਸੰਘਰਸ਼ ਨੂੰ ਕਮਜ਼ੋਰ ਕਰਨ ਵਿਚ ਨਾਕਾਮ ਰਹੀ ਜਦੋਂ ਕਿ ਕਿਸਾਨ ਅਜਿਹੇ ਤੱਤਾਂ ਦਾ ਡਟ ਕੇ ਮੁਕਾਬਲਾ ਕਰ ਰਹੇ ਹਨ ਅਤੇ ਆਪਣੇ ਹੱਕਾਂ ਲਈ ਵਿੱਢੀ ਲੜਾਈ ਵਿਚ ਬਹੁਤ ਸਾਰੀਆਂ ਜ਼ਿੰਦਗੀਆਂ ਚਲੀਆਂ ਗਈਆਂ। ਹੁਣ ਭਾਜਪਾ ਲੀਡਰਸ਼ਿਪ ਬੁਖਲਾਹਟ ਵਿਚ ਆ ਕੇ ਇਕ ਵਾਰ ਫੇਰ ਅਜਿਹੀਆਂ ਸ਼ਰਮਨਾਕ ਚਾਲਾਂ ਖੇਡ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਤੋਂ ਲੈ ਕੇ ਕਿਸਾਨਾਂ ਪ੍ਰਤੀ ਉਦਾਸੀਨ ਰਵੱਈਏ ਤੱਕ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਵਾਰ-ਵਾਰ ਸਿੱਧ ਕਰ ਦਿੱਤਾ ਕਿ ਉਸ ਨੂੰ ਅੰਨਦਾਤਿਆਂ ਦੀ ਆਵਾਜ਼ ਸੁਣਨ ਵਿਚ ਕੋਈ ਦਿਲਚਸਪੀ ਨਹੀਂ ਹੈ ਜਦਕਿ ਕਿਸਾਨਾਂ ਦੇ ਯੋਗਦਾਨ ਤੋਂ ਬਿਨਾਂ ਭਾਰਤ ਅੱਜ ਵੀ ਆਪਣੇ ਲੋਕਾਂ ਦਾ ਪੇਟ ਭਰਨ ਲਈ ਠੂਠਾ ਫੜ ਕੇ ਮੰਗ ਰਿਹਾ ਹੁੰਦਾ।