ਸਿੱਕਮ 'ਚ ਜਵਾਨਾਂ ਦੀ ਮੌਤ 'ਤੇ ਰਾਸ਼ਟਰਪਤੀ, PM ਅਤੇ CM ਭਗਵੰਤ ਮਾਨ ਨੇ ਜਤਾਇਆ ਦੁੱਖ

ਏਜੰਸੀ

ਖ਼ਬਰਾਂ, ਪੰਜਾਬ

ਇਸ ਹਾਦਸੇ ਵਿਚ ਤਿੰਨ ਜੂਨੀਅਰ ਕਮਿਸ਼ਨਡ ਅਫਸਰਾਂ ਅਤੇ 13 ਜਵਾਨਾਂ ਦੀ ਮੌਤ ਹੋ ਗਈ ਹੈ।

President, PM Modi and Punjab CM expresses grief at death of army personnel in Sikkim


ਨਵੀਂ ਦਿੱਲੀ: ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਕਈ ਸੀਨੀਅਰ ਆਗੂਆਂ ਨੇ ਸਿੱਕਮ 'ਚ ਸੜਕ ਹਾਦਸੇ 'ਚ ਭਾਰਤੀ ਫੌਜ ਦੇ 16 ਜਵਾਨਾਂ ਦੀ ਮੌਤ 'ਤੇ ਦੁੱਖ ਜਤਾਇਆ ਹੈ। ਰਾਸ਼ਟਰਪਤੀ ਮੁਰਮੂ ਨੇ ਟਵੀਟ ਕੀਤਾ, “ਸਿੱਕਮ ਵਿਚ ਸੜਕ ਹਾਦਸੇ ਵਿਚ ਭਾਰਤੀ ਫੌਜ ਦੇ ਬਹਾਦਰ ਜਵਾਨਾਂ ਦੀ ਮੌਤ ਤੋਂ ਬਹੁਤ ਦੁਖੀ ਹਾਂ। ਪੀੜਤ ਪਰਿਵਾਰਾਂ ਨਾਲ ਮੇਰੀ ਹਮਦਰਦੀ ਹੈ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਲਈ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ।”

ਭਾਰਤੀ ਫੌਜ ਮੁਤਾਬਕ ਤਿੰਨ ਵਾਹਨਾਂ ਦਾ ਕਾਫਲਾ ਚੈਟੇਨ ਤੋਂ ਥੰਗੂ ਵੱਲ ਜਾ ਰਿਹਾ ਸੀ। ਜ਼ੇਮਾ ਨੇੜੇ ਤਿੱਖੇ ਮੋੜ 'ਤੇ ਇਕ ਵਾਹਨ ਫਿਸਲ ਕੇ ਖੱਡ 'ਚ ਜਾ ਡਿੱਗਿਆ। ਪ੍ਰਧਾਨ ਮੰਤਰੀ ਦਫ਼ਤਰ ਨੇ ਵੀ ਟਵੀਟ ਕਰਕੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਟਵੀਟ ਵਿਚ ਪੀਐਮਓ ਨੇ ਲਿਖਿਆ, “ਅਸੀਂ ਸਿੱਕਮ ਵਿਚ ਇਕ ਸੜਕ ਹਾਦਸੇ ਵਿਚ ਫੌਜ ਦੇ ਬਹਾਦਰ ਜਵਾਨਾਂ ਦੀ ਜਾਨ ਜਾਣ ਤੋਂ ਦੁਖੀ ਹਾਂ। ਸਾਡੀ ਹਮਦਰਦੀ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹੈ। ਅਸੀਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ”।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਜਵਾਨਾਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਜ਼ਖਮੀਆਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਫੌਜ ਨੇ ਕਿਹਾ ਹੈ ਕਿ ਇਸ ਹਾਦਸੇ ਵਿਚ ਤਿੰਨ ਜੂਨੀਅਰ ਕਮਿਸ਼ਨਡ ਅਫਸਰਾਂ ਅਤੇ 13 ਜਵਾਨਾਂ ਦੀ ਮੌਤ ਹੋ ਗਈ ਹੈ। ਬਚਾਅ ਟੀਮਾਂ ਨੂੰ ਮੌਕੇ 'ਤੇ ਰਵਾਨਾ ਕਰ ਦਿੱਤਾ ਗਿਆ ਹੈ। ਚਾਰ ਜ਼ਖ਼ਮੀ ਸੈਨਿਕਾਂ ਨੂੰ ਹੈਲੀਕਾਪਟਰ ਰਾਹੀਂ ਉੱਥੋਂ ਬਾਹਰ ਕੱਢਿਆ ਗਿਆ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, “ਸਿੱਕਮ ਵਿਖੇ ਜਵਾਨਾਂ ਨਾਲ ਭਰਿਆ ਟਰੱਕ ਡੂੰਘੀ ਖੱਡ ‘ਚ ਡਿੱਗਣ ਦੀ ਖ਼ਬਰ ਦੁਖਦਾਈ ਹੈ। ਬਹਾਦਰ ਜਵਾਨਾਂ ਦੇ ਪਰਿਵਾਰਾਂ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦਾ ਹਾਂ। ਪਰਮਾਤਮਾ ਅੱਗੇ ਜਵਾਨਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਤੇ ਪਰਿਵਾਰਾਂ ਨੂੰ ਹੌਂਸਲਾ-ਹਿੰਮਤ ਦਾ ਬਲ਼ ਬਖ਼ਸ਼ਣ।  ਜ਼ਖਮੀ ਜਵਾਨਾਂ ਦੀ ਜਲਦ ਸਿਹਤਯਾਬੀ ਦੀ ਕਾਮਨਾ”।