ਪਿੰਕੀ ਨੇ ਛੋਟੇ ਕੱਦ ਵਾਲੀ ਛੇਵੀਂ ਕਲਾਸ ਦੀ ਬੱਚੀ ਨੂੰ ਇੱਕ ਦਿਨ ਲਈ ਸਕੂਲ ਦਾ ਬਣਾਇਆ ਪ੍ਰਿੰਸੀਪਲ

ਏਜੰਸੀ

ਖ਼ਬਰਾਂ, ਪੰਜਾਬ

ਸਕੂਲ ਪਹੁੰਚਣ ਤੇ ਬੈਂਡ ਵਾਜਿਆਂ ਦੇ ਨਾਲ ਖੁਸ਼ੀ ਦਾ ਸਵਾਗਤ ਕੀਤਾ ਗਿਆ

Principal a young children

ਫਿਰੋਜ਼ਪੁਰ: (ਬਲਬੀਰ ਸਿੰਘ ਜੋਸਨ) ਸਕੂਲ ਪ੍ਰਿੰਸੀਪਲ ਬਣਨ ਦਾ ਸਪਨਾ ਦੇਖਣ ਵਾਲੀ ਛੇਵੀਂ ਕਲਾਸ ਦੀ 11 ਸਾਲਾ ਵਿਦਿਆਰਥਣ ਖੁਸ਼ੀ ਦਾ ਸਪਨਾ ਸੋਮਵਾਰ ਨੂੰ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਸ੍ਰ. ਪਰਮਿੰਦਰ ਸਿੰਘ ਪਿੰਕੀ ਨੇ ਪੂਰਾ ਕਰ ਦਿੱਤਾ। ਲਗਭਗ ਪੌਣੇ ਤਿੰਨ ਫੁੱਟ ਕੱਦ ਵਾਲੀ ਵਿਦਿਆਰਥਣ ਖੁਸ਼ੀ ਵਿੱਚ ਆਤਮ-ਵਿਸ਼ਵਾਸ ਅਤੇ ਆਪਣੇ ਟੀਚੇ ਨੂੰ ਹਾਸਲ ਕਰਨ ਦਾ ਹੌਂਸਲਾ ਪੈਦਾ ਕਰਨ ਦੇ ਲਈ ਸੋਮਵਾਰ ਨੂੰ ਉਸ ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਇੱਕ ਦਿਨ ਦੇ ਲਈ ਪ੍ਰਿੰਸੀਪਲ ਬਣਾਇਆ ਗਿਆ।

ਖੁਸ਼ੀ ਨੂੰ ਸੋਮਵਾਰ ਸਵੇਰੇ ਘਰ ਤੋਂ ਰਸੀਵ ਕਰਨ ਦੇ ਲਈ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਸਕੂਲ ਪ੍ਰਿੰਸੀਪਲ ਰਾਜੇਸ਼ ਮਹਿਤਾ ਖ਼ੁਦ ਪਹੁੰਚੇ। ਸਕੂਲ ਪਹੁੰਚਣ ਤੇ ਬੈਂਡ ਵਾਜਿਆਂ ਦੇ ਨਾਲ ਖੁਸ਼ੀ ਦਾ ਸਵਾਗਤ ਕੀਤਾ ਗਿਆ ਅਤੇ ਫਿਰ ਉਹ ਪ੍ਰਿੰਸੀਪਲ ਕਮਰੇ ਵਿੱਚ ਪਹੰਚ ਕੇ ਉਸ ਦੀ ਕੁਰਸੀ ਤੇ ਬੈਠੀ। ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਕੁੱਝ ਦਿਨ ਪਹਿਲਾ ਇਸ ਸਕੂਲ ਵਿੱਚ ਸਮਾਰਟ ਕਲਾਸ ਰੂਮ ਅਤੇ ਲੈਬ ਦਾ ਉਦਘਾਟਨ ਕਰਨ ਦੇ ਲਈ ਆਏ ਸਨ, ਤਦ ਉਨ੍ਹਾਂ ਦੀ ਮੁਲਾਕਾਤ ਖੁਸ਼ੀ ਨਾਲ ਹੋਈ।

ਉਨ੍ਹਾਂ ਨੂੰ ਪਤਾ ਚੱਲਿਆ ਕਿ ਬੱਚੀ ਦੇ ਪਿਤਾ ਨਹੀਂ ਹਨ ਅਤੇ ਉਹ ਬੇਹੱਦ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਬੱਚੀ ਨਾਲ ਗੱਲਬਾਤ ਕੀਤੀ ਅਤੇ ਉਹ ਉਸਦਾ ਆਤਮ ਵਿਸ਼ਵਾਸ ਦੇਖ ਕੇ ਹੈਰਾਨ ਰਹਿ ਗਏ ਅਤੇ ਬੱਚੀ ਨੇ ਦੱਸਿਆ ਕਿ ਉਹ ਵੱਡੀ ਹੋ ਕੇ ਇਸ ਸਕੂਲ ਵਿੱਚ ਪ੍ਰਿੰਸੀਪਲ ਬਣਨਾ ਚਾਹੁੰਦੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਬੱਚੀ ਦੀ ਹੌਂਸਲਾ ਅਫਜਾਈ ਅਤੇ ਆਤਮ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਉਸ ਨੂੰ ਇੱਕ ਦਿਨ ਦੇ ਲਈ ਸਕੂਲ ਦਾ ਪ੍ਰਿੰਸੀਪਲ ਬਣਾਉਣ ਦਾ ਫ਼ੈਸਲਾ ਕੀਤਾ,

ਜਿਸ ਦੇ ਤਹਿਤ ਸੋਮਵਾਰ ਨੂੰ ਖੁਸ਼ੀ ਨੂੰ ਪ੍ਰਿੰਸੀਪਲ ਬਣਾਇਆ ਗਿਆ। ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਖੁਸ਼ੀ ਨੂੰ 51 ਹਜ਼ਾਰ ਰੁਪਏ ਦੀ ਐਫ.ਡੀ.ਆਰ. ਵੀ ਕਰਵਾ ਕੇ ਦਿੱਤੀ ਗਈ ਹੈ, ਜਿਸ ਨੂੰ ਉਹ ਜ਼ਰੂਰਤ ਪੈਣ ਤੇ ਇਸਤੇਮਾਲ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਸਕੂਲ ਵਿੱਚ 1100 ਬੱਚੀਆਂ ਪੜ੍ਹ ਰਹੀਆਂ ਹਨ ਅਤੇ ਅਜਿਹਾ ਕਰਨ ਨਾਲ ਉਸ ਦਾ ਮਨੋਬਲ ਵੀ ਉੱਚਾ ਹੋਵੇਗਾ। ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਸਪੈਸ਼ਲ ਬੱਚਿਆਂ ਦੀ ਖਾਸ ਦੇਖ-ਰੇਖ ਕਰਨਾ ਅਤੇ ਉਨ੍ਹਾਂ ਦਾ ਮਨੋਬਲ ਉੱਚਾ ਰੱਖਣਾ ਸਾਡਾ ਫ਼ਰਜ਼ ਹੈ।

ਇੱਕ ਦਿਨ ਦੀ ਪ੍ਰਿੰਸੀਪਲ ਖੁਸ਼ੀ ਦੇ ਨਾਲ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸਾਰੀਆਂ ਵਿਦਿਆਰਥਣਾਂ ਅਤੇ ਹੋਰਨਾਂ ਲੋਕਾਂ ਦੇ ਨਾਲ ਸਕੂਲ ਦੀ ਇੱਕੋ ਪੰਗਤ ਵਿੱਚ ਬੈਠ ਕੇ ਲੰਗਰ ਵੀ ਛਕਿਆ। ਪ੍ਰਿੰਸੀਪਲ ਬਣਨ ਦੇ ਬਾਅਦ ਖੁਸ਼ੀ ਨੇ ਸਕੂਲ ਦਾ ਦੌਰਾ ਕੀਤਾ। ਸਕੂਲ ਵਿੱਚ ਬਣਾਏ ਗਏ ਨਵੇਂ ਵਾਟਰ ਹਾਰਵੇਸਟਿੰਗ ਸਿਸਟਮ ਦਾ ਜਾਇਜ਼ਾ ਲਿਆ ਅਤੇ ਉੱਥੇ ਮੌਜੂਦ ਸਾਰੇ ਅਧਿਕਾਰੀਆਂ ਨੂੰ ਨਵੇਂ ਸਿਸਟਮ ਦੇ ਬਾਰੇ ਵਿੱਚ ਦੱਸਿਆ।

ਖੁਸ਼ੀ ਨੇ ਸਕੂਲ ਵਿੱਚ ਆਰ.ਓ.ਸਿਸਟਮ ਅਤੇ ਮਿੱਡ.ਡੇ.ਮੀਲ ਲਈ ਸ਼ੈੱਡ ਤੇ ਛੱਤ ਲਗਾਉਣ ਦੀ ਇੱਛਾ ਜਤਾਈ, ਜਿਸ ਨੂੰ ਵਿਧਾਇਕ ਪਿੰਕੀ ਨੇ ਜਲਦ ਹੀ ਪੂਰਾ ਕਰਨ ਦਾ ਭਰੋਸਾ ਦਿਵਾਇਆ। ਵਿਧਾਇਕ ਪਿੰਕੀ ਨੇ ਪ੍ਰਸ਼ਾਸਕੀ ਅਧਿਕਾਰੀਆਂ ਨੁੰ ਜਲਦ ਤੋਂ ਜਲਦ ਇਹ ਕਾਰਜ ਕਰਨ ਦੇ ਲਈ ਕਿਹਾ। ਖੁਸ਼ੀ ਨੂੰ ਇੱਕ ਦਿਨ ਦੇ ਲਈ ਸਕੂਲ ਪ੍ਰਿੰਸੀਪਲ ਬਣਾਏ ਜਾਣ ਤੇ ਉਸ ਦੀ ਮਾਤਾ ਰੋਜ਼ੀਬਾਲਾ ਨੇ ਪ੍ਰਸੰਨਤਾ ਵਿਅਕਤ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਉਸ ਦੀ ਬੇਟੀ ਦਾ ਪ੍ਰਿੰਸੀਪਲ ਬਣਨ ਦੇ ਟੀਚੇ ਦੇ ਪ੍ਰਤੀ ਮਨੋਬਲ ਹੋਰ ਵਧੇਗਾ।

ਬੱਚੀ ਨੂੰ ਆਸ਼ੀਰਵਾਦ ਦੇਣ ਦੇ ਲਈ ਜਗਰਾਓ ਸਥਿਤ ਨਾਨਕਸਰ ਕਲੇਰਾਂ ਗੁਰਦੁਆਰਾ ਸਾਹਿਬ ਤੋਂ ਬਾਬਾ ਲੱਖਾ ਸਿੰਘ ਜੀ ਖ਼ਾਸ ਤੌਰ ਤੇ ਪਹੁੰਚੇ ਅਤੇ ਇਸ ਕੰਮ ਤੇ ਖੁਸ਼ੀ ਵਿਅਕਤ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਵਿੰਦਰਪਾਲ ਸਿੰਘ ਸੰਧੂ, ਐੱਸ.ਡੀ.ਐੱਮ. ਸ੍ਰੀ. ਅਮਿਤ ਗੁਪਤਾ,ਲਖਵਿੰਦਰ ਸਿੰਘ ਠੇਕੇਦਾਰ ਚੇਅਰਮੈਨ  ਡਿਪਟੀ ਡੀ.ਈ.ਓ. ਕੋਮਲ ਅਰੋੜਾ, ਨਗਰ ਕੌਂਸਲ ਦੇ ਈ.ਓ. ਚਰਨਜੀਤ ਸਿੰਘ, ਪੰਚਾਇਤ ਸਮਿਤੀ ਮੈਂਬਰ ਵ੍ਰਿਸ਼ਭਾਨ ਸ਼ਰਮਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।