1986 ਤੋਂ ਹੀ ਸਿਆਸੀ ਲਾਹੇ ਲਈ ਕਰਵਾਈਆਂ ਜਾ ਰਹੀਆਂ ਬੇਅਦਬੀਆਂ- ਜਗਤਾਰ ਸਿੰਘ ਸੰਘੇੜਾ
"ਬੇਅਦਬੀ ਦਾ ਇਨਸਾਫ਼ ਦੇਣ ਦੇ ਦਾਅਵੇ ਕਰਨ ਵਾਲੇ ਵੀ ਰੱਜ ਕੇ ਕਰ ਰਹੇ ਸਿਆਸਤ"
ਚੰਡੀਗੜ੍ਹ (ਹਰਦੀਪ ਸਿੰਘ ਭੋਗਲ): ਪੰਜਾਬ ਵਿਚ ਆਏ ਦਿਨ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਸਿੱਖ ਭਾਈਚਾਰੇ ਵਿਚ ਬੇਹੱਦ ਚਿੰਤਾ ਪਾਈ ਜਾ ਰਹੀ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਬੇਅਦਬੀਆਂ ਦਾ ਦੌਰ ਅੱਜ ਹੀ ਨਹੀਂ ਸ਼ੁਰੂ ਹੋਇਆ ਸਗੋਂ 1986 ਤੋਂ ਹੀ ਸਿਆਸੀ ਲਾਹੇ ਲਈ ਬੇਅਦਬੀਆਂ ਕਰਵਾਈਆਂ ਜਾ ਰਹੀਆਂ ਹਨ। ਇਸ ਬਾਰੇ ਗੱਲ ਕਰਦਿਆਂ ‘ਆਪ’ ਆਗੂ ਜਗਤਾਰ ਸਿੰਘ ਸੰਘੇੜਾ ਨੇ ਦੱਸਿਆ ਕਿ 1986 ਵਿਚ ਨਕੋਦਰ ਵਿਖੇ ਇਹ ਘਟਨਾਵਾਂ ਵਾਪਰੀਆਂ ਸਨ। ਜਦੋਂ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਲਈ ਸਿੱਖਾਂ ਨੇ ਸ਼ਾਂਤਮਈ ਪ੍ਰਦਰਸ਼ਨ ਕੀਤਾ ਤਾਂ ਦੋਸ਼ੀਆਂ ਨੂੰ ਫੜ੍ਹਨ ਦੀ ਬਜਾਏ 2015 ਦੀ ਤਰ੍ਹਾਂ ਹੀ ਉਹਨਾਂ ਉੱਤੇ ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ 2 ਸਿੰਘ ਸ਼ਹੀਦ ਹੋਏ ਅਤੇ ਕਈ ਸਿੱਖ ਗੰਭੀਰ ਜ਼ਖਮੀ ਹੋਏ।
ਉਹਨਾਂ ਕਿਹਾ ਕਿ ਇਸ ਦੇ ਪਿੱਛੇ ਸਿਆਸੀ ਲੋਕ ਹਨ ਅਤੇ ਉਹਨਾਂ ਦਾ ਮਕਸਦ ਸਿਰਫ ਵੋਟਾਂ ਹਾਸਲ ਕਰਨਾ ਹੈ ਕਿਉਂਕਿ ਇਹ ਘਟਨਾਵਾਂ ਚੋਣਾਂ ਨੇੜੇ ਹੀ ਵਾਪਦੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ 1986 ਵਿਚ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੀ ਅਤੇ 2015 ਵਿਚ ਵੀ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਸੀ। ਉਹਨਾਂ ਦੱਸਿਆ 1986 ਵਿਚ ਅਕਾਲੀ ਦਲ ਦੀ ਸਰਕਾਰ ਵਿਚ ਕੈਪਟਨ ਅਮਰਿੰਦਰ ਸਿੰਘ ਕੈਬਨਿਟ ਮੰਤਰੀ ਸਨ। ਦਰਬਾਰ ਸਾਹਿਬ ਵਿਚ ਕੀਤੀ ਗਈ ਬੇਅਦਬੀ ਦੀ ਕੋਸ਼ਿਸ਼ ’ਤੇ ਚਿੰਤਾ ਜ਼ਾਹਰ ਕਰਦਿਆਂ ਉਹਨਾਂ ਕਿਹਾ ਕਿ ਸਰਕਾਰ ਨੇ ਕਿਹਾ ਸੀ ਕਿ ਦੋ ਦਿਨ ਵਿਚ ਐਸਆਈਟੀ ਅਪਣੀ ਰਿਪੋਰਟ ਪੇਸ਼ ਕਰੇਗੀ ਪਰ ਅੱਜ ਘਟਨਾ ਨੂੰ ਚਾਰ ਦਿਨ ਹੋ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ।
ਜਗਤਾਰ ਸਿੰਘ ਸੰਘੇੜਾ ਨੇ ਕਿਹਾ ਕਿ 2015 ਵਿਚ ਬੇਅਦਬੀ ਤੋਂ ਬਾਅਦ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਬੇਅਦਬੀ ਨੂੰ ਚੋਣ ਮੁੱਦਾ ਬਣਾਇਆ ਗਿਆ ਪਰ ਹੁਣ ਤੱਕ ਉਸ ਦੇ ਦੋਸ਼ੀਆਂ ਨੂੰ ਨਹੀਂ ਫੜਿਆ ਗਿਆ। ਉਹਨਾਂ ਕਿਹਾ ਕਿ ਇਹ ਸਾਡੀ ਬਦਕਿਸਮਤੀ ਹੈ ਕਿ ਸਿਆਸਤਦਾਨ ਭਾਈਚਾਰਕ ਵੰਡੀਆਂ ਪਾ ਕੇ ਅਪਣੀਆਂ ਵੋਟਾਂ ਗਿਣਨ ਵਿਚ ਲੱਗੇ ਹੋਏ ਹਨ। ਉਹਨਾਂ ਦਾ ਕਹਿਣਾ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੰਜਾਬ ਸਰਕਾਰ ’ਤੇ ਦਬਾਅ ਬਣਾਇਆ ਜਾਵੇ ਤਾਂ ਜੋ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨਾ ਵਾਪਰਨ। ਡਰੱਗ ਮਾਮਲੇ ਬਾਰੇ ਗੱਲ ਕਰਦਿਆਂ ਜਗਤਾਰ ਸਿੰਘ ਸੰਘੇੜਾ ਨੇ ਕਿਹਾ ਕਿ ਕੈਪਟਨ ਨੇ ਸਹੁੰ ਖਾਧੀ ਸੀ ਕਿ ਚਾਰ ਹਫਤਿਆਂ ਵਿਚ ਨਸ਼ਾ ਖਤਮ ਕੀਤਾ ਜਾਵੇਗਾ ਪਰ ਉਹਨਾਂ ਨੇ ਚਾਰ ਸਾਲ ਵਿਚ ਵੀ ਇਹ ਖਤਮ ਨਹੀਂ ਕੀਤਾ।
ਉਹਨਾਂ ਕਿਹਾ ਕਿ ਜਿਹੜਾ ਕੰਮ ਸਰਕਾਰ ਨੇ ਚਾਰ ਹਫ਼ਤਿਆਂ ਵਿਚ ਕਰਨਾ ਸੀ ਉਹ ਚੋਣ ਜ਼ਾਬਤੇ ਤੋਂ 7 ਦਿਨ ਪਹਿਲਾਂ ਕੀਤਾ, ਇਸ ਨੂੰ ਡਰਾਮੇਬਾਜ਼ੀ ਨਾ ਕਿਹਾ ਜਾਵੇ ਤਾਂ ਇਹ ਹੋਰ ਕੀ ਹੈ। ਉਹਨਾਂ ਕਿਹਾ ਕਿ ਇਹ ਜਾਣਬੁੱਝ ਕੇ ਕਮਜ਼ੋਰ ਕੇਸ ਬਣਾਇਆ ਗਿਆ ਹੈ। ਕਾਂਗਰਸ ਅਤੇ ਅਕਾਲੀ ਦਲ ਵਲੋਂ ਫਿਕਸ ਮੈਚ ਖੇਡਿਆ ਜਾ ਰਿਹਾ ਹੈ। ਬਿਕਰਮ ਮਜੀਠੀਆ ਖਿਲਾਫ ਕਾਰਵਾਈ ਵੀ ਲੋਕਾਂ ਦਾ ਧਿਆਨ ਭਟਕਾਉਣ ਲਈ ਕੀਤੀ ਗਈ ਹੈ। ਨਵਜੋਤ ਸਿੱਧੂ ਬਾਰੇ ਗੱਲ਼ ਕਰਦਿਆਂ ਉਹਨਾਂ ਕਿਹਾ ਕਿ ਨਵਜੋਤ ਸਿੱਧੂ ਨੇ ਕਈ ਵਾਰ ਚੰਗੇ ਮੁੱਦੇ ਚੁੱਕੇ, ਅਸੀਂ ਇਸ ਦੀ ਤਾਰੀਫ ਵੀ ਕੀਤੀ ਪਰ ਹੁਣ ਨਵਜੋਤ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਵੀ ਉਹੀ ਕੁਝ ਕਰ ਰਹੇ ਨੇ ਜੋ ਕੈਪਟਨ ਨੇ ਕੀਤਾ ਸੀ।