ਰਾਜਾ ਵੜਿੰਗ ਦਾ ਸੁਖਬੀਰ ਬਾਦਲ 'ਤੇ ਹਮਲਾ, 'ਪੰਜਾਬ ਨੂੰ ਲੁੱਟਣ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਸੁਪਰੀਮ ਕੋਰਟ ਤੱਕ ਲੈ ਕੇ ਜਾਣਗੇ।

Raja Warring

ਚੰਡੀਗੜ੍ਹ (ਅਮਨਪ੍ਰੀਤ ਕੌਰ): ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ-ਹਰਿਆਣਾ ਹਾਈਕੋਰਟ ਨੇ ਬੱਸਾਂ ਜ਼ਬਤ ਕਰਨ ਦੇ ਮਾਮਲੇ ਵਿਚ ਦੂਜੀ ਵਾਰ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਟਰਾਂਸਪੋਰਟ ਵਿਭਾਗ ਨੂੰ ਔਰਬਿਟ ਬੱਸ ਕੰਪਨੀ ਦੀਆਂ ਸਾਰੀਆਂ ਬੱਸਾਂ ਛੱਡਣ ਅਤੇ ਪਰਮਿਟ ਜਾਰੀ ਕਰਨ ਦੇ ਹੁਕਮ ਵੀ ਦਿੱਤੇ ਹਨ। ਇਸ ਤੋਂ ਬਾਅਦ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਸੁਪਰੀਮ ਕੋਰਟ ਤੱਕ ਲੈ ਕੇ ਜਾਣਗੇ। ਉਹਨਾਂ ਕਿਹਾ ਕਿ ਪੰਜਾਬ ਨੂੰ ਲੁੱਟਣ ਵਾਲਿਆਂ ਖਿਲਾਫ਼ ਕਾਰਵਾਈ ਜ਼ਰੂਰ ਹੋਵੇਗੀ।

ਰਾਜਾ ਵੜਿੰਗ ਨੇ ਕਿਹਾ ਕਿ ਉਹਨਾਂ ਦੀਆਂ ਬੱਸਾਂ ਇਸ ਲਈ ਜ਼ਬਤ ਕੀਤੀਆਂ ਗਈਆਂ ਸਨ ਕਿਉਂਕਿ ਉਹਨਾਂ ਨੇ ਟੈਕਸ ਨਹੀਂ ਸੀ ਭਰਿਆ। ਕੈਬਨਿਟ ਮੰਤਰੀ ਨੇ ਕਿਹਾ ਕਿ ਸੁਖਬੀਰ ਬਾਦਲ ਜਿਹੜਾ ਖੁਦ ਨੂੰ ਫੰਨੇ ਖਾਂ ਕਹਿੰਦਾ ਹੈ, ਉਸ ਕੋਲੋਂ ਵੀ ਟੈਕਸ ਭਰਵਾਇਆ ਗਿਆ ਹੈ। ਰਾਜਾ ਵੜਿੰਗ ਨੇ ਕਿਹਾ ਕਿ ਬੱਸ ਕੰਪਨੀਆਂ ਵਾਲੇ ਵੱਡੇ ਬੰਦੇ ਹਨ, ਜਿਨ੍ਹਾਂ ਦੀਆਂ ਕਦੇ ਕਿਸੇ ਨੇ ਬਸਾਂ ਨਹੀਂ ਫੜੀਆਂ ਸਨ, ਜੇਕਰ ਮੁੜ ਇਹ ਟੈਕਸ ਨਹੀਂ ਭਰਨਗੇ ਤਾਂ ਦੁਬਾਰਾ ਫੜ ਕੇ ਅੰਦਰ ਕਰ ਦੇਵਾਂਗੇ।

ਹਾਈਕੋਰਟ ਦੇ ਫੈਸਲੇ ਮਗਰੋਂ ਰਾਜਾ ਵੜਿੰਗ ਨੇ ਕਿਹਾ ਕਿ ਭਾਵੇਂ ਹਾਈਕੋਰਟ ਦਾ ਫੈਸਲਾ ਬੱਸ ਕੰਪਨੀ ਦੇ ਹੱਕ ਵਿਚ ਆਇਆ ਹੈ, ਪਰ ਉਹਨਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਹਨਾਂ ਨੇ ਔਰਬਿਟ ਟਰਾਂਸਪੋਰਟ ਕੰਪਨੀ ਤੋਂ 14 ਕਰੋੜ ਰੁਪਏ ਦਾ ਟੈਕਸ ਇਕੱਠਾ ਕੀਤਾ ਹੈ। ਇਹ ਮੇਰੀ ਪ੍ਰਾਪਤੀ ਹੈ ਕਿ ਮੈਂ ਟੈਕਸ ਚੋਰਾਂ ਦੀਆਂ ਬੱਸਾਂ ਫੜ ਕੇ ਪੰਜਾਬ ਦੇ ਖਜ਼ਾਨੇ ਵਿਚ ਪੈਸੇ ਲੈ ਕੇ ਆਇਆ। ਉਹਨਾਂ ਕਿਹਾ ਕਿ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਉਹਨਾਂ ਦੀਆਂ ਬੱਸਾਂ ਛੱਡਣ ਦੇ ਹੁਕਮ ਨਹੀਂ ਸੀ ਦੇਣੇ ਚਾਹੀਦੇ ਪਰ ਅਦਾਲਤ ਦਾ ਫੈਸਲਾ ਸਰਬਉਚ ਹੈ, ਪਰ ਮਲਾਲ ਇਸ ਗੱਲ ਦਾ ਹੈ ਕਿ ਕਰ ਚੋਰਾਂ ਨੂੰ ਹੋਰ ਸੇਕ ਲੱਗਣਾ ਚਾਹੀਦਾ ਸੀ।

ਉਹਨਾਂ ਕਿਹਾ ਕਿ ਕਿਸੇ ਵਿਅਕਤੀ ਨੂੰ ਨੋਟਿਸ ਜਾਰੀ ਹੋਣ ਦਾ ਮਤਲਬ ਇਹ ਨਹੀਂ ਕਿ ਉਹ ਦੋਸ਼ੀ ਹੈ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਜਾਰੀ ਰਹੇਗੀ। ਜ਼ਿਕਰਯੋਗ ਹੈ ਕਿ ਬੀਤੇ ਦਿਨ ਟਰਾਂਸਪੋਰਟ ਮੰਤਰੀ ਅਤੇ ਪੰਜਾਬ ਸਰਕਾਰ ਨੂੰ ਨਿਊ ਦੀਪ ਬਸ ਕੰਪਨੀ ਦੀ ਅਰਜ਼ੀ 'ਤੇ ਨੋਟਿਸ ਮਿਲਿਆ ਸੀ ਜਦਕਿ ਅੱਜ ਔਰਬਿਟ ਬਸ ਮਾਮਲੇ 'ਚ ਹਾਈਕੋਰਟ ਨੇ ਨੋਟਿਸ ਜਾਰੀ ਕੀਤਾ ਹੈ।