ਮਿਲਾਵਟੀ ਭੋਜਨ ਦੀ ਜਾਂਚ ਲਈ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਮੁਹਿੰਮ ਦਾ ਆਗਾਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਹਤ ਮੰਤਰੀ ਦੇ ਨਿਰਦੇਸ਼ਾਂ ਤਹਿਤ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ

Punjab Government Launched Special drive to check adulterated food

ਚੰਡੀਗੜ: ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਨਿਰਦੇਸ਼ਾਂ ਤਹਿਤ ਚੱਲ ਰਹੇ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਖ਼ੁਰਾਕ ਤੇ ਡਰੱਗ ਪ੍ਰਬੰਧਨ ਵਿਭਾਗ ਵਲੋਂ ਮਿਲਾਵਟੀ ਖਾਧ-ਪਦਾਰਥਾਂ ਦੀ ਜਾਂਚ ਸਬੰਧੀ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। 

ਮੰਤਰੀ ਨੇ ਕਿਹਾ ਕਿ ਤਿਉਹਾਰਾਂ ਦੇ ਦਿਨਾਂ ਵਿਚ ਲੋਕਾਂ ਵਲੋਂ ਮਠਿਆਈ ਦੀ ਭਰਪੂਰ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਸਾਡੇ ਦੇਸ਼ ਵਿਚ ਖੁਸ਼ੀ ਅਤੇ ਪਿਆਰ ਸਾਂਝਾ ਕਰਨ ਲਈ ਮਠਿਆਈਆਂ ਦੇਣ-ਲੈਣ ਦਾ ਰਿਵਾਜ਼ ਹੈ। ਲੋਕ ਪਹਿਲਾਂ ਹੀ ਕੋਵਿਡ-19 ਦੇ ਸੰਕਟਕਾਲੀ ਦੌਰ ਵਿਚੋਂ ਲੰਘ ਰਹੇ ਹਨ ਇਸ ਮੌਕੇ ਦੀ ਨਜ਼ਾਕਤ ਨੂੰ ਭਾਂਪਦਿਆਂ ਸਰਕਾਰ ਨੇ  ਬਾਜ਼ਾਰ ਵਿਚ ਦੁੱਧ ਅਤੇ ਦੁੱਧ ਉਤਪਾਦਾਂ ਤੋਂ ਬਣੀਆਂ ਮਿਠਾਈਆਂ ਦੀ ਵਿਕਰੀ ’ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ।

ਖ਼ੁਰਾਕ ਤੇ ਡਰੱਗ ਪ੍ਰਬੰਧਨ ਵਿਭਾਗ ਵਲੋਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਲੋਕਾਂ ਨੂੰ ਉੱਤਮ ਦਰਜੇ ਦਾ ਖੋਇਆ ਅਤੇ ਪਨੀਰ ਹੀ ਉਪਲਬਧ ਕਰਵਾਇਆ ਜਾਵੇ।ਖ਼ੁਰਾਕ ਤੇ ਡਰੱਗ ਪ੍ਰਬੰਧਨ ਵਿਭਾਗ ਨੇ ਇਸ ਸਬੰਧ ਵਿਚ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।

ਉਹਨਾਂ ਮਿਠਾਈਆਂ ਵੇਚਣ ਵਾਲਿਆਂ ਨੂੰ ਸਲਾਹ ਦਿੱਤੀ ਕਿ ਦੁੱਧ ਅਤੇ ਖੋਏ ਤੋਂ ਬਣਨ ਵਾਲੀਆਂ ਮਿਠਾਈਆਂ ਨੂੰ ਤਿਆਰ ਕਰਨ ਸਮੇਂ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਇਹ ਮਿਠਾਈਆਂ ਮਿਲਾਵਟੀ ਜਾਂ ਘਟੀਆ ਦਰਜੇ ਦੀ ਸਮੱਗਰੀ ਤੋਂ ਨਾ ਬਣੀਆਂ ਹੋਣ ਕਿਉਂਕਿ ਸਰਕਾਰ ਕਿਸੇ ਵੀ ਕੀਮਤ ’ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ ਕਰ ਸਕਦੀ।

ਉਹਨਾਂ ਮਿਠਾਈ ਵੇਚਣ ਵਾਲਿਆਂ ਨੂੰ ਚੌਕੰਨੇ ਰਹਿਣ ਦਾ ਸੁਝਾਅ ਦਿੱਤਾ ਅਤੇ ਮਿਲਾਵਟਖ਼ੋਰੀ ਵਿਚ ਸ਼ਾਮਲ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਅੱਜ ਤੋਂ ਹੀ ਮਿਲਾਵਟਖੋਰੀ ਦੇ ਸੰਭਾਵੀ ਖ਼ਤਰੇ ਨਾਲ ਨਜਿੱਠਣ ਲਈ ਤੁਰੰਤ ਪ੍ਰਭਾਵ ਨਾਲ ਇਕ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।