ਸਹੁਰੇ ਘਰ ਹੋਈ ਧੀ ਦੀ ਮੌਤ, ਪਰਿਵਾਰਕ ਮੈਂਬਰਾਂ ਨੇ ਸਹੁਰਾ ਪਰਿਵਾਰ ’ਤੇ ਲਗਾਏ ਇਲਜ਼ਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਥਾਣੇ ਸਾਹਮਣੇ ਲਾਸ਼ ਰੱਖ ਕੇ ਕੀਤਾ ਰੋਸ ਪ੍ਰਦਰਸ਼ਨ

Manpreet Kaur

 

ਮੋਗਾ: ਜ਼ਿਲ੍ਹੇ ਦੇ ਪਿੰਡ ਡਗਰੂ ਵਾਸੀਆਂ ਦੀ ਲੜਕੀ ਦੀ ਮੌਤ ਮਗਰੋਂ ਪਿੰਡ ਵਾਸੀਆਂ ਨੇ ਲਾਸ਼ ਨੂੰ ਥਾਣੇ ਲਿਜਾ ਕੇ ਰੋਸ ਪ੍ਰਦਰਸ਼ਨ ਕੀਤਾ। ਪਿੰਡ ਵਾਸੀਆਂ ਨੇ ਇਲਜ਼ਾਮ ਲਗਾਏ ਕਿ ਲੜਕੀ ਦੀ ਸਹੁਰਾ ਪਰਿਵਾਰ ਵੱਲੋਂ ਕੁੱਟਮਾਰ ਕਰਕੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਇਸ ਦੌਰਾਨ ਉਹਨਾਂ ਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ।

ਮ੍ਰਿਤਕਾ ਦੀ ਮਾਤਾ ਜਸਵਿੰਦਰ ਕੌਰ ਨੇ ਦੱਸਿਆ ਕਿ ਉਸ ਦੀ ਲੜਕੀ ਮਨਪ੍ਰੀਤ ਕੌਰ ਦਾ ਵਿਆਹ ਪਿੰਡ ਸੱਦਾ ਸਿੰਘ ਵਾਲਾ ਦੇ ਰਹਿਣ ਵਾਲੇ ਜਗਸੀਰ ਸਿੰਘ ਨਾਲ 8 ਸਾਲ ਪਹਿਲਾਂ ਹੋਇਆ ਸੀ। ਉਹਨਾਂ ਦੇ ਦੋ ਬੱਚੇ 5 ਸਾਲਾ ਲੜਕਾ ਅਤੇ ਇਕ 3 ਸਾਲਾ ਲੜਕੀ ਹੈ। ਉਹਨਾਂ ਦੱਸਿਆ ਕਿ ਸਹੁਰਾ ਪਰਿਵਾਰ ਵੱਲੋਂ ਗੱਡੀ ਦੀ ਮੰਗ ਨੂੰ ਲੈ ਕੇ ਮਨਪ੍ਰੀਤ ਕੌਰ ਦੀ ਅਕਸਰ ਕੁੱਟਮਾਰ ਕੀਤੀ ਜਾਂਦੀ ਸੀ।

ਉਹਨਾਂ ਨੇ ਆਪਣੇ ਜਵਾਈ ’ਤੇ ਧੀ ਦੇ ਕਤਲ ਦੇ ਇਲਜ਼ਾਮ ਲਗਾਏ ਹਨ। ਇਸ ਮੌਕੇ ਥਾਣਾ ਘੱਲ ਕਲਾਂ ਦੇ ਐਸਐਚਓ ਜਗਤਾਰ ਸਿੰਘ ਨੇ ਕਿਹਾ ਕਿ ਪਿੰਡ ਡਗਰੂ ਦੇ ਸਾਧੂ ਸਿੰਘ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੀ ਬੇਟੀ ਪਿੰਡ ਸਦਾ ਸਿੰਘ ਵਾਲੇ ਵਿਆਹੀ ਹੋਈ ਸੀ ਅਤੇ ਸਹੁਰਾ ਪਰਿਵਾਰ ਵੱਲੋਂ ਉਸ ਦਾ ਕਤਲ ਕੀਤਾ ਗਿਆ ਹੈ। ਪੁਲਿਸ ਨੇ ਪਰਿਵਾਰ ਦੇ ਮੈਬਰਾਂ ਦੇ ਬਿਆਨ ਦੇ ਅਧਾਰ ’ਤੇ ਮਾਮਲਾ ਦਰਜ ਕਰ ਲਿਆ ਹੈ।