ਦਿੱਲੀ-ਚੱਲੋ ਪ੍ਰੋਗਰਾਮ ਵਿਚ ਕੋਈ ਤਬਦੀਲੀ ਨਹੀਂ, AIKSC ਦੀ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਸਲਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰੋਗਰਾਮ ਵਿਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਤੋਂ ਕੀਤਾ ਇਨਕਾਰ

Farmers Protest

ਚੰਡੀਗੜ੍ਹ: ਦਿੱਲੀ ਚੱਲੋ ਪ੍ਰੋਗਰਾਮ ਨੂੰ ਲੈ ਕੇ ਕਿਸਾਨਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪ੍ਰੋਗਰਾਮ ਦੀ ਸਫਲਤਾ ਲਈ ਕਿਸਾਨਾਂ ਨੂੰ ਲਾਮਬੰਦ ਕਰਨ ਸਮੇਤ ਹੋਰ ਪ੍ਰਬੰਧਾਂ ਲਈ ਕਿਸਾਨ ਆਗੂ ਦਿਨ-ਰਾਤ ਮਿਹਨਤ ਕਰ ਰਹੇ ਹਨ। ਇਸੇ ਦੌਰਾਨ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ (AIKSC) ਦੇ ਹਰੀਸ਼ ਚੰਦਰ ਬਾਗ਼ੋਾਵਾਲਾ ਨੇ ਭਾਰਤ ਭਰ ਦੇ ਕਿਸਾਨਾਂ ਨੂੰ ਸੂਚਿਤ ਕੀਤਾ ਕਿ ਸਾਂਝਾ ਦਿੱਲੀ ਚੱਲੋ ਅੰਦੋਲਨ ਪ੍ਰੋਗਰਾਮ 26-27 ਨਵੰਬਰ ਅਤੇ ਇਸ ਤੋਂ ਬਾਅਦ ਦੀ ਯੋਜਨਾ ਪਹਿਲਾਂ ਵਾਂਗ ਜਾਰੀ ਹੈ। ਪ੍ਰੋਗਰਾਮ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।

ਕਿਸਾਨ ਆਗੂਆਂ ਨੇ ਕਿਹਾ, " ਏਜੰਸੀਆਂ ਜਿਵੇਂ ਕਿ ਦਿੱਲੀ ਪੁਲਿਸ ਸ਼ਾਂਤਮਈ ਅਤੇ ਲੋਕਤੰਤਰੀ ਅੰਦੋਲਨ ਪ੍ਰੋਗਰਾਮ ਨੂੰ ਅਸਫਲ ਬਣਾਉਣ ਲਈ ਯਤਨ ਕਰ ਰਹੀਆਂ ਹਨ।" AIKSC ਨੇ ਕਿਸਾਨਾਂ ਨੂੰ ਕਿਸੇ ਗਲਤ ਜਾਣਕਾਰੀ ਅਤੇ ਵਿਗਾੜ ਯਤਨਾਂ ਵਲੋਂ ਗੁਮਰਾਹ ਜਾਂ ਭੁਲੇਖੇ ਵਿਚ ਨਾ ਪੈਣ ਦੀ ਅਪੀਲ ਕੀਤੀ। AIKSC ਸਮੇਤ ਪ੍ਰੋਗਰਾਮ ਵਿੱਚ ਸ਼ਾਮਲ ਸਾਰੀਆਂ ਫੈਡਰੇਸ਼ਨਾਂ ਅਤੇ ਸੰਸਥਾਵਾਂ ਦਿੱਲੀ ਚੱਲੋ ਅੰਦੋਲਨ ਪ੍ਰੋਗਰਾਮ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਪੂਰੇ ਯਤਨ ਕਰ ਰਹੀਆਂ ਹਨ।

ਕਾਬਲੇਗੌਰ ਹੈ ਕਿ ਬੀਤੇ ਕੱਲ੍ਹ ਇਕ ਕਿਸਾਨ ਆਗੂ ਨੇ ਫੇਸਬੁਕ ‘ਤੇ ਵੀਡੀਉ ਪਾਉਂਦਿਆਂ ਕਿਸਾਨਾਂ ਨੂੰ ਦਿੱਲੀ ਵੱਲ ਕੂਚ ਪ੍ਰੋਗਰਾਮ ਨੂੰ ਕਰੋਨਾ ਦੇ ਮੱਦੇਨਜ਼ਰ ਅੱਗੇ ਪਾਉਣ ਦੀ ਸਲਾਹ ਦਿਤੀ ਸੀ ਜਿਸ ਦਾ ਬਾਅਦ ਵਿਚ ਕਿਸਾਨ ਜਥੇਬੰਦੀਆਂ ਨੇ ਖੰਡਨ ਕੀਤਾ ਸੀ। ਕਿਸਾਨ ਜਥੇਬੰਦੀਆਂ ਮੁਤਾਬਕ ਉਪਰੋਕਤ ਆਗੂ ਨੇ ਅਜਿਹਾ ਕਰਨ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਨਾਲ ਕਿਸੇ ਕਿਸਮ ਦਾ ਵਿਚਾਰ ਵਟਾਦਰਾ ਨਹੀਂ ਸੀ ਕੀਤਾ।

ਇਸ ਤੋਂ ਇਲਾਵਾ ਕੁੱਝ ਹੋਰ ਤੱਤਂ ਵੱਲੋਂ ਵੀ ਕਿਸਾਨਾਂ ਦੇ ਐਕਸ਼ਨ ਨੂੰ ਅਸਫਲ ਬਣਾਉਣ ਲਈ ਸਰਗਰਮ ਹੋਣ ਦੀਆਂ ਕਨਸੋਆ ਸਾਹਮਣੇ ਆਈਆਂ ਸਨ, ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਫੂਕ ਫੂਕ ਕੇ ਕਦਮ ਰੱਖ ਰਹੀਆਂ ਹਨ। ਦੂਜੇ ਪਾਸੇ ਕਿਸਾਨੀ ਸੰਘਰਸ਼ ਨੂੰ ਸਮੂਹ ਲੋਕਾਈ ਦੇ ਮਿਲ ਰਹੇ ਸਾਥ ਨੇ ਕੇਂਦਰ ਸਰਕਾਰ ਦੀ ਚਿੰਤਾ ਵਧਾ ਦਿਤੀ ਹੈ। ਕੇਂਦਰ ਸਰਕਾਰ ਨੇ ਅੱਜ ਪੰਜਾਬ ਵਿਚ ਰੇਲਬੰਦੀ ਨੂੰ ਖਤਮ ਕਰਦਿਆਂ ਰੇਲਾਂ ਚਲਾ ਦਿਤੀਆਂ ਹਨ। ਇਸ ਤੋਂ ਇਲਾਵਾ ਭਾਜਪਾ ਆਗੂਆਂ ਵਲੋਂ ਐਮ.ਐਸ.ਪੀ. ਸਬੰਧੀ ਸਰਕਾਰ ਵੱਲੋਂ ਲਿਖਤੀ ਵਾਅਦਾ ਕਰਨ ਵਰਗੇ ਭਰੋਸੇ ਸਬੰਧੀ ਬਿਆਨ ਵੀ ਸਾਹਮਣੇ ਆਏ ਹਨ। ਇਸ ਸਭ ਨੂੰ ਕਿਸਾਨ-ਲਾਮਬੰਦੀ ਦੇ ਅਸਰ ਵਜੋਂ ਵੇਖਿਆ ਜਾ ਰਿਹਾ ਹੈ।