ਸਿੰਘਾਂ ਵੱਲੋਂ ਬੁੱਤ ਤੋੜਨ ‘ਤੇ ਭਖਿਆ ਮਾਮਲਾ, ਬੁੱਤ ਲਗਾਉਣ ਸਮੇਂ ਕਿਉਂ ਚੁੱਪ ਰਹੀ SGPC ?

ਏਜੰਸੀ

ਖ਼ਬਰਾਂ, ਪੰਜਾਬ

ਉਹਨਾਂ ਕਿਹਾ ਕਿ ਜੇ ਸਰਕਾਰ ਨੇ ਬੁੱਤ ਲਾਉਣੇ ਹੀ ਸਨ ਤਾਂ ਸਿੱਖ ਜਰਨੈਲਾਂ ਅਤੇ ਕੌਮ ਦੇ...

SGPC and Baldev singh vdala

ਅੰਮ੍ਰਿਤਸਰ: ਸਿੱਖਾਂ ਦੀ ਸਿਰਮੌਰ ਸੰਸਥਾ ਕਹਾਉਣ ਵਾਲੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਸਰ ਕਈ ਗੱਲਾਂ ਨੂੰ ਲੈ ਕੇ ਸਵਾਲਾਂ ਦੇ ਘੇਰੇ ਵਿਚ ਰਹਿੰਦੀ ਹੈ। ਹੁਣ ਅੰਮ੍ਰਿਤਸਰ ਸਥਿਤ ਹੈਰੀਟੇਜ਼ ਸਟ੍ਰੀਟ ਵਿਚਲੇ ਗਿੱਧੇ ਭੰਗੜੇ ਦੇ ਬੁੱਤਾਂ ਨੂੰ ਲੈ ਕੇ ਵੀ ਸ਼੍ਰੋਮਣੀ ਕਮੇਟੀ 'ਤੇ ਉਂਗਲ ਉਠਣੀ ਸ਼ੁਰੂ ਹੋ ਗਈ ਐ ਕਿ ਅੱਜ ਇਨ੍ਹਾਂ ਬੁੱਤਾਂ ਦਾ ਵਿਰੋਧ ਕਰਨ ਵਾਲੀ ਸ਼੍ਰੋਮਣੀ ਕਮੇਟੀ ਉਦੋਂ ਕਿੱਥੇ ਸੁੱਤੀ ਪਈ ਸੀ ਜਦੋਂ ਅਕਾਲੀ ਸਰਕਾਰ ਵੇਲੇ ਇਹ ਬੁੱਤ ਇੱਥੇ ਲਗਾਏ ਗਏ ਸਨ। 

ਹੈਰਾਨੀ ਦੀ ਗੱਲ ਇਹ ਵੀ ਐ ਕਿ ਹੋਰਨਾਂ ਸਿੱਖ ਜਥੇਬੰਦੀਆਂ ਵੱਲੋਂ ਵੀ ਉਦੋਂ ਇਸ ਮੁੱਦੇ ਨੂੰ ਜ਼ੋਰ ਸ਼ੋਰ ਨਾਲ ਨਹੀਂ ਉਠਾਇਆ ਗਿਆ। ਜੇ ਕੁੱਝ ਜਥੇਬੰਦੀਆਂ ਨੇ ਮਸਲਾ ਉਠਾਇਆ ਵੀ ਸੀ ਤਾਂ ਉਹ ਕਾਵਾਂ ਰੌਲੀ ਰੋਲ ਦਿੱਤਾ ਗਿਆ ਪਰ ਅੱਜ ਉਹੀ ਸ਼੍ਰੋਮਣੀ ਕਮੇਟੀ ਪੰਜਾਬ ਸਰਕਾਰ ਨੂੰ ਇਹ ਆਖ ਰਹੀ ਹੈ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਫੈਸਲਾ ਲਿਆ ਜਾਵੇ। 2019 'ਚ ਸਿੱਖ ਸਦਭਾਵਨਾ ਦਲ ਦੇ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਬੁੱਤਾਂ ਦਾ ਜਮ ਕੇ ਵਿਰੋਧ ਕੀਤਾ ਗਿਆ ਸੀ।

ਇਹ ਅੱਜ ਤੱਕ ਲਗਾਤਾਰ ਕੀਤਾ ਜਾ ਰਿਹਾ ਹੈ ਪਰ ਉਸ ਸਮੇਂ ਸ਼੍ਰੋਮਣੀ ਕਮੇਟੀ 'ਤੇ ਇਸਦਾ ਕੋਈ ਅਸਰ ਨਹੀਂ ਹੋਇਆ। ਭਾਈ ਵਡਾਲਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦੁਨਿਆਵੀ ਗੀਤਾਂ ਨੂੰ ਥਾਂ ਨਹੀਂ ਦਿੱਤੀ ਸਗੋਂ ਸਿਖ ਸਭਿਆਚਾਰ ਦਿੱਤੇ ਹਨ। ਵਿਰਾਸਤ-ਏ-ਖਾਲਸਾ ਵਿਚ ਵੀ ਹੀਰ-ਰਾਂਝੇ ਦੇ ਗਾਣੇ ਚਲਦੇ ਹਨ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਨੌਜੁਆਨਾਂ ਵੱਲੋਂ ਗਿੱਧੇ, ਭੰਗੜੇ ਦੇ ਬੁੱਤਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ। 

ਜਿਸ 'ਤੇ ਪੁਲਿਸ ਪ੍ਰਸ਼ਾਸਨ ਅੰਮ੍ਰਿਤਸਰ ਨੇ ਉਨ੍ਹਾਂ ਨੌਜੁਆਨਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਇਰਾਦਾ ਕਤਲ ਦੀ ਧਾਰਾ 307 ਲਗਾ ਦਿੱਤੀ ਗਈ, ਜਿਸਦਾ ਸਿੱਖ ਜੱਥੇਬੰਦੀਆਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ। ਉੱਥੇ ਹੀ ਹੁਣ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਹੱਲ ਸਬੰਧੀ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਲਈ 3 ਮੈਂਬਰੀ ਕਮੇਟੀ ਬਣਾਈ ਹੈ ਅਤੇ ਸ਼੍ਰੋਮਣੀ ਕਮੇਟੀ ਸਿੱਖ ਜਜ਼ਬਾਤਾਂ ਦੀ ਹਮੇਸ਼ਾ ਤਰਜ਼ਮਾਨੀ ਕਰਦੀ ਹੈ ਅਤੇ ਕਰਦੀ ਰਹੇਗੀ। 

ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜੋ ਕੰਮ ਸਿੱਖਾਂ ਦੀ ਇਸ ਸਿਰਮੌਰ ਸੰਸਥਾ ਨੂੰ ਅੱਗੇ ਹੋ ਕੇ ਖ਼ੁਦ ਕਰਨੇ ਚਾਹੀਦੇ ਨੇ, ਉਹ ਕੰਮ ਆਮ ਸਿੱਖ ਕਰ ਰਹੇ ਨੇ। ਕਿੰਨਾ ਚੰਗਾ ਹੁੰਦਾ ਜੇ ਸ਼੍ਰੋਮਣੀ ਕਮੇਟੀ ਇਨ੍ਹਾਂ ਬੁੱਤਾਂ ਨੂੰ ਇੱਥੇ ਲੱਗਣ ਹੀ ਨਾ ਦਿੰਦੀ ਨਾ ਪੰਜਾਬ ਦਾ ਪੈਸਾ ਖ਼ਰਚ ਹੁੰਦਾ ਅਤੇ ਨਾ ਕੋਈ ਵਿਵਾਦ ਹੁੰਦਾ। ਨੌਜਵਾਨ ਆਗੂਆਂ ਨੇ ਕਿਹਾ ਕਿ ਗਿੱਧਾ-ਭੰਗੜਾ, ਨਾਚ-ਗਾਣਾ ਸਾਡਾ ਸੱਭਿਆਚਾਰ ਨਹੀਂ, ਸਾਡਾ ਸੱਭਿਆਚਾਰ ਤਾਂ ਚਮਕੌਰ ਦੀ ਗੜ੍ਹੀ ਤੇ ਸਰਹੰਦ ਦੀਆਂ ਨੀਂਹਾ ਹਨ।

ਉਹਨਾਂ ਕਿਹਾ ਕਿ ਜੇ ਸਰਕਾਰ ਨੇ ਬੁੱਤ ਲਾਉਣੇ ਹੀ ਸਨ ਤਾਂ ਸਿੱਖ ਜਰਨੈਲਾਂ ਅਤੇ ਕੌਮ ਦੇ ਮਹਾਨ ਸ਼ਹੀਦਾਂ ਦੇ ਲਾਉਂਦੀ। ਉਹਨਾਂ ਕਿਹਾ ਕਿ ਇਹਨਾਂ ਬੁੱਤਾਂ ਕਾਰਨ ਦੁਨੀਆਂ ਸਾਮ੍ਹਣੇ ਸਾਡੀ ਗਲਤ ਤਸਵੀਰ ਪੇਸ਼ ਹੋ ਰਹੀ ਸੀ ਕਿ ਸ਼ਾਇਦ ਇਹ ਨਚਾਰਾਂ ਦੀ ਕੌਮ ਹੈ। ਨੌਜਵਾਨਾਂ ਨੇ ਕਿਹਾ ਕਿ ਦਰਬਾਰ ਸਾਹਿਬ ਦੇ ਰਸਤੇ ‘ਚ ਲੱਗੇ ਗਿੱਧਾ-ਭੰਗੜਾ ਦੇ ਬੁੱਤਾਂ ਨੂੰ ਸਿੱਖ ਕੌਮ ਹਰਗਿਜ਼ ਬਰਦਾਸ਼ਤ ਨਹੀਂ ਕਰੇਗੀ।

ਅੰਮ੍ਰਿਤਸਰ ਦੀਆਂ ਸਿੱਖ ਜਥੇਬੰਦੀਆਂ ਦੇ ਆਗੂ ਉਹਨਾਂ ਅੱਠ ਨੌਜਵਾਨਾਂ ਦੀ ਸਾਰ ਲੈਣ ਲਈ ਕੋਤਵਾਲੀ ਥਾਣੇ ਵੀ ਪਹੁੰਚੇ ਜਿਨ੍ਹਾਂ ਨੂੰ ਬੁੱਤ ਤੋੜਨ ਤੋਂ ਬਾਅਦ ਪੁਲਿਸ ਨੇ ਤੁਰੰਤ ਗ੍ਰਿਫਤਾਰ ਕਰ ਲਿਆ ਸੀ। ਇਸ ਮੌਕੇ ਸਿੰਘਾਂ ਨੇ ਪੁਲਿਸ ਪ੍ਰਸ਼ਾਸਨ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ ਅਤੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow  ਕਰੋ।