ਝਾਰਖੰਡ 'ਚ ਭਾਜਪਾ ਦੀ ਹਾਰ ਤੋਂ ਕਾਂਗਰਸੀ ਬਾਗੋਬਾਗ

ਏਜੰਸੀ

ਖ਼ਬਰਾਂ, ਪੰਜਾਬ

ਕੈਬਨਿਟ ਮੰਤਰੀ ਧਰਮਸੋਤ ਦਾ ਭਾਜਪਾ 'ਤੇ ਤਿੱਖਾ ਹਮਲਾ

file photo

ਨਾਭਾ : ਝਾਰਖੰਡ ਵਿਚ ਭਾਜਪਾ ਦੀ ਹਾਰ ਤੋਂ ਵਿਰੋਧੀ ਬਾਗੋਬਾਗ ਹਨ। ਖ਼ਾਸ ਕਰ ਕੇ ਕਾਂਗਰਸ ਇਸ ਤੋਂ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਹੈ। ਇਸ ਹਾਰ ਤੋਂ ਉਤਸ਼ਾਹਿਤ ਹੁੰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਭਾਜਪਾ 'ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਧਰਮਸੋਤ ਨੇ ਭਾਜਪਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਸ ਹਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਹੰਕਾਰ ਟੁੱਟ ਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਜੋੜੀ ਵਲੋਂ ਦੇਸ਼ ਨੂੰ ਤੋੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਸਾਰੇ ਧਰਮਾਂ ਦਾ ਇਕ ਸੁੰਦਰ ਗੁਲਦਸਤਾ ਹੈ, ਜਿਸ ਨੂੰ ਤੋੜਣ ਦੀਆਂ ਅਜੋਕੇ ਸਮੇਂ ਕੋਸ਼ਿਸ਼ਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਕੇਂਦਰ ਸਰਕਾਰ ਨੇ ਜੀ.ਐਸ.ਟੀ. ਤੇ ਨੋਟਬੰਦੀ ਵਰਗੇ ਫ਼ੈਸਲੇ ਕਰ ਕੇ ਜਨਤਾ ਨੂੰ ਪ੍ਰੇਸ਼ਾਨ ਕੀਤਾ ਹੈ।

ਆਪਣੀ ਜੈਤੋ ਫੇਰੀ ਦੌਰਾਨ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੀ ਜਾ ਰਹੀ ਪਟਿਆਲਾ ਰੈਲੀ ਦੇ ਮੁੱਦੇ 'ਤੇ ਸੁਖਬੀਰ ਸਿੰਘ ਬਾਦਲ 'ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਸੁਖਬੀਰ ਵਲੋਂ ਅਫ਼ਸਰਾਂ ਨੂੰ ਧਮਕੀਆਂ ਦਿਤੀਆਂ ਜਾ ਰਹੀਆਂ ਹਨ, ਜਿਸ ਤੋਂ ਅਸੀਂ ਡਰਨ ਵਾਲੇ ਨਹੀਂ। ਉਨ੍ਹਾਂ ਕਿਹਾ ਕਿ ਇਨ੍ਹਾਂ ਵਲੋਂ ਜ਼ਿਲ੍ਹੇ ਅੰਦਰ ਨਸ਼ੇ ਵੇਚਣ ਦਾ ਕੰਮ ਕੀਤਾ ਗਿਆ ਜਦਕਿ ਕੈਪਟਨ ਸਰਕਾਰ ਵਲੋਂ ਲੋਕਾਂ ਦੇ ਭਲੇ ਦੇ ਕੰਮ ਕੀਤੇ ਜਾ ਰਹੇ ਹਨ।

ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਨੇ ਹੀ ਦੇਸ਼ ਨੂ ੰਚਲਾਇਆ ਤੇ ਚਲਾ ਰਹੀ ਹੈ। ਕਾਂਗਰਸ ਨੇ ਹਮੇਸ਼ਾ ਦੇਸ਼ ਦੀ ਰਾਖੀ ਕੀਤੀ ਹੈ। ਪੰਜਾਬ ਨੂੰ ਅਤਿਵਾਦ ਤੋਂ ਮੁਕਤ ਵੀ ਕਾਂਗਰਸ ਨੇ ਹੀ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਮਾਜ ਵਿਰੋਧੀ ਅਨਸਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਬਹੁਤ ਸਾਰੇ ਅਨਸਰਾਂ ਨੂੰ ਜੇਲ੍ਹਾਂ ਅੰਦਰ ਡੱਕਿਆ ਗਿਆ ਹੈ।