ਭਗਵੰਤ ਮਾਨ ਨੇ ਜਲੰਧਰ 'ਚ ਕੀਤਾ ਡੋਰ-ਟੂ-ਡੋਰ ਪ੍ਰਚਾਰ, ਫੁੱਲਾਂ ਦੀ ਵਰਖਾ ਨਾਲ ਕੀਤਾ ਗਿਆ ਸਵਾਗਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਵਾਰ ਪੰਜਾਬ ਦੀ ਜਨਤਾ ਪੰਜਾਬ ਦੀ ਨਵੀਂ ਇਬਾਰਤ ਲਿਖੇਗੀ, ਭਾਰੀ ਬਹੁਮਤ ਨਾਲ ਪੰਜਾਬ 'ਚ ਬਣੇਗੀ ਆਮ ਆਦਮੀ ਪਾਰਟੀ ਦੀ ਸਰਕਾਰ - ਭਗਵੰਤ ਮਾਨ

Bhagwant Mann's door-to-door campaign in Jalandhar

 

ਜਲੰਧਰ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਸੋਮਵਾਰ ਨੂੰ ਜਲੰਧਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦਾ ਦੌਰਾ ਕੀਤਾ।  ਇਸ ਦੌਰਾਨ ਮਾਨ ਨੇ ਡੋਰ-ਟੂ-ਡੋਰ ਜਾ ਕੇ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ‘ਆਪ’ ਉਮੀਦਵਾਰਾਂ ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕੀਤੀ। ਮਾਨ ਨੇ ਦਾਅਵਾ ਕੀਤਾ ਕਿ "ਇਸ ਵਾਰ ਪੰਜਾਬ ਦੀ ਜਨਤਾ ਪੰਜਾਬ ਦੀ ਨਵੀਂ ਇਬਾਰਤ ਲਿਖੇਗੀ। ਪੰਜਾਬ 'ਤੇ ਦਹਾਕਿਆਂ ਤੋਂ ਰਾਜ ਕਰ ਰਹੀਆਂ ਰਵਾਇਤੀ ਪਾਰਟੀਆਂ ਦੀਆਂ ਭ੍ਰਿਸ਼ਟ ਨੀਤੀਆਂ ਅਤੇ ਲੁੱਟ ਤੋਂ ਲੋਕ ਪ੍ਰੇਸ਼ਾਨ ਹੋ ਚੁੱਕੇ ਹਨ। 20 ਫਰਵਰੀ ਨੂੰ ਪੰਜਾਬ ਦੇ ਲੋਕ ਝਾੜੂ ਦਾ ਬਟਨ ਦਬਾ ਕੇ ਭਾਰੀ ਬਹੁਮਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ।"

Bhagwant Mann's door-to-door campaign in Jalandhar

ਸੋਮਵਾਰ ਨੂੰ ਭਗਵੰਤ ਮਾਨ 'ਆਪ' ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ ਕਰਨ ਲਈ ਜਲੰਧਰ ਪੁੱਜੇ ਸਨ। ਉਨ੍ਹਾਂ ਨਕੋਦਰ ਤੋਂ ‘ਆਪ’ ਉਮੀਦਵਾਰ ਇੰਦਰਜੀਤ ਕੌਰ ਮਾਨ, ਜਲੰਧਰ ਪੱਛਮੀ ਤੋਂ ਉਮੀਦਵਾਰ ਸ਼ੀਤਲ ਅੰਗੁਰਾਲ, ਜਲੰਧਰ ਕੇਂਦਰੀ ਤੋਂ ਰਮਨ ਅਰੋੜਾ ਅਤੇ ਜਲੰਧਰ ਉੱਤਰੀ ਤੋਂ ‘ਆਪ’ ਉਮੀਦਵਾਰ ਦਿਨੇਸ਼ ਢੱਲ ਦੇ ਹੱਕ ਵਿੱਚ ਘਰ-ਘਰ ਜਾ ਕੇ ਵੋਟਾਂ ਮੰਗੀਆਂ।  ਮਾਨ ਨੂੰ ਦੇਖਣ ਲਈ ਲੋਕ 'ਚ ਕਾਫੀ਼ ਉਤਸ਼ਾਹ ਸੀ। ਥਾਂ ਥਾਂ 'ਤੇ ਲੋਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਅਤੇ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਸਮਰਥਕਾਂ ਨੇ ਉਹਨਾਂ ਦੇ ਹੱਕ ਵਿਚ ਜ਼ਿੰਦਾਬਾਦ ਦੇ ਨਾਅਰੇ ਲਾਏ।

Bhagwant Mann

ਜਲੰਧਰ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ "ਚਾਹੇ ਮਾਝਾ ਹੋਵੇ, ਦੁਆਬਾ ਜਾਂ ਮਾਲਵਾ ਹੋਵੇ , ਅੱਜ ਪੂਰਾ ਪੰਜਾਬ ਆਮ ਆਦਮੀ ਪਾਰਟੀ ਦੇ ਨਾਲ ਖੜ੍ਹਾ ਹੈ। 10 ਮਾਰਚ ਨੂੰ ਪੰਜਾਬ 'ਚ ਭਾਰੀ ਬਹੁਮਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ।" 'ਆਪ' ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੋਵੇਗੀ। ਸਾਡੀ ਸਰਕਾਰ ਪੰਜਾਬ ਸਿਰ ਚੜ੍ਹਿਆ 3 ਲੱਖ ਕਰੋੜ ਦਾ ਕਰਜ਼ਾ ਵੀ ਉਤਾਰੇਗੀ ਅਤੇ ਹਰ ਵਰਗ ਦੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਬਿਹਤਰ ਸਹੂਲਤਾਂ ਵੀ ਮੁਹੱਈਆ ਕਰਵਾਏਗੀ।

Bhagwant Mann's door-to-door campaign in Jalandhar

ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਏ ਜਾਣ 'ਤੇ ਮਾਨ ਨੇ ਪੰਜਾਬ ਦੇ ਲੋਕਾਂ ਅਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਜ਼ਿੰਮੇਵਾਰੀ ਵਧਣ ਦੇ ਨਾਲ ਉਹਨਾਂ ਦਾ ਹੌਂਸਲਾ ਵੀ ਵਧਿਆ ਹੈ।  ਪਾਰਟੀ, ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਵਿਚ ਜੋ ਵਿਸ਼ਵਾਸ ਜਤਾਇਆ ਹੈ, ਉਹ ਉਸ 'ਤੇ ਪੂਰੀ ਤਰ੍ਹਾਂ ਖ਼ਰਾ ਉਤਰਨਗੇ ਅਤੇ ਪੰਜਾਬ ਨੂੰ ਮੁੜ ਤੋਂ ਰੰਗਲਾ ਬਣਾਵਾਂਗੇ। ਇਸ ਮੌਕੇ 'ਆਪ' ਉਮੀਦਵਾਰਾਂ ਤੋਂ ਇਲਾਵਾ ਪਾਰਟੀ ਦੇ ਸਥਾਨਕ ਆਗੂ ਵੀ ਮਾਨ ਦੇ ਨਾਲ ਕਾਫ਼ਲੇ 'ਚ ਮੌਜੂਦ ਸਨ।