ਦਿੱਲੀ ਪਹੁੰਚਣ ਤੋਂ ਬਾਅਦ ਅਰੂਸਾ ਆਲਮ ਦੇ ISI ਲਿੰਕ ਦੀ ਜਾਂਚ ਤੋਂ ਮੁਕਰੇ ਸੁਖਜਿੰਦਰ ਰੰਧਾਵਾ

ਏਜੰਸੀ

ਖ਼ਬਰਾਂ, ਪੰਜਾਬ

ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਇਹ ਦੋ ਦੇਸ਼ਾਂ ਦਾ ਮਾਮਲਾ ਹੈ, ਜਿਸ ਦੀ ਜਾਂਚ ਰਾਅ ਹੀ ਕਰ ਸਕਦੀ ਹੈ।

Captain Amarinder Singh Sukhjinder Randhawa and

ਚੰਡੀਗੜ੍ਹ: ਅਰੂਸਾ ਆਲਮ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਵਿਚਾਲੇ ਬੀਤੇ ਦਿਨ ਟਵਿਟਰ ਜੰਗ ਛਿੜ ਗਈ। ਇਸ ਦੌਰਾਨ ਦੋਵਾਂ ਆਗੂਆਂ ਨੇ ਲਗਾਤਾਰ ਟਵੀਟ ਜ਼ਰੀਏ ਇਕ ਦੂਜੇ ’ਤੇ ਹਮਲੇ ਬੋਲੇ। ਦਰਅਸਲ ਸੁਖਜਿੰਦਰ ਰੰਧਾਵਾ ਨੇ ਅਰੂਸਾ ਆਲਮ ਦੇ ਆਈਐਸਆਈ ਕਨੈਕਸ਼ਨ ਦੀ ਜਾਂਚ ਲਈ ਕਿਹਾ ਸੀ, ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਜ਼ਰੀਏ ਉਹਨਾਂ ਨੂੰ ਜਵਾਬ ਦਿੱਤਾ।

ਹਾਲਾਂਕਿ ਦਿੱਲੀ ਪਹੁੰਚਣ ਤੋਂ ਬਾਅਦ ਰੰਧਾਵਾ ਨੇ ਜਾਂਚ ਤੋਂ ਮਨ੍ਹਾਂ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਦੋ ਦੇਸ਼ਾਂ ਦਾ ਮਾਮਲਾ ਹੈ, ਜਿਸ ਦੀ ਜਾਂਚ ਰਾਅ ਹੀ ਕਰ ਸਕਦੀ ਹੈ। ਮੀਡੀਆ ਨਾਲ ਗੱਲ ਕਰਦਿਆਂ ਰੰਧਾਵਾ ਨੇ ਕਿਹਾ, ''ਇਸ ਮਾਮਲੇ ਦੀ ਕੋਈ ਜਾਂਚ ਨਹੀਂ ਹੋਈ ਹੈ। ਇਸ ਨੂੰ ਗਲਤ ਤਰੀਕੇ ਨਾਲ ਲਿਆ ਗਿਆ ਹੈ। ਮੈਨੂੰ ਲੱਗਦਾ ਹੈ ਕਿ ਇਹ ਉਹਨਾਂ ਦਾ ਆਪਣਾ ਡਰ ਹੈ। ਮੈਂ ਹਾਲ ਹੀ 'ਚ ਅਮਰਿੰਦਰ ਸਿੰਘ ਦੇ ਆਈਐਸਆਈ ਏਜੰਟ ਨਾਲ ਸਬੰਧ ਬਾਰੇ ਸਵਾਲ ਪੁੱਛਿਆ ਸੀ । ਖਾਸ ਤੌਰ 'ਤੇ ਉਸ ਦਾ ਨਾਂ ਲਿਆ ਗਿਆ। ਉਸ ਸਮੇਂ ਮੈਂ ਕਿਹਾ ਸੀ ਕਿ ਜੇਕਰ ਕੁਝ ਹੁੰਦਾ ਹੈ ਤਾਂ ਅਸੀਂ ਦੇਖਾਂਗੇ।

ਉਹਨਾਂ ਕਿਹਾ ਕਿ, “ ਮੁੱਖ ਮੰਤਰੀ ਰਹਿ ਚੁੱਕੇ ਅਮਰਿੰਦਰ ਸਿੰਘ ਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਵਿਦੇਸ਼ੀਆਂ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਰਾਅ ਵੱਲੋਂ ਕੀਤੀ ਜਾਂਦੀ ਹੈ ਨਾ ਕਿ ਸੂਬਾ ਸਰਕਾਰ ਵੱਲੋਂ। ਮੈਨੂੰ ਨਹੀਂ ਪਤਾ ਕਿ ਉਹ ਇੰਨੇ ਡਰੇ ਹੋਏ ਕਿਉਂ ਹਨ”। ਸੁਖਜਿੰਦਰ ਰੰਧਾਵਾ ਨਾਲ ਜਾਰੀ ਸ਼ਬਦੀ ਜੰਗ ਦੌਰਾਨ ਕੈਪਟਨ ਨੇ ਅਰੂਸਾ ਆਲਮ ਅਤੇ ਸੋਨੀਆ ਗਾਂਧੀ ਦੀ ਪੁਰਾਣੀ ਫੋਟੋ ਵੀ ਸ਼ੇਅਰ ਕੀਤੀ। ਦੱਸ ਦਈਏ ਕਿ ਸੁਖਜਿੰਦਰ ਰੰਧਾਵਾ ਨੇ ਬੀਤੇ ਦਿਨ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਅਰੂਸਾ ਆਲਮ ਸਾਢੇ 4 ਸਾਲ ਤੋਂ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਵਿਚ ਰਹਿ ਰਹੀ ਸੀ। ਉਹਨਾਂ ਕਿਹਾ ਕਿ ਉਹ ਡੀਜੀਪੀ ਨੂੰ ਅਰੂਸਾ ਦੇ ਆਈਐਸਆਈ ਕਨੈਕਸ਼ਨ ਦੀ ਜਾਂਚ ਲਈ ਕਹਿਣਗੇ।

ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਰੰਧਾਵਾ ਨੂੰ ਫਾਲਤੂ ਜਾਂਚ ਦੀ ਬਜਾਏ ਪੰਜਾਬ ਵਿਚ ਸ਼ਾਂਤੀ ਕਾਨੂੰਨ ਵਿਵਸਥਾ ਵੱਲ ਧਿਆਨ ਦੇਣ ਲਈ ਕਿਹਾ।
ਕੈਪਟਨ ਨੂੰ ਜਵਾਬ ਦਿੰਦਿਆਂ ਰੰਧਾਵਾ ਨੇ ਕਿਹਾ ਕਿ ਮੌੜ ਮੰਡੀ ਧਮਾਕਾ, ਬਰਗਾੜੀ ਬੇਅਦਬੀ ਅਤੇ ਨਸ਼ੇ ਦੇ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ ਫੇਲ੍ਹ ਰਹੇ। ਉਹਨਾਂ ਕਿਹਾ ਕਿਹਾ ਕਿ ਕੈਪਟਨ ਆਈਐਸਆਈ ਲਿੰਕ ਦੀ ਜਾਂਚ ਤੋਂ ਘਬਰਾ ਰਹੇ ਹਨ। ਉਹਨਾਂ ਦਾ ਵੀਜ਼ਾ ਕਿਸ ਨੇ ਸਪਾਂਸਰ ਕੀਤਾ, ਸਭ ਦੀ ਜਾਂਚ ਹੋਵੇਗੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 2007 ਵਿਚ ਅਰੂਸਾ ਸਬੰਧੀ ਜਾਂਚ ਹੋ ਚੁੱਕੀ ਹੈ। ਉਸ ਸਮੇਂ ਉਹ ਮੁੱਖ ਮੰਤਰੀ ਵੀ ਨਹੀਂ ਸਨ। ਉਦੋਂ ਯੂਪੀਏ ਸਰਕਾਰ ਦੇ ਆਦੇਸ਼ ’ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਜਾਂਚ ਕਰਕੇ ਉਹਨਾਂ ਨੂੰ ਵੀਜ਼ਾ ਦਿੱਤਾ ਸੀ। ਹੁਣ ਤੁਸੀਂ ਇਸ ’ਤੇ ਸਮਾਂ ਬਰਬਾਦ ਕਰ ਰਹੇ ਹੋ।

ਕੈਪਟਨ ਨੇ ਰੰਧਾਵਾ ਨੂੰ ਕਿਹਾ ਕਿ ਜਾਂਚ ਵਿਚ ਤੁਹਾਨੂੰ ਜੋ ਵੀ ਮਦਦ ਚਾਹੀਦੀ, ਮੈਂ ਕਰਾਂਗਾ। ਮੈਂ 16 ਸਾਲ ਤੋਂ ਅਰੂਸਾ ਦਾ ਵੀਜ਼ਾ ਸਪਾਂਸ਼ਰ ਕਰ ਰਿਹਾ ਹੈ। ਅਜਿਹੇ ਵੀਜ਼ੇ ਲਈ ਭਾਰਤੀ ਹਾਈ ਕਮਿਸ਼ਨ ਜ਼ਰੀਏ ਵਿਦੇਸ਼ ਮੰਤਰਾਲੇ ਨੂੰ ਅਰਜ਼ੀ ਭੇਜੀ ਜਾਂਦੀ ਹੈ। ਇਸ ਨੂੰ ਰਾਅ ਅਤੇ ਆਈਬੀ ਦੀ ਕਲੀਅਰੈਂਸ ਤੋਂ ਬਾਅਦ ਮਨਜ਼ੂਰ ਕੀਤਾ ਜਾਂਦਾ ਹੈ।