ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋਣ ਲੱਗੇ ਅਡਾਨੀ-ਅੰਬਾਨੀ ਦੇ ਪ੍ਰਾਜੈਕਟ, ਗੋਦਾਮ ਦਾ ਕੰਮ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਚਾਇਤ ਦੀ ਸਹਿਮਤੀ ਲਏ ਬਿਨਾਂ ਚੱਲ ਰਿਹਾ ਸੀ ਕੰਮ

Farmers Protest

ਗੁਰਦਾਸਪੁਰ : ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਕਿਸਾਨੀ ਸੰਘਰਸ਼ ਦਾ ਸੇਕ ਕਾਰਪੋਰੇਟ ਘਰਾਣਿਆਂ ਨੂੰ ਪਹੁੰਚਣਾ ਸ਼ੁਰੂ ਹੋ ਗਿਆ ਹੈ। ਕਿਸਾਨ ਜਥੇਬੰਦੀਆਂ ਵਲੋਂ ਅਡਾਨੀ-ਅਬਾਨੀ ਦੇ ਕਾਰੋਬਾਰੀ ਅਦਾਰਿਆਂ ਦੇ ਬਾਈਕਾਟ ਦੇ ਸੱਦੇ ਤਹਿਤ ਰਿਲਾਇਸ ਦੇ ਪਟਰੋਲ ਪੰਪਾਂ ਤੋਂ ਇਲਾਵਾ ਜੀਓ ਸਿੰਮਾਂ ਨੂੰ ਬੰਦ ਕਰਵਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸੰਘਰਸ਼ੀ ਧਿਰਾਂ ਵਲੋਂ ਕਾਰਪੋਰੇਟ ਘਰਾਣਿਆਂ ਦੇ ਮੋਬਾਈਲ ਟਾਵਰਾਂ ਨੂੰ ਵੀ ਬੰਦ ਕਰਵਾਇਆ ਜਾ ਰਿਹਾ ਹੈ। 

ਇਸ ਦੌਰਾਨ ਕਿਸਾਨਾਂ ਦਾ ਸਭ ਤੋਂ ਵੱਧ ਗੁੱਸਾ ਅੰਬਾਨੀ ਤੇ ਅਡਾਨੀ ਖਿਲਾਫ਼ ਨਿਕਲ ਰਿਹਾ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਨੇੜਲੇ ਪਿੰਡ ਛੀਨਾ ਰੇਲਵਾਲਾ ’ਚ ਕਿਸਾਨਾਂ ਨੇ ਅਡਾਨੀ ਅੰਬਾਨੀ ਗਰੁੱਪਾਂ ਵਲੋਂ ਬਣਾਏ ਜਾ ਰਹੇ ਗੁਦਾਮਾਂ ਦਾ ਕੰਮ ਰੁਕਵਾ ਦਿਤਾ ਹੈ। ਕਿਸਾਨਾਂ ਮੁਤਾਬਕ ਜਦੋਂ ਤਕ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਦਿਆਂ ਕਿਸਾਨਾਂ ਦੇ ਹੱਕ ਨਹੀਂ ਦਿੰਦੇ, ਪੰਜਾਬ ਅੰਦਰ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰੀ ਅਦਾਰਿਆਂ ਦਾ ਬਾਈਕਾਟ ਜਾਰੀ ਰਹੇਗਾ ਅਤੇ ਕਿਸੇ ਵੀ ਅਦਾਰੇ ਦਾ ਕੰਮ ਚੱਲਣ ਨਹੀਂ ਦਿਤਾ ਜਾਵੇਗਾ। ਇਸ ਦੌਰਾਨ ਕਿਸਾਨਾਂ ਨੇ ਕਾਰਪੋਰੇਟ ਘਰਾਣਿਆਂ ਵਿਰੁਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ।

ਪਿੰਡ ਛੀਨਾ ਰੇਲਵਾਲਾ ਦੇ ਸਰਪੰਚ ਨੇ ਕਿਹਾ “ਅਡਾਨੀ ਤੇ ਅੰਬਾਨੀ ਦੀ ਧੱਕੇਸ਼ਾਹੀ ਇੱਥੋਂ ਤਕ ਵੱਧ ਚੁੱਕੀ ਹੈ ਕਿ ਉਹ ਪੰਚਾਇਤ ਦੀ ਐਨਓਸੀ ਲੈਣਾ ਵੀ ਜ਼ਰੂਰੀ ਨਹੀਂ ਸਮਝਦੇ। ਇਨ੍ਹਾਂ ਵਲੋਂ ਪੰਚਾਇਤ ਦੀ ਸਹਿਮਤੀ ਤੋਂ ਬਗੈਰ ਹੀ ਪਿਛਲੇ ਦੋ ਸਾਲਾਂ ਤੋਂ ਗੁਦਾਮ ਬਣਾਉਣ ਦਾ ਕੰਮ ਚਲਾਇਆ ਜਾ ਰਿਹਾ ਹੈ ਜੋ ਹੁਣ ਕਿਸਾਨਾਂ ਨੇ ਬੰਦ ਕਰਵਾ ਦਿਤਾ ਹੈ। ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਵਲੋਂ ਪੰਚਾਇਤ ਉੱਤੇ ਸਿਆਸੀ ਦਬਾਅ ਤੋਂ ਇਲਾਵਾ ਪ੍ਰਬੰਧਕੀ ਦਬਾਅ ਵੀ ਪਾਇਆ ਜਾਂਦਾ ਹੈ। ਹੁਣ ਅਸੀਂ ਕਿਸਾਨਾਂ ਦਾ ਹਿੱਤ ਵੇਖਦੇ ਹੋਏ ਐਨਓਸੀ ਨਹੀਂ ਦਿੱਤੀ।    

ਕਾਬਲੇਗੌਰ ਹੈ ਕਿ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਕਾਰਪੋਰੇਟ ਪੱਖੀ ਮੰਨਿਆ ਜਾ ਰਿਹਾ ਹੈ। ਪੰਜਾਬ ਅੰਦਰ ਅਡਾਨੀ ਗਰੁੱਪ ਵਲੋਂ ਬਣਾਏ ਗਏ ਵੱਡੇ ਵੱਡੇ ਸੇਲੋ ਨੂੰ ਵੀ ਖੇਤੀ ਕਾਨੂੰਨਾਂ ਦੇ ਅਗਾਊਂ ਪ੍ਰਬੰਧਾਂ ਵਜੋਂ ਵੇਖਿਆ ਜਾ ਰਿਹਾ ਹੈ। ਇਨ੍ਹਾਂ ਸੇਲੋ ਅੰਦਰ ਲੱਖਾਂ ਟਨ ਅਨਾਜ ਨੂੰ ਕਈ ਸਾਲਾਂ ਤਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਬਣਾਏ ਗਏ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਕਰ ਰਹੀਆਂ ਧਿਰਾਂ ਹੁਣ ਸਰਕਾਰ ਦੇ ਨਾਲ-ਨਾਲ ਕਾਰਪੋਰੇਟ ਘਰਾਣਿਆਂ ਨਾਲ ਵੀ ਆਰ-ਪਾਰ ਦੇ ਮੂੜ ’ਚ ਹਨ। ਕਿਸਾਨਾਂ ਵਲੋਂ ਪਿਛਲੇ ਦਿਨਾਂ ਦੌਰਾਨ ਕਾਰਪੋਰੇਟਾਂ ਦੇ ਪੈਟਰੋਲ ਪੰਪ, ਟੌਲ ਪਲਾਜ਼ਿਆਂ ਸਮੇਤ ਹੋਰ ਕਾਰੋਬਾਰੀ ਅਦਾਰਿਆਂ ਦੇ ਘਿਰਾਓ ਦਾ ਸਿਲਸਿਲਾ ਅਰੰਭਿਆ ਗਿਆ ਹੈ, ਜੋ ਲਗਾਤਾਰ ਜਾਰੀ ਹੈ।